Wednesday, July 20, 2011

ਸੁਰਿੰਦਰ ਕੈਲੇ

ਸ਼ੀ ਸੁਰਿੰਦਰ ਕੈਲੇ ਪੰਜਾਬੀ ਮਿੰਨੀ ਕਹਾਣੀ ਦੇ ਪ੍ਰੋੜ੍ਹ ਹਸਤਾਖਰ ਹਨ। ਆਪਣੇ ਮੌਲਿਕ ਲੇਖਨ ਅਤੇ ਸੰਪਾਦਨ ਕਾਰਜ ਰਾਹੀਂ ਉਹਨਾਂ ਨੇ ਮਿੰਨੀ ਕਹਾਣੀ ਦੇ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਉਹਨਾਂ ਦੇ ਸੰਖੇਪ ਪਰੀਚੈ ਨਾਲ ਪ੍ਰਸਤੁਤ ਹਨ ਉਹਨਾਂ ਦੀਆਂ ਚਾਰ ਚਰਚਿਤ ਮਿੰਨੀ ਕਹਾਣੀਆਂ।
                                            ********

ਜਨਮ ਮਿਤੀ/ਸਥਾਨ : 15  ਨਵੰਬਰ, 1947/ ਪਿੰਡ:ਬੂਟਾਹਰੀ(ਲੁਧਿਆਣਾ)
ਪਿਤਾ/ਮਾਤਾ ਦਾ ਨਾਂ : ਸ. ਨਿਰੰਜਨ ਸਿੰਘ / ਸ਼੍ਰੀਮਤੀ ਗੁਰਦਿਆਲ ਕੌਰ
ਵਿਦਿਅਕ ਯੋਗਤਾ : ਬੀ.ਕਾਮ.
ਲੇਖਣ ਦੀਆਂ ਵਿਧਾਵਾਂ : ਮਿੰਨੀ ਕਹਾਣੀ, ਕਹਾਣੀ, ਕਵਿਤਾ, ਵਾਰਤਕ    
ਪ੍ਰਕਾਸ਼ਿਤ ਪੁਸਤਕਾਂ:
(i)
ਮੌਲਿਕ : ‘ਬੇਕਾਰ ਘੋੜਾ, ‘ਕੂੰਜਾਂਦੀ ਡਾਰ’ ਅਤੇ ਪੂਰਬ ਦੀ ਲੌਅ’ (ਮਿੰਨੀ ਕਹਾਣੀ ਸੰਗ੍ਰਹਿ) ਤੇ ‘ਧੁੰਦ ਛਟਣ ਤੋਂ ਬਾਅਦ’(ਕਹਾਣੀ ਸੰਗ੍ਰਹਿ)   
(ii)
ਸੰਪਾਦਿਤ : ਚਾਰ ਮਿੰਨੀ ਕਹਾਣੀ ਸੰਗ੍ਰਹਿ ਅਤੇ ਚਾਰ ਹੋਰ ਪੁਸਤਕਾਂ।
(iii)
ਵਿਸ਼ੇਸ਼/ਹੋਰ  : ਸਾਲ 1972 ਤੋਂ ਨਿਰੰਤਰ  ਅਣੂ(ਮਿੰਨੀ ਪਤ੍ਰਿਕਾ) ਦਾ ਸੰਪਾਦਨ ।
ਮਾਨ-ਸਨਮਾਨ : ਪੰਜਾਬ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਤ।
ਕਿੱਤਾ : ਗੱਤਾ ਮਿੱਲ
ਮੌਜੂਦਾ ਰਿਹਾਇਸ234-ਐਫ, ਸ਼ਹੀਦ ਬਗਤ ਸਿੰਘ ਨਗਰ, ਲੁਧਿਆਣਾ(ਪੰਜਾਬ)-141002
                                                        *******

1.ਸੀਰੀ
                                             
“ਕੁੜੇ ਬਸੰਤ ਕੁਰੇ, ਸੁਣਿਐ ਕੁੱਛ? ਆਹ ਤਾਂ ਰੱਬ ਨੇ ਲੋੜ੍ਹਾ ਈ ਮਾਰਿਆ,” ਅੰਦਰ ਵੜਦੀ ਗੁਆਂਢਣ ਨੇ ਗੱਲ ਸ਼ੁਰੂ ਕਰਦਿਆਂ ਕਿਹਾ।
“ਕੀ ਹੋਇਆ ਭੈਣੇ?
ਬਸੰਤ ਕੌਰ ਦੇ ਗੱਲ ਸਮਝ ਨਾ ਆਈ ਤੇ ਉਸਨੇ ਅੱਗੋਂ ਜਾਣਨਾ ਚਾਹਿਆ।
“ਹੋਣਾ ਕੀ ਸੀ। ਸਰਪੰਚ ਨੇ ਵੀਰੂ ਸਾਂਝੀ ਦੇ ਮੁੰਡੇ ਨੂੰ ਨਰਮੇ ਤੇ ਸਪਰੇ ਕਰਨ ਲਾਇਆ ਸੀ। ਉਸਨੂੰ ਦਵਾਈ ਚੜ੍ਹ ਗਈ ਤੇ ਉੱਥੇ ਈ ਬੇਹੋਸ਼ ਹੋ ਗਿਆ।”
“ਹਾਇ! ਹਾਇ! ਫੇਰ ਕੀ ਹੋਇਆ?”
“ਸਰਪੰਚ ਮੁੰਡੇ ਨੂੰ ਟਰਾਲੀ ’ਚ ਪਾ ਕੇ ਸ਼ਹਿਰ ਲੈ ਗਿਆ। ਪਰ ਉਹ ਤਾਂ ਵਿਚਾਰਾ ਰਾਹ ’ਚ ਈ ਪੂਰਾ ਹੋ ਗਿਆ।”
ਗੁਆਂਢਣ ਨੇ ਦਰਦ ਭਰੇ ਮਨ ਨਾਲ ਦਸਦਿਆਂ ਤੇ ਹਮਦਰਦੀ ਜਤਾਉਂਦਿਆਂ ਕਿਹਾ, “ਵਿਚਾਰੇ ਗਰੀਬ ਨਾਲ ਤਾਂ ਬਹੁਤ ਧੱਕਾ ਹੋਇਆ। ’ਕੱਲਾ ’ਕੱਲਾ ਜਵਾਕ ਸੀ ਵੀਰੂ ਦੇ।”
“ਤਾਂ ਹੀ ਤਾਂ ਮੈਂ ਨੀ ਆਪਣੇ ਗੁਰਿੰਦਰ ਨੂੰ ਸਪਰੇ ਤੇ ਲੱਗਣ ਦਿੰਦੀ, ਭਾਵੇਂ ਇਹਦਾ ਬਾਪੂ ਕਈ ਵਾਰ ਕਹਿੰਦਾ ਹੁੰਦੈ। ਮੈਂ ਖਹਿੜੇ ਪੈ ਜਾਂਦੀ ਆਂ ਬਈ ਭਈਏ ਥੋੜ੍ਹੇ ਨੇ ਸਪਰੇਆਂ ਨੂੰਰੱਬ ਨਾ ਕਰੇ ਜੇ ਕੋਈ ਚੰਗੀ ਮਾੜੀ ਹੋ ਜੇ। ਨਾਲੇ ਪੁੱਤ ਕਿਹੜਾ ਲੱਖੀਂ ਹਜਾਰੀਂ ਮਿਲਦੇ ਨੇ…
ਬਸੰਤ ਕੌਰ ਨੇ ਆਪਣਾ ਪੱਖ ਦਰਸਾਉਂਦਿਆਂ ਕਿਹਾ।
ਇਨ੍ਹਾਂ ਦੋਹਾਂ ਦੀਆਂ ਗੱਲਾਂ ਸੁਣ ਵਿਹੜੇ ਵਾਲੀ ਕਰਮੋ ਗੋਹਾ ਕੂੜਾ ਕਰਨੋਂ ਰੁਕ ਗਈ। ਉਹਦੀਆਂ ਅੱਖਾਂ ਵਿੱਚੋਂ ਛਮ ਛਮ ਹੰਝੂ ਚੋਣ ਲੱਗੇ। ਕਈ ਸਾਲ ਪਹਿਲਾਂ ਦੀ ਘਟਨਾ ਫਿਰ ਤਾਜ਼ਾ ਹੋ ਗਈ। ਉਸਦਾ ਇਕਲੌਤਾ ਪੁੱਤਰ ਵੀ ਇੰਜ ਹੀ ਅਜਾਈਂ ਮੌਤ ਦੇ ਮੂੰਹ ਜਾ ਪਿਆ ਸੀ। ਘੁੱਟ ਕੇ ਕਲੇਜਾ ਫੜੀ ਕਰਮੋ ਬਸੰਤ ਕੌਰ ਦੀਆਂ ਗੱਲਾਂ ਸੁਣ ਕੇ ਤੜਪ ਉੱਠੀ। ਉਹਦਾ ਰੋਹ ਆਪ ਮੁਹਾਰੇ ਫੁੱਟ ਪਿਆ, “ਜਿਹੜਾ ਮਰ ਗਿਆ ਉਹ ਕਿਹੜਾ ਕਿਸੇ ਮਾਂ ਦਾ ਪੁੱਤ ਸੀ. ਸੀਰੀ ਈ ਸੀ ਨਾ!”
                                         -0-

2.ਦਹੇਜ
                                             
ਦੀਨ ਦਿਆਲ ਦੇ ਪੁੱਤਰ ਰਤਨਪਾਲ ਦੀ ਤੀਸਰੀ ਸਗਾਈ ਦੀ ਗੱਲ ਚੱਲ ਰਹੀ ਸੀ। ਪਹਿਲੀਆਂ ਦੋ ਸਗਾਈਆਂ ਟੁੱਟ ਜਾਣ ਕਾਰਨ ਉਹ ਇਸ ਵਾਰ ਬਹੁਤ ਹੁਸ਼ਿਆਰੀ ਨਾਲ, ਹੋਏ ਬੀਤੇ ਤੋਂ ਸਬਕ ਸਿੱਖ ਫੂਕ-ਫੂਕ ਪੈਰ ਧਰ ਰਿਹਾ ਸੀ।
“ਲੜਕਾ ਪੜ੍ਹਿਆ ਲਿਖਿਆ ਤੇ ਸਰਕਾਰੀ ਨੌਕਰ ਹੈ। ਆਪਣੇ ਪਰਿਵਾਰ ਤੇ ਇਸਦੀ ਨੌਕਰੀ ਦੇ ਰੁਤਬੇ ਮੁਤਾਬਕ ਬਣਦਾ ਦਾਜ ਰੂਰ ਲੈਣਾ ਹੈ। ਸਾਡੇ ਘਰ ਟੀ.ਵੀ., ਫਰਿਜ, ਏ.ਸੀ.,ਕਾਰ ਵਗੈਰਾ ਸਾਰੀਆਂ ਸਹੂਲਤਾਂ ਹਨ। ਇਸ ਲਈ ਮੈਨੂੰ ਦਾਜ ਵਿੱਚ ਨਕਦੀ ਚਾਹੀਦੀ ਹੈ।” ਦੀਨ ਦਿਆਲ ਨੇ ਆਪਣੇ ਜੀਵਨ-ਪੱਧਰ ਨੂੰ ਬਿਆਨ ਕਰਦਿਆਂ ਨਕਦੀ ਦੀ ਮੰਗ ਰੱਖ ਦਿੱਤੀ।
“ਠੀਕ ਹੈ। ਜਿਵੇਂ ਤੁਸੀਂ ਸਹੀ ਸਮਝੋ। ਅਸੀਂ ਸਾਮਾਨ ਨਾ ਦਿੱਤਾ, ਪੈਸੇ ਦੇ ਦਿੱਤੇ, ਗੱਲ ਤਾਂ ਇੱਕੋ ਹੀ ਹੈ।”
ਕੁੜੀ ਵਾਲਿਆਂ ਸੋਚਿਆ ਮੁੰਡਾ ਸੁਨੱਖਾ, ਪੜ੍ਹਿਆ ਲਿਖਿਆ ਤੇ ਰੁਗਾਰ ਤੇ ਲੱਗਾ ਹੋਇਆ ਹੈ। ਘਰ ਵੀ ਵਧੀਆ ਹੈ। ਕੀ ਹੋਇਆ ਜੇ ਮੁੰਡੇ ਦਾ ਬਾਪ ਜਰਾ ਲਾਲਚੀ ਹੈ। ਇੱਕ ਵਾਰੀ ਪੈਸੇ ਲਾ ਕੇ ਜੇ ਕੁੜੀ ਸੁਖੀ ਰਹਿੰਦੀ ਹੈ ਤਾਂ ਨਕਦ ਦੇਣ ਵਿੱਚ ਵੀ ਕੋਈ ਹਰਜ਼ ਨਹੀਂ।
ਗੱਲਾਂ ਬਾਤਾਂ ਤੋਂ ਬਾਅਦ ਦੋਹਾਂ ਧਿਰਾਂ ਵਿਚਕਾਰ ੈਸਲਾ ਹੋਇਆ ਕਿ ਕੁੜੀ ਵਾਲੇ ਦਹੇਜ ਦੇ ਪੰਜ ਲੱਖ ਰੁਪਏ ਨਕਦ ਦੇਣਗੇ।
ਮਿੱਥੇ ਦਿਨ ਦੀਨ ਦਿਆਲ ਬਰਾਤ ਲੈ ਕੇ ਕੁੜੀ ਵਾਲਿਆਂ ਦੇ ਘਰ ਢੁੱਕ ਗਿਆ।
“ਛੇਤੀ ਕਰੋ, ਮੁੰਡੇ ਨੂੰ ਫੇਰਿਆਂ ’ਤੇ ਬਿਠਾਵੋ। ਮਹੂਰਤ ਦਾ ਸਮਾਂ ਨਿਕਲਦਾ ਜਾ ਰਿਹਾ ਹੈ।” ਪੰਡਤ ਕਾਹਲੀ ਮਚਾ ਰਿਹਾ ਸੀ।
ਦੀਨ ਦਿਆਲ ਅੜ ਗਿਆ। ਕੁੜੀ ਵਾਲਿਆਂ ਨਕਦੀ ਦਾ ਬੈਗ ਦਿੱਤਾ ਤਾਂ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ। ਕੁੜਮਾਂ ਤੋਂ ਭਰਪੂਰ ਸੇਵਾ ਕਰਵਾ, ਬਰਾਤ ਡੋਲੀ ਲੈ ਕੇ ਮੁੜਨ ਲੱਗੀ ਤਾਂ ਦੀਨ ਦਿਆਲ ਨੇ ਨੋਟਾਂ ਵਾਲਾ ਬੈਗ ਕੁੜੀ ਦੇ ਬਾਪ ਨੂੰ ਵਾਪਸ ਕਰਦਿਆਂ ਕਿਹਾ, ਇਹ ਲਓ, ਤੁਹਾਡੀ ਅਮਾਨਤ। ਤੁਹਾਡਾ ਮਾਲ ਤੁਹਾਨੂੰ ਹੀ ਵਾਪਸ ਕਰ ਰਿਹਾ ਹਾਂ।”
ਕੁੜੀ ਦਾ ਪਿਓ ਡੌਰ ਭੌਰ ਹੋਇਆ ਦੀਨ ਦਿਆਲ ਦਾ ਮੂੰਹ ਦੇਖਣ ਲੱਗਾ। ਉਹ ਡਰ ਰਿਹਾ ਸੀ ਕਿ ਇਹ ਲਾਲਚੀ ਬੰਦਾ ਹੁਣ ਕੋਈ ਹੋਰ ਮੰਗ ਨਾ ਰੱਖ ਦੇਵੇ।
ਪਰ ਦੀਨ ਦਿਆਲ ਨੇ ਸਥਿਤੀ ਨੂੰ ਸਪੱਸ਼ਟ ਕਰਦਿਆਂ ਕਿਹਾ, “ਮੇਰੇ ਲੜਕੇ ਦੀ ਪਹਿਲਾਂ ਦੋ ਵਾਰ ਸਗਾਈ ਟੁੱਟ ਗਈ ਸੀ। ਕਾਰਨ ਇਹ ਸੀ ਕਿ ਮੈਂ ਸਾਦਾ ਤੇ ਦਹੇਜ ਰਹਿਤ ਵਿਆਹ ਕਰਨਾ ਚਾਹੁੰਦਾ ਸੀ। ਇਸ ਤੋਂ ਲੜਕੀ ਵਾਲਿਆਂ ਨੂੰ ਸ਼ੱਕ ਹੋ ਜਾਂਦਾ ਕਿ ਜੋ ਪੁੰਨ ਦਾ ਵਿਆਹ ਕਰਨ ਲੱਗਾ ਹੈ, ਜ਼ਰੂਰ ਮੁੰਡੇ ਵਿੱਚ ਕੋਈ ਨੁਕਸ ਹੋਵੇਗਾ। ਮੈਂ ਤੀਜੀ ਵਾਰ ਸਗਾਈ ਟੁੱਟਣ ਨਹੀਂ ਸੀ ਦੇਣੀ ਚਾਹੁੰਦਾ, ਇਸਲਈ ਮਜਬੂਰੀ-ਵਸ ਦਹੇਜ ਮੰਗਣਾ ਪਿਆ। ਹੁਣ ਸ਼ਾਦੀ ਹੋ ਚੁੱਕੀ ਹੈ, ਇਸਲਈ ਦਹੇਜ ਵਾਪਸ ਕਰ ਰਿਹਾ ਹਾਂ।”
                                        -0-

3.ਬੌਣਾ
                                           
“ਤੂੰ ਕਿੰਨੇ ਦਿਨਾਂ ਦੀ ਕਹਿੰਦੀ ਸੀ ਕਿ ਮਸ਼ੀਨ ਠੀਕ ਕਰਵਾ ਦਿਓ। ਅੱਜ ਤਾਂ ਰੱਬ ਜਾਣੀ ਆਪ ਹੀ ਬਹੁੜਿਐ। ਆਹ ਦੇਖ, ਘਰੋ ਘਰੀਂ ਪੁਛਦਾ ਮਿਸਤਰੀ ਆਪਣੇ ਵੀ  ਗਿਆ।”
ਡਾਕਟਰ ਦੇ ਪਿੱਛੇ ਇੱਕ ਬੁਰਗ ਕਾਰੀਗਰ ਹੌਲੀ ਹੌਲੀ ਸਾਈਕਲ ਖਿੱਚੀ ਆ ਰਿਹਾ ਸੀ। ਉਸਨੇ ਸਾਈਕਲ ਕੰਧ ਨਾਲ ਖੜ੍ਹਾ ਕੀਤਾ ਅਤੇ ਸੰਦਾਂ ਵਾਲੀ ਸੰਦੂਕੜੀ ਕੈਰੀਅਰ ਤੋਂ ਲਾਹ ਕੇ ਇੱਕ ਪਾਸੇ ਬੈਠ ਗਿਆ।
“ਡਾਕਟਰ ਸਾਬ੍ਹ! ਤੁਹਾਡੇ ਪਿੰਡੋਂ ਮਰੀਜ਼ ਆਏ ਨੇ ਦਵਾਈ ਲੈਣ। ਤੇ ਆਹ ਛੱਲੀਆਂ ਵੀ ਲਿਆਏ ਨੇ ਬੱਚਿਆਂ ਲਈ।, “ ਕੰਪਾਊਡਰ ਨੇ ਸੁਨੇਹਾ ਦਿੱਤਾ ਅਤੇ ਛੱਲੀਆਂ ਰਸੋਈ ਵਿੱਚ ਰੱਖਣ ਚਲਾ ਗਿਆ।
ਡਾਕਟਰ ਦਾ ਜਨਮ ਤੇ ਪਾਲਣ ਪੋਸ਼ਣ ਇੱਕ ਪਿੰਡ ਵਿੱਚ ਹੋਇਆ ਸੀ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਉਸਦੇ ਬਾਪ ਨੇ ਪੜ੍ਹਾਈ ਲਈ ਪੂਰਾ ੋਰ ਲਾ ਦਿੱਤਾ; ਇੱਥੋਂ ਤੱਕ ਕੇ ਆਪਣਾ ਘਰ ਵੀ ਗਹਿਣੇ ਰੱਖ ਦਿੱਤਾ ਸੀ। ਡਾਕਟਰ ਨੇ ਪੜ੍ਹਾਈ ਖਤਮ ਕਰਕੇ ਪਿੰਡ ਵਿੱਚ ਹੀ ਦੁਕਾਨ ਖੋਲ੍ਹ ਲਈ। ਪਰ ਗਾਹਕੀ ਘੱਟ ਹੋਣ ਕਰਕੇ ਉਹ ਸ਼ਹਿਰ ਵਿੱਚ ਆ ਵਸਿਆ। ਸ਼ਹਿਰ ਵਿੱਚ ਉਸਦੀ ਡਾਕਟਰੀ ਚੰਗੀ ਚੱਲ ਪਈ। ਉਹਨੇ ਗਹਿਣੇ ਪਿਆ ਘਰ ਹੀ ਨਹੀਂ ਛੁਡਵਾਇਆ ਸਗੋਂ ਇੱਕ ਕੋਠੀ ਵੀ ਬਣਾ ਲਈ ਸੀ।
“ਬੀਬੀ! ਮਸ਼ੀਨ ਤਾਂ ਡਾਢੀ ਪੁਰਾਣੀ ਲਗਦੀ ਐ।” ਸਿਲਾਈ ਮਸ਼ੀਨ ਦੇ ਪੁਰਜਿਆਂ ਦੀ ਜਾਂਚ ਕਰਦੇ ਮਿਸਤਰੀ ਨੇ ਕਿਹਾ।
“ਮੇਰੇ ਦਾਜ ਦੀ ਏ! ਕੰਮ ਕਦੀ ਕਦਾਈਂ ਕਰੀਦਾ, ਇਸੇ ਕਰਕੇ ਪਈ ਪਈ ਜਾਮ ਹੋ ਗਈ।”
“ਬੀਬੀ! ਥੋਡਾ ਪਿੰਡ ਕਿੱਥੋਂ ਦਾ?”
“ਡਾਕਟਰ ਸਾਬ੍ਹ ਦਾ ਪਿੰਡ ਤਾਂ ਨੰਦਗੜ੍ਹ ਹੈ। ਨੰਦਗੜ੍ਹ ਪਸ਼ੌਰਾ। ਤੇ ਮੇਰੇ ਪੇਕੇ ਬੇਗੋਵਾਲ ਨੇ।”
“ਕੇੜ੍ਹੇ ਬੇਗੋਵਾਲ? ਦੁਰਾਹੇ ਵਾਲੇ?”
“ਹਾਂ। ਮੈਂ ਨੰਬਰਦਾਰ ਚਨੰਣ ਸਿੰਘ ਦੀ ਪੋਤੀ ਆਂ।”
“ਮੇਰਾ ਪਿੰਡ ਵੀ ਬੇਗੋਵਾਲ ਈ ਆ। ਮੇਰੇ ਭਾਈਆ ਨੱਥੂ ਰਾਮ ਦੀ ਨੰਬਰਦਾਰ ਹੋਰਾਂ ਨਾਲ ਚੰਗੀ ਉੱਠਣੀ ਬੈਠਣੀ ਸੀ।”
“ਮੇਰੇ ਨਿੱਕੇ ਹੁੰਦਿਆਂ ਬਾਪੂ ਜੀ ਸਵਰਗਵਾਸ ਹੋ ਗਏ ਸੀ ਤੇ ਮੈਂ ਬਹੁਤਾ ਨਾਨਕੀਂ ਹੀ ਰਹੀ ਹਾਂ। ਇਸੇ ਕਰਕੇ ਪਿੰਡ ਦਾ ਬਹੁਤਾ ਪਤਾ ਨਹੀਂ।” ਡਾਕਟਰਨੀ ਨੇ ਉਸਨੂੰ ਪਛਾਣ ਨਾ ਸਕਣ ਦੀ ਮਜਬੂਰੀ ਦੱਸੀ।
“ਦੱਸੇ ਤੋਂ ਈ ਪਤਾ ਲਗਦੈ। ਇਉਂ ਤਾਂ ਭਾਮੇ ਕੋਈ ਕੋਲ ਬੈਠਾ ਰਹੇ, ਕੀ ਪਤਾ ਲਗਦੈ ਕੌਣ ਏ। ਲੈ ਭੈਣੇ! ਮਸ਼ੀਨ ਤਾਂ ਤੇਰੀ ਹੋ ਗਈ ਠੀਕ।”
ਮਿਸਤਰੀ ਨੇ ਪੁਰਾਣੇ ਕੱਪੜੇ ਨਾਲ ਹੱਥ ਪੂੰਝਦਿਆਂ ਕਿਹਾ।
“ਕਿੰਨੇ ਪੈਸੇ ਬਾਬਾ?” ਡਾਕਟਰਨੀ ਨੇ ਮੋਹ ਭਰੇ ਅੰਦਾਜ਼ ਵਿੱਚ ਪੁੱਛਿਆ
“ਤੂੰ ਤਾਂ ਮੇਰੇ ਪਿੰਡ ਦੀ ਐਂ। ਮੈਂ ਭੈਣ ਤੋਂ ਪੈਸੇ ਕਿਮੇ ਲੈ ਸਕਦਾਂ?”
ਡਾਕਟਰਨੀ ਨੇ ਬੜਾ ਜ਼ੋਰ ਲਾਇਆ, ਪਰ ਕਾਰੀਗਰ ਨੇ ਮਿਹਨਤਾਨਾ ਲੈਣ ਤੋਂ ਉੱਕਾ ਹੀ ਨਾਂਹ ਕਰ ਦਿੱਤੀ।
ਡਾਕਟਰਨੀ ਨੇ ਦਵਾਖਾਨੇ ’ਚੋਂ ਵਾਪਸ ਆਉਂਦੇ ਡਾਕਟਰ ਨੂੰ ਸੰਬੋਧਨ ਕਰਦਿਆਂ, ਖੁਸ਼ੀ, ਮਾਣ ਅਤੇ ਅਪਣੱਤ ਭਰੇ ਮਨ ਨਾਲ ਕਿਹਾ, “ਆਹ ਦੇਖੋ ਜੀ! ਬਾਬਾ ਪੈਸੇ ਨੀ ਲੈਂਦਾ। ਮੇਰੇ ਪੇਕਿਆਂ ਦਾ ਹੈ ਨਾ ਇਸਲਈ।”
ਸੁਣਦਿਆਂ ਹੀ ਡਾਕਟਰ ਨੂੰ ਪਸੀਨਾ ਆ ਗਿਆ। ਖੜ੍ਹੇ ਰਹਿਣਾ ਉਸ ਲਈ ਮੁਸ਼ਕਿਲ ਹੋ ਗਿਆ ਤੇ ਉਹ ਧੜੱਮ ਕਰਦਾ ਕੋਲ ਪਈ ਕੁਰਸੀ’ਚ ਡਿੱਗ ਪਿਆ। ਉਸਨੂੰ ਮਿਸਤਰੀ ਦੇ ਸਾਹਮਣੇ ਆਪਣਾ ਆਪਾ ਬੌਣਾ ਲੱਗ ਰਿਹਾ ਸੀ ਕਿਉਂਕਿ ਉਹ ਆਪਣੇ ਪਿੰਡੋਂ ਬੱਚਿਆਂ ਲਈ ਛੱਲੀਆਂ ਲੈ ਕੇ ਆਏ ਮਰੀਜ਼ਾਂ ਨੂੰ ਸੈਂਪਲ ਵਾਲੀਆਂ ਦਵਾਈਆਂ ਵੀ ਵੇਚ ਆਇਆ ਸੀ।
                                          -0-

4.ਕੋਈ ਹਰਿਆ ਬੂਟ
                                           
ਓਏ ਮਿਸਤਰੀ! ਜੀਪ ’ਚ ਬੈਠ ਤੇ ਥਾਣੇ ਚੱਲ।”
ਥਾਣੇ ਤੋਂ ਹਟਵੀਂ ਇੱਕ ਨਵੀਂ ਬਣ ਰਹੀ ਕੋਠੀ ਵਿੱਚ ਕੰਮ ਕਰਦੇ ਮਿਸਤਰੀ ਨੇ ਜਿਉਂ ਹੀ ਥੱਲੇ ਨਜ਼ਰ ਮਾਰੀ, ਚਾਰ ਪੰਜ ਪੁਲੀਸ ਵਾਲਿਆਂ ਨੂੰ ਦੇਖ, ਸਿਰ ਤੋਂ ਪੈਰਾਂ ਤੱਕ ਕੰਬ ਗਿਆ।
‘ਮੈਂ ਤਾਂ ਕਦੇ ਕਿਸੇ ਨਾਲ ਬੋਲ ਬੁਲਾਰਾ ਵੀ ਨਹੀਂ ਕੀਤਾ, ਫਿਰ ਇਹ ਪੁਲੀਸ ਕਿਉਂ?’ ਮਿਸਤਰੀ ਘਬਰਾਹਟ ਵਿੱਚ ਮਨ ਅੰਦਰ ਸੋਚਣ ਲੱਗਾ।
“ਐਵੇਂ ਮਾੜਾ ਜਿਹਾ ਕੰਮ ਹੈ। ਸ਼ਾਮ ਨੂੰ ਡੀ.ਆਈ. ਜੀ ਸਾਹਿਬ ਨੇ ਆਉਣਾ ਹੈ। ਥਾਣੇ ਦੇ ਗੁਸਲਖਾਨੇ ਦੀ ਕੰਧ ਡਿੱਗੀ ਹੋਈ ਹੈ, ਬੱਸ ਉਹ ਜ਼ਰਾ ਕੁ ਠੀਕ ਕਰਨੀ ਹੈ।” ਕੰਬਦੇ ਮਿਸਤਰੀ ਨੂੰ ਦੇਖ ਹੌਲਦਾਰ ਨੇ ਕਿਹਾ।
ਮਿਸਤਰੀ ਨੇ ਸੁੱਖ ਦਾ ਸਾਹ ਲਿਆ। ਮੱਥੇ ਤੇ ਆਇਆ ਪਸੀਨਾ ਪੂੰਝਦਾ ਪੈੜ ਤੋਂ ਥੱਲੇ ਉੱਤਰ, ਕਾਂਡੀ-ਤੇਸੀ ਬੋਰੀ ਵਿੱਚ ਪਾ ਕੇ ਜੀਪ ਵਿੱਚ ਬੈਠ ਗਿਆ।
‘ਕਿੰਨੇ ਮਾੜੇ ਨੇ ਪੁਲੀਸ ਵਾਲੇ। ਵਗਾਰ ਵੀ ਕਰਵਾਉਂਦੇ ਨੇ ਤੇ ਉਹ ਵੀ ਜਬਰੀ।’ ਕਾਹਲੀ ਕਾਹਲੀ ਵਿੰਗੀ ਟੇਢੀ ਕੰਧ ਕਰਦਾ ਮਿਸਤਰੀ ਮਨ ਹੀ ਮਨ ਕੁੜ੍ਹਦਾ ਪੁਲੀਸ ਵਾਲਿਆਂ ਨੂੰ ਗਾਲ੍ਹਾਂ ਕੱਢਦਾ ਰਿਹਾ।
“ਸਾ…ਅ…ਬ…ਕੰਧ ਹੋ ਗਈ।”
ਕਰੀਬ ਦੋ ਘੰਟਿਆਂ ਵਿੱਚ ਹੀ ਕੰਮ ਮੁਕਾ ਉਹ ਥਾਣੇਦਾਰ ਅੱਗੇ ਹੱਥ ਜੋੜ ਖੜਾ ਹੋ ਗਿਆ।
“ਵਾਹ ਬਈ ਵਾਹ! ਤੂੰ ਤਾਂ ਵਧੀਆ ਮਿਸਤਰੀ ਹੈਂ। ਬੜੀ ਛੇਤੀ ਕੰਮ ਮੁਕਾ ਲਿਆ,” ਥਾਣੇਦਾਰ ਨੇ ਉਸਦੀ ਫੁਰਤੀ ਦੀ ਦਾਦ ਦਿੰਦਿਆਂ ਕਿਹਾ, “ਮੁਨਸ਼ੀ! ਇਸਨੂੰ ਪੰਜਾਹ ਦਾ ਨੋਟ ਦੇ ਦੇ, ਨਾਲੇ ਹੌਲਦਾਰ ਨੂੰ ਕਹਿ ਜੀਪ ਵਿੱਚ ਛੱਡ ਕੇ ਆਵੇ।”
ਡੌਰ ਭੌਰ ਹੋਇਆ ਮਿਸਤਰੀ ਥਾਣੇਦਾਰ ਦੇ ਚਿਹਰੇ ਵੱਲ ਹੀ ਦੇਖੀ ਜਾ ਰਿਹਾ ਸੀ।
                                         -0-


Thursday, July 15, 2010

ਸ਼ਿਆਮ ਸੁੰਦਰ ਅਗਰਵਾਲ


ਸ਼ਿਆਮ ਸੁੰਦਰ ਅਗਰਵਾਲ ਪਿਛਲੇ ਤੀਹ ਵਰ੍ਹਿਆਂ ਤੋਂ ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਵਿਚ ਕ੍ਰਿਆਸ਼ੀਲ ਹੈ। ਲੇਖਕ ਦੇ ਪਰੀਚੈ ਨਾਲ ਪੇਸ਼ ਹਨ ਉਸਦੀਆਂ ਪੰਜ ਮਿੰਨੀ ਕਹਾਣੀਆਂ।
                                          *********


ਜਨਮ ਮਿਤੀ/ਸਥਾਨ : 8 ਫਰਵਰੀ, 1950/ ਕੋਟਕਪੂਰਾ (ਪੰਜਾਬ)
ਪਿਤਾ/ਮਾਤਾ ਦਾ ਨਾਂ : ਸ਼੍ਰੀ ਚਮਨ ਲਾਲ / ਸ਼੍ਰੀਮਤੀ ਸ਼ਰਬਤੀ ਦੇਵੀ।
ਵਿਦਿਅਕ ਯੋਗਤਾ : ਬੀ.ਏ.
ਲੇਖਣ ਦੀਆਂ ਵਿਧਾਵਾਂ : ਮਿੰਨੀ ਕਹਾਣੀ, ਬਾਲ ਕਹਾਣੀ, ਕਵਿਤਾ, ਵਾਰਤਕ (ਪੰਜਾਬੀ ਅਤੇ ਹਿੰਦੀ ਵਿਚ)
ਪ੍ਰਕਾਸ਼ਿਤ ਪੁਸਤਕਾਂ
(i) ਮੌਲਿਕ : ‘ਨੰਗੇ ਲੋਕਾਂ ਦਾ ਫਿਕਰ’ ਅਤੇ ‘ਮਾਰੂਥਲ ਦੇ ਵਾਸੀ’ (ਮਿੰਨੀ ਕਹਾਣੀ ਸੰਗ੍ਰਹਿ)
(ii) ਸੰਪਾਦਿਤ : 23 ਮਿੰਨੀ ਕਹਾਣੀ ਸੰਗ੍ਰਹਿ ਪੰਜਾਬੀ ਵਿੱਚ ਅਤੇ 2 ਸੰਗ੍ਰਹਿ ਹਿੰਦੀ ਵਿੱਚ।
(iii) ਅਨੁਵਾਦਿਤ : ਸੁਕੇਸ਼ ਸਾਹਨੀ, ਡਾ. ਸਤੀਸ਼ ਦੁਬੇ,ਕਮਲ ਚੋਪਡ਼ਾ ਦੀਆਂ ਚੋਣਵੀਆਂ ਲਘੁਕਥਾਵਾਂ ਦੀਆਂ 4 ਪੁਸਤਕਾਂ।
(iv) ਵਿਸ਼ੇਸ਼/ਹੋਰ  : ਸਾਲ 1988 ਤੋਂ ਨਿਰੰਤਰ ਪੰਜਾਬੀ ਤ੍ਰੈਮਾਸਿਕ ‘ਮਿੰਨੀ’ ਦਾ ਸੰਪਾਦਨ ।
ਮਾਨ-ਸਨਮਾਨ : ਅਨੇਕਾਂ ਮਿੰਨੀ ਕਹਾਣੀਆਂ/ਲਘੁਕਥਾਵਾਂ ਨੂੰ ਇਨਾਮ। ਪੰਜਾਬ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਤ।
ਕਿੱਤਾ : ਲੋਕ ਨਿਰਮਾਣ ਵਿਭਾਗ, ਪੰਜਾਬ ਤੋਂ ਸੇਵਾਮੁਕਤ।
ਮੌਜੂਦਾ ਰਿਹਾਇਸ :  575, ਗਲੀ ਨੰ: 5, ਪ੍ਰਤਾਪ ਸਿੰਘ ਨਗਰ, ਕੋਟ ਕਪੂਰਾ (ਪੰਜਾਬ)-151204
ਫੋਨ ਨੰਬਰ : 01635-222517/ 320615 
ਮੋਬਾਇਲ ਨੰਬਰ : 98885-36437
ਈ.ਮੇਲ : sundershyam60@gmail.com
ਬਲਾਗ : http://shyamsunderaggarwal.blogspot.com/
                                                             ***********


1. ਉਤਸਵ
        ਫੌਜ ਤੇ ਪ੍ਰਸ਼ਾਸਨ ਦੀ ਦੋ ਦਿਨਾਂ ਦੀ ਜੱਦੋਜਹਿਦ ਸਫਲ ਹੋਈ। ਸੱਠ ਫੁੱਟ ਡੂੰਘੇ ਟੋਏ ਵਿਚ ਡਿੱਗੇ ਨੰਗੇ ਬਾਲਕ ਪ੍ਰਿੰਸ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਉੱਥੇ ਹਾਜ਼ਰ ਰਾਜ ਦੇ ਮੁੱਖ ਮੰਤਰੀ ਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਬੱਚੇ ਦੇ ਮਾਂ-ਬਾਪ ਤੇ ਲੋਕ ਖੁਸ਼ ਸਨ।
        ਦੀਨ ਦੁਨੀਆ ਤੋਂ ਬੇਖ਼ਬਰ ਇਲੈਕਟ੍ਰਾਨਿਕ ਮੀਡੀਆ ਦੋ ਦਿਨਾਂ ਤੋਂ ਲਗਾਤਾਰ ਇਸ ਘਟਨਾ ਦਾ ਸਿੱਧਾ ਪ੍ਰਸਾਰਨ ਕਰ ਰਿਹਾ ਸੀ। ਮੁੱਖ ਮੰਤਰੀ ਦੇ ਤੁਰ ਜਾਣ ਨਾਲ ਸਾਰਾ ਮਜਮਾ ਖਿੰਡਣ ਲੱਗਾ। ਕੁਝ ਹੀ ਦੇਰ ਵਿਚ ਜਸ਼ਨ ਵਾਲਾ ਮਾਹੌਲ ਮਾਤਮੀ ਜਿਹਾ ਹੋ ਗਿਆ। ਟੀ.ਵੀ. ਪੱਤਰਕਾਰਾਂ ਦੇ ਜੋਸ਼ੀਲੇ ਚਿਹਰੇ ਹੁਣ ਮੁਰਝਾਏ ਜਿਹੇ ਲੱਗ ਰਹੇ ਸਨ। ਆਪਣਾ ਸਾਜੋਸਮਾਨ ਸਮੇਟ ਕੇ ਤੁਰਨ ਦੀ ਤਿਆਰੀ ਕਰ ਰਹੇ ਇਕ ਚੈਨਲ ਦੇ ਪੱਤਰਕਾਰ ਕੋਲ ਨਾਲ ਦੇ ਪਿੰਡ ਦਾ ਇਕ ਨੌਜਵਾਨ ਆਇਆ ਤੇ ਬੋਲਿਆ, “ ਸਾਡੇ ਪਿੰਡ ’ਚ ਵੀ ਅਜਿਹਾ ਹੀ …”
        ਨੌਜਵਾਨ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਪੱਤਰਕਾਰ ਦੇ ਮੁਰਝਾਏ ਚਿਹਰੇ ਉੱਤੇ ਚਮਕ ਆ ਗਈ, “ ਕੀ ਤੁਹਾਡੇ ਪਿੰਡ ’ਚ ਵੀ ਬੱਚਾ ਟੋਏ ’ਚ ਡਿੱਗ ਪਿਆ ?”
        “ ਨਹੀਂ।”
        ਨੌਜਵਾਨ ਦੇ ਉੱਤਰ ਨਾਲ ਪੱਤਰਕਾਰ ਦਾ ਚਿਹਰਾ ਫਿਰ ਬੁਝ ਗਿਆ, “ ਤਾਂ ਫਿਰ ਕੀ ?”
        “ ਸਾਡੇ ਪਿੰਡ ’ਚ ਵੀ ਅਜਿਹਾ ਹੀ ਇਕ ਟੋਆ ਨੰਗਾ ਪਿਐ।” ਨੌਜਵਾਨ ਨੇ ਦੱਸਿਆ।
        “ ਤਾਂ ਫਿਰ ਮੈਂ ਕੀ ਕਰਾਂ ?” ਪੱਤਰਕਾਰ ਖਿੱਝ ਕੇ ਬੋਲਿਆ।
        “ ਤੁਸੀਂ ਮਹਿਕਮੇ ’ਤੇ ਜ਼ੋਰ ਦਿਉਂਗੇ ਤਾਂ ਉਹ ਟੋਆ ਬੰਦ ਕਰ ਦੇਣਗੇ। ਨਹੀਂ ਤਾਂ ਉਸ ’ਚ ਕਦੇ ਵੀ ਕੋਈ ਬੱਚਾ ਡਿੱਗ ਸਕਦੈ ।”
         ਪੱਤਰਕਾਰ ਦੇ ਚਿਹਰੇ ਉੱਤੇ ਫਿਰ ਥੋੜੀ ਰੌਣਕ ਆ ਗਈ। ਉਸਨੇ ਆਪਣਾ ਕਾਰਡ ਨੌਜਵਾਨ ਨੂੰ ਫੜਾਉਂਦੇ ਹੋਏ ਹੋਲੇ ਜਿਹੇ ਕਿਹਾ, “ ਨਿਗ੍ਹਾ ਰੱਖੀਂ, ਜਿਵੇਂ ਹੀ ਕੋਈ ਬੱਚਾ ਉਸ ਟੋਏ ’ਚ ਡਿੱਗੇ, ਮੈਨੂੰ ਇਸ ਨੰਬਰ ’ਤੇ ਫੋਨ ਕਰਦੀਂ। ਮੈਂ ਤੈਨੂੰ ਇਨਾਮ ਦਿਵਾ ਦਿਆਂਗਾ।”
                                                                    -0-


2. ਬਜ਼ੁਰਗ ਰਿਕਸ਼ੇਵਾਲਾ


         ਗਲੀ ਦੇ ਮੋੜ ਉੱਤੇ ਪਹੁੰਚਿਆ ਤਾਂ ਅੱਜ ਫੇਰ ਉਹੀ ਬਜ਼ੁਰਗ ਰਿਕਸ਼ੇਵਾਲਾ ਖੜਾ ਸੀ। ਤਿੰਨ ਦਿਨਾਂ ਤੋਂ ਉਹੀ ਖੜਾ ਮਿਲਦਾ ਹੈ, ਸਵੇਰੇ ਸਵੇਰੇ। ਜੀ ਕੀਤਾ ਕਿ ਇਹਦੇ ਰਿਕਸ਼ੇ ਵਿਚ ਬੈਠਣ ਨਾਲੋਂ ਤਾਂ ਪੈਦਲ ਹੀ ਤੁਰ ਪਵਾਂ, ਵੀਹ ਕੁ ਮਿੰਟ ਦਾ ਹੀ ਰਸਤਾ ਹੈ। ਘੜੀ ਵੇਖੀ ਤਾਂ ਏਨਾ ਕੁ ਸਮਾਂ ਹੀ ਬਚਦਾ ਸੀ। ਕਿਤੇ ਬੱਸ ਹੀ ਨਾ ਨਿਕਲ ਜਾਵੇ, ਸੋਚ ਕੇ ਮਨ ਕਰੜਾ ਕੀਤਾ ਤੇ ਰਿਕਸ਼ੇ ਵਿਚ ਬੈਠ ਗਿਆ।
        ਪੱਕਾ ਮਨ ਬਣਾ ਲਿਆ ਸੀ ਕਿ ਅੱਜ ਰਿਕਸ਼ੇਵਾਲੇ ਵੱਲ ਬਿਲਕੁਲ ਨਹੀਂ ਵੇਖਣਾ। ਆਸੇ ਪਾਸੇ ਵੇਖਦਾ ਰਹਾਂਗਾ। ਪਿਛਲੇ ਤਿੰਨ ਦਿਨਾਂ ਤੋਂ ਇਸੇ ਰਿਕਸ਼ੇ ਉੱਤੇ ਜਾ ਰਿਹਾ ਹਾਂ। ਜਦ ਵੀ ਰਿਕਸ਼ੇਵਾਲੇ ਉੱਤੇ ਨਿਗ੍ਹਾ ਟਿਕ ਜਾਂਦੀ, ਮੈਂ ਉੱਥੇ ਹੀ ਉੱਤਰਨ ਲਈ ਮਜਬੂਰ ਹੋ ਜਾਂਦਾ। ਬਾਕੀ ਦਾ ਰਸਤਾ ਪੈਦਲ ਤੈਅ ਕੀਤਾ, ਹਰ ਰੋਜ਼।
        ਪੈਡਲਾਂ ਉੱਤੇ ਜ਼ੋਰ ਪੈਣ ਦੀ ਆਵਾਜ਼ ਸੁਣਾਈ ਦਿੱਤੀ ਤੇ ਰਿਕਸ਼ਾ ਤੁਰ ਪਿਆ। ਮੈਂ ਇੱਧਰ-ਉੱਧਰ ਵੇਖਣ ਲੱਗਾ। ‘ਗਰੀਨ ਮੋਟਰਜ’ ਦਾ ਬੋਰਡ ਦਿਸਿਆ ਤਾਂ ਯਾਦ ਆਇਆ ਕਿ ਪਹਿਲੇ ਦਿਨ ਤਾਂ ਇੱਥੇ ਹੀ ਉੱਤਰ ਗਿਆ ਸੀ। ਬਹਾਨਾ ਬਣਾਇਆ ਸੀ ਕਿ ਦੋਸਤ ਨੇ ਜਾਣਾ ਹੈ, ਉਸ ਨਾਲ ਚਲਾ ਜਾਵਾਂਗਾ। ਅਗਲੇ ਦਿਨ ਮਨ ਨੂੰ ਬਹੁਤ ਸਮਝਾਇਆ ਸੀ, ਪਰ ਫੇਰ ਵੀ ਦੋ ਗਲੀਆਂ ਅੱਗੇ ਤੱਕ ਹੀ ਜਾ ਸਕਿਆ ਸੀ।
       ‘ਕੜ ਕੜ’ ਦੀ ਆਵਾਜ਼ ਨੇ ਮੇਰੀ ਬਿਰਤੀ ਨੂੰ ਭੰਗ ਕੀਤਾ। ਰਿਕਸ਼ੇ ਦੀ ਚੇਨ ਉਤਰ ਗਈ ਸੀ। ਮੇਰੀ ਨਿਗ੍ਹਾ ਰਿਕਸ਼ੇ ਵਾਲੇ ਵੱਲ ਚਲੀ ਗਈ। ਉਹਦੇ ਇਕ ਪੈਰ ਵਿਚ ਪੱਟੀ ਬੰਨ੍ਹੀ ਹੋਈ ਸੀ ਤੇ ਪੈਰ ਵਿਚ ਜੁੱਤੀ ਵੀ ਨਹੀਂ ਸੀ। ਮੈਨੂੰ ਯਾਦ ਆਇਆ, ਜਦੋਂ ਬਾਪੂ ਦੇ ਪੈਰ ਵਿਚ ਮੇਖ ਵੱਜ ਗਈ ਸੀ ਤਾਂ ਉਹ ਵੀ ਠੰਡ ਵਿਚ ਬਿਨਾਂ ਜੁੱਤੀ ਦੇ ਫਿਰਦਾ ਰਿਹਾ ਸੀ। ਚੇਨ ਠੀਕ ਕਰ ਬਜ਼ੁਰਗ ਨੇ ਪਜਾਮਾ ਉਤਾਂਹ ਚੜ੍ਹਾਇਆ ਤਾਂ ਨਿਗ੍ਹਾ ਉੱਪਰ ਤੱਕ ਚਲੀ ਗਈ। ਬਾਪੂ ਵੀ ਇਸ ਤਰ੍ਹਾਂ ਹੀ ਪਜਾਮਾ ਉਤਾਂਹ ਚੜ੍ਹਾ ਲੈਂਦਾ ਸੀ। ਮੈਨੂੰ ਲੱਗਾ ਜਿਵੇਂ ਰਿਕਸ਼ੇਵਾਲਾ ਕੁਝ ਕਹਿ ਰਿਹਾ ਹੈ। ਮੇਰਾ ਧਿਆਨ ਬਦੋਬਦੀ ਉਹਦੇ ਮੂੰਹ ਵੱਲ ਚਲਾ ਗਿਆ। ਉਹਦੀ ਢਿੱਲੀ ਜਿਹੀ ਪੱਗ ਤੇ ਬੋਲਦੇ ਸਮੇਂ ਸਿਰ ਹਿਲਾਉਣ ਦੇ ਢੰਗ ਨੇ ਮੈਨੂੰ ਅੰਦਰ ਤੀਕ ਹਿਲਾ ਦਿੱਤਾ। ਚਾਹੁੰਦੇ ਹੋਏ ਵੀ ਮੈਂ ਉਸ ਤੋਂ ਨਿਗ੍ਹਾ ਨਹੀਂ ਹਟਾ ਸਕਿਆ। ਅਬੜਵਾਹ ਮੇਰੇ ਮੂੰਹੋਂ ਨਿਕਲ ਗਿਆ, “ਬਾਪੂ, ਰਿਕਸ਼ਾ ਰੋਕ!”
       ਰਿਕਸ਼ੇ ਵਾਲਾ ਬੋਲਿਆ, “ਕੀ ਗੱਲ ਹੋਗੀ ਜੀ?”
       “ਕੁਝ ਨਹੀਂ, ਇਕ ਜ਼ਰੂਰੀ ਕੰਮ ਯਾਦ ਆ ਗਿਆ।” ਮੈਂ ਰਿਕਸ਼ੇ ਵਿੱਚੋਂ ਉਤਰ ਕੇ ਉਸਨੂੰ ਪੰਜ ਰੁਪਏ ਦਾ ਨੋਟ ਫੜਾਉਂਦੇ ਹੋਏ ਕਿਹਾ।
                                                            -0-


3. ਸੰਤੂ


       ਅਧਖੜ ਉਮਰ ਦਾ ਸਿਧਰਾ ਜਿਹਾ ਸੰਤੂ ਬੇਮੇਚ ਬੂਟ ਪਾਈ ਪਾਣੀ ਦੀ ਬਾਲਟੀ ਚੁੱਕ ਜਦੋਂ ਪੌੜੀਆਂ ਚੜ੍ਹਨ ਲੱਗਾ ਤਾਂ ਮੈਂ ਉਹਨੂੰ ਸੁਚੇਤ ਕੀਤਾ, “ ਧਿਆਨ ਨਾਲ ਚੜ੍ਹੀਂ । ਪੌੜੀਆਂ ’ਚ ਕਈ ਥਾਵਾਂ ਤੋਂ ਇੱਟਾਂ ਨਿਕਲੀਆਂ ਹੋਈਐਂ । ਡਿੱਗ ਨਾ ਪਈਂ ।”
        “ ਚਿੰਤਾ ਨਾ ਕਰੋ ਜੀ, ਮੈਂ ਤਾਂ ਪੰਜਾਹ ਕਿਲੋ ਆਟਾ ਚੁੱਕ ਕੇ ਪੌੜੀਆਂ ਚੜ੍ਹਦਾ ਨਹੀਂ ਡਿੱਗਦਾ ।”
        ਤੇ ਸਚਮੁਚ ਵੱਡੀਆਂ-ਵੱਡੀਆਂ ਦਸ ਬਾਲਟੀਆਂ ਪਾਣੀ ਦੀਆਂ ਢੌਂਦੇ ਸੰਤੂ ਦਾ ਪੈਰ ਇਕ ਵਾਰ ਵੀ ਨਹੀਂ ਸੀ ਫਿਸਲਿਆ ।
        ਦੋ ਰੁਪਏ ਦਾ ਇੱਕ ਨੋਟ ਅਤੇ ਚਾਹ ਦਾ ਕੱਪ ਦਿੰਦਿਆਂ ਪਤਨੀ ਨੇ ਕਿਹਾ, “ ਸੰਤੂ, ਤੂੰ ਰੋਜ਼ ਆ ਕੇ ਪਾਣੀ ਭਰ ਜਿਆ ਕਰ ।”
         ਚਾਹ ਦੀਆਂ ਚੁਸਕੀਆਂ ਲੈਂਦੇ ਸੰਤੂ ਨੇ ਖੁਸ਼ ਹੁੰਦਿਆਂ ਕਿਹਾ, “ ਰੋਜ਼ ਵੀਹ ਰੁਪਏ ਬਣ ਜਾਂਦੇ ਐ ਪਾਣੀ ਦੇ । ਕਹਿੰਦੇ ਐ ਅਜੇ ਮਹੀਨਾ ਪਾਣੀ ਨਹੀਂ ਔਂਦਾ । ਮੌਜਾਂ ਲੱਗ ਗਈਆਂ ।”
        ਉਸੇ ਦਿਨ ਨਹਿਰ ਵਿਚ ਪਾਣੀ ਆ ਗਿਆ ਤੇ ਟੂਟੀ ਵਿਚ ਵੀ ।
        ਅਗਲੀ ਸਵੇਰ ਪੌੜੀਆਂ ਚੜ੍ਹ ਜਦੋਂ ਸੰਤੂ ਨੇ ਪਾਣੀ ਲਈ ਬਾਲਟੀ ਮੰਗੀ ਤਾਂ ਪਤਨੀ ਨੇ ਕਿਹਾ, “ ਹੁਣ ਤਾਂ ਲੋੜ ਨਹੀਂ, ਰਾਤ ਉੱਪਰ ਈ ਟੂਟੀ ਵਿਚ ਪਾਣੀ ਆ ਗਿਆ ਸੀ ।”
         “ ਨਹਿਰ ’ਚ ਪਾਣੀ ਆ ਗਿਆ !” ਸੰਤੂ ਨੇ ਹਉਕਾ ਲਿਆ ਤੇ ਵਾਪਸੀ ਲਈ ਪੌੜੀਆਂ ਵੱਲ ਕਦਮ ਘੜੀਸਣ ਲੱਗਾ । ਕੁਝ ਛਿਣ ਬਾਦ ਹੀ ਕਿਸੇ ਦੇ ਪੌੜੀਆਂ ਵਿੱਚੋਂ ਡਿੱਗਣ ਦੀ ਆਵਾਜ਼ ਆਈ । ਮੈਂ ਭੱਜ ਕੇ ਵੇਖਿਆ, ਸੰਤੂ ਵਿਹੜੇ ਵਿਚ ਮੂਧੇ ਮੂੰਹ ਪਿਆ ਸੀ ।
                                                      -0-


4. ਸਕੂਲ


        “ਅੰਕਲ ਜੀ, ਬੰਟੀ ਤੁਹਾਡੇ ਕੋਲ ਤਾਂ ਨਹੀਂ ਆਇਆ?” ਗੁਆਂਢੀਆਂ ਦੀ ਕੁਡ਼ੀ ਦਰਵਾਜੇ ਵਿਚ ਖਡ਼ੀ ਪੁੱਛ ਰਹੀ ਸੀ।
        “ਨਹੀਂ ਬੇਟੇ, ਕੀ ਗੱਲ ਹੋਗੀ?” ਮੈਂ ਪੁੱਛਿਆ।
        “ਉਹਦੇ ਸਕੂਲ ਦੀ ਬੱਘੀ ਖਡ਼ੀ ਐ ਤੇ ਉਹ ਕਿਤੇ ਮਿਲ ਨਹੀਂ ਰਿਹਾ। ਪਤਾ ਨਹੀਂ ਬਸਤਾ ਸੁੱਟ ਕੇ ਕਿੱਥੇ ਚਲਾ ਗਿਆ।” ਕੁਡ਼ੀ ਦੇ ਚਿਹਰੇ ਤੋਂ ਚਿੰਤਾ ਸਾਫ ਝਲਕ ਰਹੀ ਸੀ।
        ਬੰਟੀ ਨਾਲ ਮੈਨੂੰ ਬਹੁਤ ਪਿਆਰ ਸੀ ਤੇ ਉਹਨੂੰ ਮੇਰੇ ਨਾਲ। ਸੀ ਤਾਂ ਮੈਂ ਉਹਦੇ ਬਾਬੇ ਦੀ ਉਮਰ ਦਾ, ਪਰ ਬੰਟੀ ਮੇਰੇ ਨਾਲ ਇੰਜ ਵਿਵਹਾਰ ਕਰਦਾ ਜਿਵੇਂ ਮੈਂ ਉਹਦੇ ਹਾਣ ਦਾ ਹੋਵਾਂ। ਉਹ ਘੰਟਿਆਂ ਬੱਧੀ ਮੇਰੇ ਨਾਲ ਖੇਡਦਾ ਰਹਿੰਦਾ। ਉਹ ਤਿੰਨ ਸਾਲ ਦਾ ਸੀ ਤੇ ਉਹਨੂੰ ਸਕੂਲ ਜਾਣ ਦਾ ਬਡ਼ਾ ਚਾਅ ਸੀ। ਪਿਛਲੇ ਹਫਤੇ ਹੀ ਉਹ ਖਰਗੋਸ਼ ਦੀ ਸ਼ਕਲ ਵਰਗੇ ਬਸਤੇ ਵਿਚ ਇਕ ਕਿਤਾਬ ਪਾਈ ਫਿਰਦਾ ਸੀ। ਉਹ ਹਰ ਇਕ ਨੂੰ ਕਹਿੰਦਾ, “ਮੈਂ ਵੀ ਸਕੂਲ ਜਾਊਂਗਾ! ਬੱਘੀ ’ਚ ਬੈਠ ਕੇ।”
        ਚਾਰ ਕੁ ਦਿਨ ਪਹਿਲਾਂ ਜਦੋਂ ਉਹ ਪਹਿਲੀ ਵਾਰ ਸਕੂਲ ਗਿਆ, ਖੁਸ਼ੀ ਉਸਤੋਂ ਸੰਭਾਲੀ ਨਹੀਂ ਜਾ ਰਹੀ ਸੀ।
        ਉਠ ਕੇ ਮੈਂ ਵੀ ਕੁਡ਼ੀ ਦੇ ਨਾਲ ਤੁਰ ਪਿਆ। ਆਂਢ-ਗੁਆਂਢ ਵਿਚ ਸਾਰੇ ਪਤਾ ਕਰ ਲਿਆ ਗਿਆ। ਘਰ ਦਾ ਕੋਨਾ ਕੋਨਾ ਛਾਣ ਮਾਰਿਆ ਗਿਆ। ਪਰ ਬੰਟੀ ਨਹੀਂ ਮਿਲਿਆ। ਅਚਾਨਕ ਮੇਰਾ ਧਿਆਨ ਘਰ ਦੇ ਪਿਛਵਾਡ਼ੇ ਵਿਚ ਬਣੀ ਕੋਠਡ਼ੀ ਵੱਲ ਗਿਆ।
        “ਉਸ ਕੋਠਡ਼ੀ ’ਚ ਨਿਗ੍ਹਾ ਮਾਰਲੀ?” ਮੈਂ ਪੁੱਛਿਆ।
        “ਉਸ ਕੋਠਡ਼ੀ ਵਿਚ ਜਾਣ ਤੋਂ ਤਾਂ ਉਹ ਬਹੁਤ ਡਰਦੈ।” ਬੰਟੀ ਦੀ ਦਾਦੀ ਨੇ ਦੱਸਿਆ।
        “ਕੋਠਡ਼ੀ ਅੰਦਰ ਤਾਂ ਉਹ ਝਾਕਦਾ ਵੀ ਨਹੀਂ।” ਬੰਟੀ ਦੀ ਮਾਂ ਕਹਿ ਰਹੀ ਸੀ।
        “ਫੇਰ ਵੀ ਦੇਖਣ ’ਚ ਕੀ ਹਰਜ ਐ।” ਕਹਿੰਦਾ ਮੈਂ ਕੋਠਡ਼ੀ ਵੱਲ ਹੋਇਆ। ਕੋਠਡ਼ੀ ਅੰਦਰ ਰੋਸ਼ਨੀ ਬਹੁਤ ਘੱਟ ਸੀ। ਅੱਖਾਂ ਨੇ ਪੂਰੀ ਤਰ੍ਹਾਂ ਫੈਲ ਕੇ ਧਿਆਨ ਨਾਲ ਦੇਖਿਆ। ਸਕੂਲ ਦੀ ਸਫੈਦ ਡਰੈਸ ਪਾਈ ਬੰਟੀ ਇਕ ਖੂੰਜੇ ਵਿਚ ਦੁਬਕਿਆ ਬੈਠਾ ਸੀ। ਮੈਂ ਉਸ ਵੱਲ ਵਧਿਆ ਤਾਂ ਉਹ ਚੀਕ ਮਾਰ ਕੇ ਰੋਣ ਲੱਗ ਪਿਆ। ਬਡ਼ੀ ਮੁਸ਼ਕਿਲ ਨਾਲ ਮੈਂ ਉਸਨੂੰ ਚੁੱਕ ਕੇ ਬਾਹਰ ਲਿਆਇਆ। ਬੰਟੀ ਦਾ ਪਿੰਡਾ ਤੇਜ਼ ਬੁਖਾਰ ਨਾਲ ਤਪ ਰਿਹਾ ਸੀ।
                                                            -0-


5. ਜੋਧਾ


          ਜਿਸ ਦਾ ਡਰ ਸੀ, ਉਹੀ ਹੋਇਆ। ਕਾਲੇ ਕੋਟ ਵਾਲਾ ਟਿਕਟ ਚੈੱਕਰ ਜਮਦੂਤ ਦੀ ਤਰ੍ਹਾਂ ਸਾਹਮਣੇ ਖੜਾ ਸੀ। ਮੇਰਾ ਟਿਕਟ ਵੇਖਦਿਆਂ ਹੀ ਉਹ ਬੋਲਿਆ, “ਇਹ ਤਾਂ ਆਰਡਨਰੀ ਕਲਾਸ ਦਾ ਹੈ। ਸਲੀਪਰ ਕਲਾਸ ’ਚ ਕਿਉਂ ਬੈਠੇ ਹੋ?”
        “ਆਰਡਨਰੀ ਕਲਾਸ ਦੇ ਤਾਂ ਦੋ ਹੀ ਡੱਬੇ ਹਨ। ਦੋਨੋਂ ਨੱਕੋ-ਨੱਕ ਭਰੇ ਹਨ। ਉੱਥੇ ਤਾਂ ਖੜੇ ਹੋਣ ਨੂੰ ਵੀ ਜਗ੍ਹਾ ਨਹੀਂ। ਸਲੀਪਰ ਕਲਾਸ ’ਚ ਜਗ੍ਹਾ ਸੀ। ਉਂਜ ਵੀ ਦਿੱਲੀ ਤੋਂ ਅੱਗੇ ਇਸ ’ਚ ਰਿਜਰਵੇਸ਼ਨ ਨਹੀਂ ਹੁੰਦੀ।” ਮੈਂ ਸਪਸ਼ਟੀਕਰਨ ਦਿੱਤਾ।
        “ਇਹ ਕੋਈ ਬਹਾਨਾ ਨਹੀਂ। ਸਲੀਪਰ ਕਲਾਸ ਦਾ ਕਿਰਾਇਆ ਤੇ ਜੁਰਮਾਨਾ ਮਿਲਾ ਕੇ ਇਕ ਸੌ ਦਸ ਰੁਪਏ ਹੋਏ, ਛੇਤੀ ਕੱਢੋ।” ਟਿਕਟ ਚੈੱਕਰ ਕਾਹਲਾ ਪੈ ਰਿਹਾ ਸੀ।
        “ਸਾਰਿਆਂ ਕੋਲ ਹੀ ਆਰਡਨਰੀ ਕਲਾਸ ਦਾ ਟਿਕਟ ਐ…”
        “ਤੁਸੀਂ ਆਪਣੀ ਗੱਲ ਕਰੋ।” ਚੈੱਕਰ ਕੁਝ ਸੁਣਨ ਨੂੰ ਤਿਆਰ ਨਹੀਂਸੀ।      ਮਜਬੂਰੀਵਸ ਮੈਂ ਜੇਬਾਂ ਫਰੋਲਣ ਲੱਗਾ। ਪੈਸੇ ਮਿਲਣ ਵਿਚ ਦੇਰੀ ਹੁੰਦੀ ਵੇਖ ਉਹ ਸਾਹਮਣੇ ਬੈਠੇ ਬਜ਼ੁਰਗ ਦੀ ਟਿਕਟ ਵੇਖਣ ਲੱਗਾ।
        “ਤੁਹਾਡਾ ਵੀ ਆਰਡਨਰੀ ਟਿਕਟ ਐ। ਤੁਸੀਂ ਵੀ ਕੱਢੋ ਇਕ ਸੌ ਦਸ ਰੁਪਏ।”
        “ਮੇਰੇ ਕੋਲ ਕੋਈ ਪੈਸਾ ਨਹੀਂ ਦੇਣ ਲਈ।” ਬਜ਼ੁਰਗ ਦੀ ਆਵਾਜ਼ ਵਿਚ ਦਮ ਸੀ।
        “ਜੁਰਮਾਨਾ ਨਹੀਂ ਭਰੋਗੇ ਤਾਂ ਤੁਹਾਨੂੰ ਜੇਲ ਵੀ ਹੋ ਸਕਦੀ ਹੈ।” ਚੈੱਕਰ ਨੇ ਪਿੱਛੇ ਆ ਖੜੇ ਹੋਏ ਸਿਪਾਹੀ ਨੂੰ ਵੇਖਦਿਆਂ ਡਰਾਵਾ ਦਿੱਤਾ।
        “ਕਿਸ ਜੁਰਮ ਲਈ?”
        “ਆਰਡਨਰੀ ਕਲਾਸ ਦੇ ਟਿਕਟ ’ਤੇ ਸਲੀਪਰ ਕਲਾਸ ’ਚ ਸਫਰ ਕਰਨ ਲਈ।”
        “ਤੁਸੀਂ ਮੈਨੂੰ ਆਰਡਨਰੀ ਡੱਬੇ ’ਚ ਸੀਟ ਦਿਵਾ ਦਿਓ।”
        “ਇਹ ਮੇਰੀ ਜਿੰਮੇਵਾਰੀ ਨਹੀਂ।”
        “ਰੇਲਵੇ ਨੇ ਮੈਨੂੰ ਇਹ ਟਿਕਟ ਕਿਸ ਲਈ ਜਾਰੀ ਕੀਤਾ ਐ?”
        “ਇਹ ਟਿਕਟ ਕੇਵਲ ਇਸ ਗੱਡੀ ਦੀ ਆਰਡਨਰੀ ਕਲਾਸ ’ਚ ਸਫਰ ਕਰਨ ਦੀ ਇਜਾਜ਼ਤ ਦਿੰਦਾ ਹੈ। ਸੀਟ ਦਾ ਮਿਲਣਾ ਜ਼ਰੂਰੀ ਨਹੀਂ।” ਚੈੱਕਰ ਨੇ ਇਕ ਇਕ ਸ਼ਬਦ ਉੱਤੇ ਜ਼ੋਰ ਦਿੰਦਿਆਂ ਕਿਹਾ।
        “ਕੀ ਮੈਂ ਗੱਡੀ ਦੀ ਛੱਤ ’ਤੇ ਬੈਠ ਕੇ ਸਫਰ ਕਰ ਸਕਦਾ ਹਾਂ?” ਬਜ਼ੁਰਗ ਨੇ ਸਵਾਲ ਕੀਤਾ।
        “ਛੱਤ ’ਤੇ ਬੈਠ ਕੇ ਸਫਰ ਕਰਨਾ ਤਾਂ ਇਸ ਤੋਂ ਵੀ ਵੱਡਾ ਜੁਰਮ ਹੈ।”
        “ਕੀ ਮੈਂ ਦਰਵਾਜੇ ਨਾਲ ਲਮਕ ਕੇ ਸਫਰ ਕਰ ਸਕਦਾ ਹਾਂ?”
        “ਨਹੀਂ, ਰੇਲਵੇ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੀ।”
        ਬਜ਼ੁਰਗ ਹੌਲੇ ਜਿਹੇ ਖੜਾ ਹੋਇਆ ਤੇ ਉਸਨੇ ਟਿਕਟ ਚੈੱਕਰ ਦਾ ਹੱਥ ਫੜਦੇ ਹੋਏ ਕਿਹਾ, “ਮੈਨੂੰ ਗੱਡੀ ’ਚ ਉਸ ਥਾਂ ’ਤੇ ਛੱਡ ਆਓ, ਜਿੱਥੇ ਮੈਂ ਇਸ ਟਿਕਟ ਤੇ ਸਫਰ ਕਰ ਸਕਦਾ ਹੋਵਾਂ।”
        ਟਿਕਟ ਚੈੱਕਰ ਨੂੰ ਕੁਝ ਨਹੀਂ ਸੁਝ ਰਿਹਾ ਸੀ। ਉਸਨੇ ਕਿਸੇ ਤਰ੍ਹਾਂ ਬਜ਼ੁਰਗ ਤੋਂ ਆਪਣਾ ਹੱਥ ਛੁਡਾਇਆ ਤੇ ਵਾਪਸ ਮੁੜ ਗਿਆ। ਇਕ ਸੌ ਦਸ ਰੁਪਏ ਦੇ ਨੋਟ ਮੇਰੇ ਹੱਥ ਵਿਚ ਫੜੇ ਰਹਿ ਗਏ।
                                                            -0-

Monday, September 28, 2009

ਬਿਕਰਮਜੀਤ ਨੂਰ


ਬਿਕਰਮਜੀਤ ਨੂਰ ਪੰਜਾਬੀ ਮਿੰਨੀ ਕਹਾਣੀ ਦਾ ਸਿਰਕੱਢ ਹਸਤਾਖਰ ਹੈ ਉਹ ਲੰਮੇ ਸਮੇਂ ਤੋਂ ਮਿੰਨੀ ਕਹਾਣੀ ਦੇ ਖੇਤਰ ਵਿਚ ਹੈ ਇਸ ਚਰਚਿਤ ਲੇਖਕ ਦੇ ਪਰੀਚੈ ਨਾਲ ਪ੍ਰਸਤੁਤ ਹਨ ਉਸਦੀਆਂ ਪੰਜ ਰਚਨਾਵਾਂ
*******
ਜਨਮ : 8 ਅਗਸਤ 1952 (ਪਿੰਡ: ਨਿੰਬੂਆ, ਡੇਰਾਬਸੀ, ਪਟਿਆਲਾ, ਪੰਜਾਬ)
ਸਿੱਖਿਆ : ਐਮ.ਏ.(ਪੰਜਾਬੀ ਅਤੇ ਰਾਜਨੀਤੀ ਸ਼ਾਸਤਰ), ਬੀ.ਐੱਡ, ਉਰਦੂ ਆਮੋਜ਼
ਪ੍ਰਕਾਸ਼ਿਤ ਪੁਸਤਕਾਂ
ਮੌਲਿਕ : ‘ਕਾਤਰਾਂ’, ‘ਸ਼ਨਾਖਤ’, ‘ਅਣਕਿਹਾ’, ‘ਮੰਜ਼ਿਲ’ ਤੇ ‘ਮੂਕ ਸ਼ਬਦਾਂ ਦੀ ਵਾਪਸੀ’ (ਮਿੰਨੀ ਕਹਾਣੀ ਸੰਗ੍ਰਹਿ) ਅਤੇ ਕਵਿਤਾ, ਨਾਵਲ ਤੇ ਜੀਵਨੀ ਨਾਲ ਸਬੰਧਤ ਚਾਰ ਹੋਰ ਪੁਸਤਕਾਂ
ਅਨੁਵਾਦਿਤ : ‘ਤਪਸ਼’ (ਹਿੰਦੀ ਲਘੁਕਥਾਵਾਂ ਦਾ ਪੰਜਾਬੀ ਅਨੁਵਾਦ)
ਸੰਪਾਦਿਤ : 16 ਮਿੰਨੀ ਕਹਾਣੀ ਸੰਗ੍ਰਹਿ
ਸੰਪਾਦਨ : ਪੰਜਾਬੀ ਤ੍ਰੈਮਾਸਿਕ ‘ਮਿੰਨੀ’ (1994 ਤੋਂ ਨਿਰੰਤਰ)
ਕਿੱਤਾ : ਅਧਿਆਪਨ
ਸੰਪਰਕ : 3, ਗੁਰੂ ਨਾਨਕ ਨਗਰ, ਗਿੱਦੜਬਾਹਾ (ਮੁਕਤਸਰ), ਪੰਜਾਬ-152101 ਫੋਨ: 01637-232203 ਮੋਬਾਈਲ: 09464076257
*****
1.ਇਸ ਵਾਰ
ਬਾਬੂ ਕੁਲਦੀਪ ਰਾਇ ਡਿਊਟੀ ਤੋਂ ਲੇਟ ਹੋ ਰਿਹਾ ਸੀ ਤੇ ਇਧਰ ਪੰਡਤ ਜੀ ਦੇ ਆਉਣ ਦਾ ਨਾਂ ਨਿਸ਼ਾਨ ਵੀ ਨਹੀਂ ਸੀ ਉਹ ਤਾਂ ਕਾਫੀ ਸਵੇਰੇ ਹੀ ਦੋ ਗੇੜੇ ਲਾ ਆਇਆ ਸੀ ਵੈਸੇ ਰਾਤ ਵੀ ਉਸ ਨੇ ਗੁਜ਼ਾਰਿਸ਼ ਕਰ ਦਿੱਤੀ ਸੀ
ਸਰਾਧਾਂ ਦੇ ਮੌਕੇ ਪਿਛਲੇ ਕਈ ਸਾਲਾਂ ਤੋਂ ਇਸੇ ਪੰਡਤ ਨੂੰ ਹੀ ਨਿਉਂਤਾ ਦਿੱਤਾ ਜਾਂਦਾ ਸੀ
…ਤੇ ਅੱਜ ਵੀ ਬਾਬੂ ਕੁਲਦੀਪ ਰਾਇ ਨੇ ਆਪਣੇ ਪਿਤਾ ਦਾ ਸਰਾਧ ਕੀਤਾ ਸੀ
ਵਕਤ ਅੱਠ ਦੇ ਕਰੀਬ ਹੋ ਚੁੱਕਾ ਸੀ ਖੀਰ-ਪੂੜੀਆਂ, ਹਲਵਾ ਆਦਿ ਇਸ ਤੋਂ ਦੋ-ਢਾਈ ਘੰਟੇ ਪਹਿਲਾਂ ਦਾ ਤਿਆਰ ਪਿਆ ਸੀ ਕੁਲਦੀਪ ਰਾਇ ਨੂੰ ਖਿਝ ਆਉਣੀ ਸ਼ੁਰੂ ਹੋ ਗਈ ਸੀ ਪਤੀ-ਪਤਨੀ ਦੇ ਨਾਲ ਦੋਵੇਂ ਬੱਚੇ ਵੀ ‘ਸੁੱਚੇ ਮੂੰਹ’ ਹੀ ਬੈਠੇ ਸਨ ਫਿਰ, ਬੱਚਿਆਂ ਨੇ ਤਾਂ ਆਪੋ ਆਪਣੇ ਸਕੂਲ ਵੀ ਜਾਣਾ ਸੀ
ਕੁਲਦੀਪ ਰਾਇ ਕੋਲ ਤਾਂ ਛੁੱਟੀ ਵੀ ਕੋਈ ਨਹੀਂ ਸੀ ਇਸ ਤੇ ਵਾਧਾ ਇਹ ਕਿ ਦਫ਼ਤਰ ਦੇ ਹਿਸਾਬ-ਕਿਤਾਬ ਦੀ ਪੜਤਾਲ ਚੱਲ ਰਹੀ ਸੀਅੱਜ ਤਾਂ ਵਕਤ ਤੋਂ ਵੀ ਪਹਿਲਾਂ ਜਾਣਾ ਜ਼ਰੂਰੀ ਹੋਇਆ ਪਿਆ ਸੀ

ਇਹੀ ਕਾਰਨ ਸੀ ਕਿ ਇਕ ਫਟੇਹਾਲ ਖਿਲਰੇ ਜਿਹੇ ਮੂੰਹ-ਸਿਰ ਵਾਲੇ ਮੰਗਤਿਆਂ ਵਾਂਗ ਦਿੱਸਦੇ ਬਜ਼ੁਰਗ ਨੇ ਆਪਣੇ ਮੂੰਹ ਵੱਲ ਹੱਥ ਦਾ ਇਸ਼ਾਰਾ ਕਰਕੇ ਕੁੱਝ ਖਾਣ ਨੂੰ ਮੰਗਿਆ ਸੀ, ਜਿਸ ਵੱਲ ਕੁਲਦੀਪ ਨੇ ਧਿਆਨ ਹੀ ਨਹੀਂ ਦਿੱਤਾ ਸੀ ਉਹ ਬਜ਼ੁਰਗ ਵੀ ਜਲਦੀ ਹੀ ਅੱਗੇ ਚਲਾ ਗਿਆ ਸੀ
“ ਜੁਆਕਾਂ ਨੂੰ ਤਾਂ ਤਿਆਰ ਕਰਕੇ ਭੇਜ ਸਕੂਲ, ਖਾਣਾ ਬਾਅਦ ’ਚ ਉੱਥੇ ਹੀ ਫੜਾ ਆਈਂ ” ਕੁਲਦੀਪ ਰਾਇ ਨੇ ਜ਼ਰਾ ਉੱਚੀ ਬੋਲ ਕੇ ਪਤਨੀ ਨੂੰ ਕਿਹਾ, ਜਿਹੜੀ ਉਹਦੇ ਵਾਂਗ ਹੀ ਪਰੇਸ਼ਾਨ ਸੀ
ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਕੁਲਦੀਪ ਰਾਇ ਨੂੰ ਜਾਪਿਆ ਤਾਂ ਇਉਂ ਸੀ ਜਿਵੇਂ ਪੰਡਤ ਜੀ ਹੀ ਆ ਪਧਾਰੇ ਹੋਣ, ਪਰ ਹੈ ਸੀ ਇਹ ਉਹੀ ਮੰਗਤਿਆਂ ਵਾਂਗ ਦਿੱਸਦਾ ਬਜ਼ੁਰਗ ਆਦਮੀ
ਕੁਲਦੀਪ ਰਾਇ ਨੇ ਬਗ਼ੈਰ ਵਕਤ ਖਰਾਬ ਕੀਤੇ ਬਜ਼ੁਰਗ ਨੂੰ ਅੰਦਰ ਬੁਲਾਇਆ ਉਸ ਦੇ ਹੱਥ-ਪੈਰ ਧੁਆਏ ਅਤੇ ਪੂੰਝਣ ਲਈ ਨਵਾਂ ਤੌਲੀਆ ਅੱਗੇ ਕਰ ਦਿੱਤਾ ਚਾਦਰ ਵਿਛੀ ਦਰੀ ਉੱਤੇ ਬਹਾ ਕੇ ਬਜ਼ੁਰਗ ਨੂੰ ਬਹੁਤ ਹੀ ਸ਼ਰਧਾ ਤੇ ਪ੍ਰੇਮ ਨਾਲ ਭੋਜਨ ਛਕਾਇਆ ਇਕ ਸੌ ਇਕ ਰੁਪਿਆ ਨਕਦ ਭੇਂਟ ਕੀਤਾ
ਰੱਜ ਪੁਜ ਕੇ ਉੱਠਣ ਲੱਗਿਆਂ ਬੇਤਹਾਸ਼ਾ ਖੁਸ਼ੀ ਅਤੇ ਸੰਤੁਸ਼ਟੀ ਕਾਰਣ ਬਜ਼ੁਰਗ ਤੋਂ ਕੁੱਝ ਵੀ ਬੋਲਿਆ ਨਹੀਂ ਸੀ ਜਾ ਰਿਹਾ
-0-

2. ਸੰਤਾਂ ਦੀ ਰੋਟੀ

ਮੀਤੋ ਦੇ ਵਾਰ-ਵਾਰ ਜ਼ਿੱਦ ਕਰਨ ਤੇ ਆਖਿਰ ਮਾਂ ਨੇ ਥੱਪੜ ਕੱਢ ਮਾਰਿਆ ਸੀ
। ਉਹ ਰੀਂ-ਰੀਂ ਕਰਦਾ ਪਰੇ ਚਲਾ ਗਿਆ ਸੀ। ਮਾਂ ਇਕ ਵਾਰੀ ਫੇਰ ਚੁੱਲ੍ਹੇ-ਚੌਕੇ ਦੇ ਕੰਮ ਵਿਚ ਰੁੱਝ ਗਈ ਸੀ
ਅੱਜ ਸੰਤਾਂ ਦੀ ਰੋਟੀ ਸੀ
। ਆਪਣੇ ਸਿੱਖਾਂ-ਸੇਵਕਾਂ ਦੇ ਮੋਹ-ਪ੍ਰੇਮ ਨੂੰ ਮੁੱਖ ਰੱਖ ਕੇ ਸੰਤ ਹਰਜੀਤ ਸਿੰਘ ਜੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਥਾ ਕੀਰਤਨ ਕਰਨ ਆਏ ਹੋਏ ਸਨ। ਹਰ ਸਾਲ-ਛੇ ਮਹੀਨਿਆਂ ਬਾਅਦ ਇੱਧਰ ਫੇਰੀ ਪਾਇਆ ਹੀ ਕਰਦੇ ਸਨ
ਪਿੰਡ ਦੇ ਲੋਕ ਬੇਸ਼ਕ ਕਾਫੀ ਗਰੀਬ ਸਨ, ਪਰ ਸੰਤਾਂ ਪ੍ਰਤੀ ਉਹਨਾਂ ਦੀ ਅਸੀਮ ਸ਼ਰਧਾ ਸੀ
। ਇਸੇ ਲਈ ਲੰਗਰ-ਪਾਣੀ ਬਹੁਤ ਹੀ ਪਿਆਰ ਨਾਲ ਛਕਾਇਆ ਕਰਦੇ ਸਨ
ਬਕਾਇਦਾ ਮੁਰਗਾ ਵੱਢਿਆ ਜਾਂਦਾ
। ਢੇਰ ਸਾਰੀਆਂ ਦਾਖਾਂ ਤੇ ਹੋਰ ਸੁੱਕੇ ਮੇਵੇ ਪਾ ਕੇ ਕੜਾਹ-ਪ੍ਰਸ਼ਾਦਿ ਤੇ ਖੀਰ ਆਦਿ ਤਿਆਰ ਕੀਤੇ ਜਾਂਦੇ। ਇਹ ਕੰਮ ਸਵੇਰ ਤੋਂ ਹੀ ਸ਼ੁਰੂ ਕਰ ਲਿਆ ਜਾਂਦਾ
ਵਾਰੋ ਵਾਰੀ ਸਾਰੇ ਘਰ ਦੋ-ਦੋ ਡੰਗ ਸੰਤਾਂ ਨੂੰ ਪ੍ਰਸ਼ਾਦਾ ਛਕਾਉਂਦੇ

ਮੀਤਾ ਤਾਂ ਹਨੇਰਾ ਹੋਣ ਸਾਰ ਹੀ ਜ਼ਿੱਦ ਕਰਨ ਲੱਗ ਪਿਆ ਸੀ- “ਬੇਬੇ, ਭੁੱਖ ਲੱਗੀ ਐ
।”
“ਨਾ ਪੁੱਤਰ, ‘ਮਹਾਰਾਜ ਜੀ’ ਦੇ ਛਕਣ ਤੋਂ ਬਾਅਦ
।”
ਤੇ ਥੱਪੜ ਖਾਣ ਤੋਂ ਬਾਅਦ ਮੀਤਾ ਦੁਬਾਰਾ ਮਾਂ ਦੇ ਨੇੜੇ ਨਹੀਂ ਸੀ ਗਿਆ

ਕਥਾ-ਕੀਰਤਨ ਤੋਂ ਵਿਹਲੇ ਹੋ ਕੇ ਰਾਤ ਦੇ ਕਰੀਬ ਗਿਆਰਾਂ ਵਜੇ ਸੰਤਾਂ ਨੇ ਆਪਣੇ ਸਿੰਘਾਂ ਸਮੇਤ ਭੋਜਨ ਛਕਿਆ
। ਅਰਦਾਸ ਹੋਈ
ਜੈਕਾਰੇ ਛੱਡੇ ਗਏ ਬਾਕੀ ਪਰਿਵਾਰ ਨੇ ‘ਸੀਤ-ਪ੍ਰਸਾਦਿ’ ਵੱਜੋਂ ਰੋਟੀ ਖਾਧੀ ਤੇ ਸੌਂ ਗਏ
ਸਵੇਰੇ ਉੱਠ ਕੇ ਬੇਬੇ ਨੇ ਵੇਖਿਆ, ਪਾਸੇ ਜਿਹੇ ਇਕ ਅਲਾਣੀ ਮੰਜੀ ਉੱਤੇ ਮੀਤਾ ਘੂਕ ਸੁੱਤਾ ਹੋਇਆ ਸੀ
ਉਸ ਦੀਆਂ ਲੱਤਾਂ ਮੰਜੀ ਦੀ ਦੌਣ ਵਿੱਚੋਂ ਥੱਲੇ ਲਮਕ ਰਹੀਆਂ ਸਨ
-0-
3. ਸ਼ਰਾਧ
ਮਾਂ ਸਮੇਤ ਤਿੰਨਾਂ ਬੱਚਿਆਂ ਨੂੰ ਰਾਤ ਭੁੱਖਿਆਂ ਹੀ ਸੌਣਾ ਪਿਆ ਸੀ ਅੱਜ ਬੱਚਿਆਂ ਦਾ ਬਾਪ ਦੇਰ ਰਾਤ ਤੱਕ ਕੰਮ ਤੋਂ ਵਾਪਸ ਨਹੀਂ ਸੀ ਪਰਤਿਆ ਉਸ ਦੇ ਆਉਣ ਤੇ ਹੀ ਚੁੱਲ੍ਹਾ ਗਰਮ ਹੋਣ ਦੀ ਸੰਭਾਵਨਾ ਹੋ ਸਕਦੀ ਸੀ
ਇਕ ਸੇਠ ਦੇ ਮਕਾਨ ਦੀ ਖੁੱਲ੍ਹੀ ਛੱਤ ਉੱਪਰ ਬਣੇ ਛੱਤਣੇ ਰੂਪੀ ਚੌਬਾਰੇ ਵਿਚ ਕਿਰਾਏ ਤੇ ਇਹ ਪਰਿਵਾਰ ਬਸਰ ਕਰ ਰਿਹਾ ਸੀ
ਵੱਡਾ ਮੁੰਡਾ ਅੱਜ ਆਮ ਨਾਲੋਂ ਸਵਖਤੇ ਹੀ ਜਾਗ ਪਿਆ ਸੀ ਬਹੁਤ ਹੀ ਸਵਾਦੀ ਤੇ ਵੰਨ-ਸੁਵੰਨੇ ਖਾਣਿਆਂ ਦੀ ਮਹਿਕ, ਜਿਵੇਂ ਸਾਹਾਂ ਰਾਹੀਂ ਉਸ ਦੇ ਸਮੁੱਚੇ ਜਿਸਮ ਵਿਚ ਸਮਾ ਗਈ ਸੀ
ਮੁੰਡੇ ਨੇ ਉੱਠਣ ਸਾਰ ਹੀ ਬੜੀ ਸ਼ਿੱਦਤ ਨਾਲ ਮਾਂ ਨੂੰ ਸੁਆਲ ਕੀਤਾ, “ਮਾਂ! ਆਹ ਅੱਜ ਖੁਸ਼ਬੂ ਜਿਹੀ ਕਾਹਦੀ ਆ ਰਹੀ ਐ?”
“ਪੁੱਤ, ਥੱਲੇ ਅੱਜ ਸੇਠ ਆਪਣੀ ਮਾਂ ਦਾ ਸ਼ਰਾਧ ਕਰ ਰਿਹੈ
“ਸ਼ਰਾਧ ਕੀ ਹੁੰਦੈ ਮਾਂ?” ਮੁੰਡੇ ਦੀ ਉਤਸੁਕਤਾ ਹੋਰ ਵੱਧ ਗਈ ਸੀ
ਮਾਂ ਨੇ ਜ਼ਰਾ ਵਿਸਥਾਰ ਨਾਲ ਸਮਝਾਉਂਦਿਆ ਦੱਸਿਆ, “ਹਰ ਸਾਲ ਪੰਡਤਾਂ-ਪ੍ਰੋਹਿਤਾਂ ਨੂੰ ਖੀਰ-ਪੂੜੀਆਂ, ਕੜਾਹ-ਪ੍ਰਸਾਦਿ ਤੇ ਤਰ੍ਹਾਂ-ਤਰ੍ਹਾਂ ਦੇ ਖਾਣੇ ਖੁਆਏ ਜਾਂਦੇ ਐ ਹੋਰ ਵੀ ਦਾਨ-ਪੁੰਨ ਕੀਤਾ ਜਾਂਦਾ ਐ
“ਪੰਡਤਾਂ ਨੂੰ ਖਾਣੇ ਕਿਉਂ ਖੁਆਏ ਜਾਂਦੇ ਐ?”
“ਤਾਂ ਕਿ ਸਵਰਗ ਸਿਧਾਰ ਚੁੱਕੇ ਬਜ਼ੁਰਗਾਂ ਤੱਕ ਉਹ ਖਾਣੇ ਪਹੁੰਚ ਜਾਣ” ਮਾਂ ਨੇ ਆਪਣੇ ਪੁੱਤ ਕੋਲ ਬਹਿੰਦਿਆਂ ਦੱਸਿਆ, “ਸੇਠ ਅੱਜ ਇਹ ਪਕਵਾਨ ਆਪਣੀ ਸਵਰਗ ਵਿਚ ਬੈਠੀ ਮਾਤਾ ਲਈ ਭੇਜ ਰਿਹੈ
ਹੈਰਾਨ ਹੁੰਦਿਆਂ ਪੁੱਤਰ ਨੇ ਪੁੱਛਿਆ, “ਮੰਮੀ, ਏਨੀ ਦੂਰ?” ਮੁੰਡੇ ਨੇ ਆਪਣੀ ਬਾਂਹ ਅਸਮਾਨ ਵੱਲ ਕਰਕੇ ਹੱਥ ਦੀ ਉਂਗਲ ਵੀ ਸਿੱਧੀ ਕਰ ਦਿੱਤੀ ਸੀ
“ਹਾਂ ਪੁੱਤ, ਏਨੀ ਦੂਰ
ਮੁੰਡਾ ਥੋੜ੍ਹੀ ਦੇਰ ਲਈ ਗੁੰਮ-ਸੁੰਮ ਹੋ ਗਿਆ ਸੀ ਫਿਰ ਉਸ ਨੇ ਅੱਖਾਂ ਫੈਲਾਅ ਕੇ , ਬੁੱਲਾਂ ਤੇ ਜੀਭ ਫੇਰਦਿਆਂ ਮੁਸਕਰਾ ਕੇ ਕਿਹਾ, “ਮਾਂ, ਉੱਧਰ ਜਾਂਦੇ ਜਾਂਦੇ ਕੁਝ ਕੜਾਹ-ਪੂੜੇ ਜੇ ਆਪਣੇ ਆਲੀ ਛੱਤ ’ਤੇ ਡਿੱਗ ਪੈਣ, ਫੇਰ ਤਾਂ ਮਜ਼ਾ ਈ ਆ ਜੇ
ਮਾਂ ਦੇ ਚਿਹਰੇ ਉੱਤੇ ਮੁਰਦੇਹਾਣੀ ਫੈਲ ਗਈ ਸੀ
-0-

4. ਬੰਸੋ ਬੁੱਢੀ
ਹੁਣ ਤਕ ਤਾਂ ਬੇਸ਼ਕ ਬੈਂਕ ਵਿਚ ਕਾਫੀ ਭੀੜ ਹੋ ਗਈ ਸੀ, ਪਰ ਜਦੋਂ ਬੰਸੋ ਬੁੱਢੀ ਆਈ ਸੀ ਉਦੋਂ ਤਾਂ ਸੋਫਾ ਖਾਲੀ ਪਿਆ ਸੀ ਸੋਫਾ ਖਾਲੀ ਪਿਆ ਹੋਣ ਦੇ ਬਾਵਜੂਦ ਵੀ ਉਹ ਬਰਫ ਵਰਗੇ ਠੰਡੇ ਫਰਸ਼ ਉੱਤੇ ਹੀ ਬੈਠ ਗਈ ਸੀ, ਇਹ ਸੋਚ ਕੇ ਕਿ ਕਿਤੇ ਬੈਂਕ ਵਾਲੇ ਹੋਰ ਵੀ ਨਾਰਾਜ਼ ਨਾ ਹੋ ਜਾਣ ਪਿਛਲੇ ਦੋ ਹਫਤਿਆਂ ਵਿਚ ਇਹ ਉਸ ਦਾ ਤੀਜਾ ਗੇੜਾ ਸੀ ਪਿਛਲੇ ਦੋ ਮਹੀਨੇ ਤਾਂ ਉਹ ਸੌ-ਸੌ ਦੇ ਦੋ-ਦੋ ਨਵੇਂ ਨਕੋਰ ਨੋਟ ਇਕ ਮੈਲੇ-ਕੁਚੈਲੇ ਤੇ ਪੁਰਾਣੇ ਜਿਹੇ ਰੁਮਾਲ ਵਿੱਚ ਘੁੱਟ ਕੇ ਬੰਨ੍ਹ, ਚੰਗੀ ਤਰ੍ਹਾਂ ਗੀਜੇ ਵਿਚ ਪਾ-ਸੰਭਾਲ ਕੇ ‘ਛਾਲਾਂ’ ਮਾਰਦੀ ਪਿੰਡ ਆ ਜਾਇਆ ਕਰਦੀ ਸੀ
ਬੰਸੋ ਬੁੱਢੀ ਦਾ ਅੱਗਾ ਨਾ ਪਿੱਛਾ ਦੋ ਸੌ ਰੁਪਿਆ ਤਾਂ ਖਾਧਿਆਂ-ਪੀਤਿਆਂ ਨਹੀਂ ਸੀ ਮੁਕਦਾ
‘ਬੇਬੇ ਤੇਰੀ ਪੈਨਸ਼ਨ ਲੁਆਤੀ ਬੋਟ ਹੁਣ ਸਾਨੂੰ ਪਾਈਂ’ ਮਾਨਾਂ ਦੀ ਪੱਤੀ ਵਾਲਾ ਛਿੰਦਾ ਵੋਟਾਂ ਵਾਲਾ ਨਿਸ਼ਾਨ ਵੀ ਦੱਸ ਗਿਆ ਸੀ ਫੋਟੋ ਕਰਵਾ ਕੇ ਉਸੇ ਨੇ ਹੀ ਬੈਂਕ ਦੀ ਕਾਪੀ ਬਣਵਾ ਕੇ ਦਿੱਤੀ ਸੀ ਪਹਿਲੀ ਵਾਰੀ ਬੰਸੋ ਦੇ ਨਾਲ ਬੈਂਕ ਵੀ ਉਹੋ ਹੀ ਆਇਆ ਸੀ ਪੈਨਸ਼ਨ ਲੈਣ ਦੋ ਵਾਰੀ ਡਿਗਦੀ-ਢਹਿੰਦੀ, ਪੁੱਛਦੀ-ਪੁਛਾਂਦੀ ਉਹ ਆਪ ਹੀ ਆ ਗਈ ਸੀ ਪੈਨਸ਼ਨ ਤਾਂ ਪਿੰਡ ਦੇ ਹੋਰ ਵੀ ਬੰਦੇ-ਬੁੜ੍ਹੀਆਂ ਨੂੰ ਲੱਗੀ ਸੀ, ਪਰ ਨਿਮਾਣੀ-ਨਿਤਾਣੀ ਬੰਸੋ ਨੂੰ ਨਾਲ ਲੈ ਕੇ ਨਹੀਂ ਸੀ ਆਉਂਦਾ ਕੋਈ
ਪਹਿਲੇ ਦੋ ਮਹੀਨੇ ਆਰਾਮ ਨਾਲ ਮਿਲਦੇ ਰਹੇ ਸਨ ਪੈਸੇ ਇਸ ਮਹੀਨੇ ਕੀ ਚੱਕਰ ਪੈ ਗਿਆ ਸੀ? ਬੰਸੋ ਬੁੱਢੀ ਦੀ ਸਮਝ ਵਿਚ ਨਹੀਂ ਸੀ ਆਉਂਦਾ ਇਕ ਵਾਰੀ ਤਾਂ ਬੈਂਕ ਦੇ ਬਾਬੂ ਨੇ ਜ਼ਰਾ ਆਰਾਮ ਨਾਲ ਕਿਹਾ ਸੀ, “ਅਜੇ ਥੋਡੀ ਪੈਨਸ਼ਨ ਦੇ ਪੈਸੇ ਨਹੀਂ ਆਏ ਮਾਈ, ਫੇਰ ਕਿਤੇ ਆ ਕੇ ਕਰ ਲੀਂ ਪਤਾ”, ਪਰ ਦੂਜੀ ਵਾਰੀ ਤਾਂ ਟੁੱਟ ਕੇ ਹੀ ਪੈ ਗਿਆ ਸੀ, “ਸਿਰ ਕਿਉਂ ਖਾਈ ਜਾਨੀਂ ਐਂ? ਸੋਮਵਾਰ ਆਈਂ ਪਤਾ ਕਰਨ
“ਪੁੱਤ, ਸੋਮਵਾਰ ਕਿੰਨੇ ਦਿਨਾਂ ਨੂੰ ਆਊ?”
“ਐਤਵਾਰ ਤੋਂ ਅਗਲੇ ਦਿਨ” ਤੇ ਬਾਬੂ ਬੰਸੋ ਬੁੱਢੀ ਨੂੰ ਹੋਰ ਚੱਕਰ ਵਿਚ ਪਾ ਕੇ ਆਪਣੇ ਕੰਮ ਵਿਚ ਰੁਝ ਗਿਆ ਸੀ
ਅੱਜ ਵੀ ਦੁਬਲੇ-ਪਤਲੇ ਕਮਜ਼ੋਰ ਚਿਹਰੇ, ਅੰਦਰ ਨੂੰ ਧਸੀਆਂ ਨਿਰਜੋਤ ਜਿਹੀਆਂ ਅੱਖਾਂ ਉੱਤੇ ਮੈਲੇ ਸ਼ੀਸ਼ਿਆਂ ਵਾਲੀ ਐਨਕ ਲਾਈ ਕੰਬਦੇ ਹੱਥਾਂ ਵਿਚ ਪੈਨਸ਼ਨ ਵਾਲੀ ਕਾਪੀ ਲੈ ਕੇ ਉਹ ਕਿੰਨੇ ਚਿਰ ਤੋਂ ਕਾਉਂਟਰ ਤੇ ਕੂਹਣੀਆਂ ਟਿਕਾਈ ਖੜੀ ਸੀ ਪਰ ਉਸਦੀ ਕਿਸੇ ਨੇ ਬਾਤ ਨਹੀਂ ਸੀ ਪੁੱਛੀ ਬੇਸ਼ਕ ਗਾਹਕਾਂ ਦੀ ਭੀੜ ਹੋ ਜਾਣ ਤੋਂ ਪਹਿਲਾਂ ਉਹ ਕਿੰਨੇ ਹੀ ਵਾਰੀ ਵਿੰਗਾ ਜਿਹਾ ਮੂੰਹ ਕਰਕੇ ਫਰਿਆਦ ਕਰ ਚੁੱਕੀ ਸੀ, “ਵੇ ਪੁੱਤ, ਦੇਖੀਂ ਮੇਰੀ ਪਿਲਸਨ ਆ ਗਈ?”
ਆਖਿਰ ਘੰਟਾ ਭਰ ਖੜੀ ਰਹਿਣ ਤੋਂ ਬਾਅਦ ਗੰਨਮੈਨ ਨੇ ਝਿੜਕ ਦਿੱਤਾ ਸੀ–“ਮਾਈ, ਹੈਥੇ ਬਹਿਜਾ ’ਰਾਮ ਨਾਲ ਅਸੀਂ ਆਪੇ ਦੇਖ ਕੇ ਦੱਸ ਦਿਆਂਗੇ
ਦੋ-ਢਾਈ ਵਜੇ ਬੋਂਕ ਦਾ ਅਮਲਾ-ਫੈਲਾ ਜਦੋਂ ਰੋਟੀ ਖਾਣ ਲਈ ਉੱਠਿਆ ਤਾਂ ਠੰਡ ਅਤੇ ਭੁੱਖ ਨਾਲ ਅੱਧਮੋਈ ਜਿਹੀ ਹਾਲਤ ਵਿਚ ਅਜੇ ਵੀ ਪੈਨਸ਼ਨ ਵਾਲੀ ਕਾਪੀ ਹੱਥ ਵਿਚ ਫੜੀ ਬੈਠੀ ਬੰਸੋ ਨੂੰ ਦੇਖ ਕੇ, ਇਕ ਮੁਲਾਜ਼ਮ ਨੇ ਤਰਸ ਖਾ ਉਸਦੇ ਨੇੜੇ ਜਾ ਉੱਚੀ ਬੋਲ ਕੇ ਸਮਝਾਉਣਾ ਚਾਹਿਆ, “ਤੇਰੀ ਪੈਨਸ਼ਨ ਬੰਦ ਹੋ ਗਈ
ਬੁੱਢੀ ਸੋਟੀ ਦੇ ਸਹਾਰੇ ਕਾਫੀ ਸਾਰਾ ਵਕਤ ਲਾ ਕੇ ਉੱਠ ਖੜੀ ਹੋਈ ਦੋ-ਤਿੰਨ ਵਾਰੀ ਮੁਲਾਜ਼ਮ ਦੇ ਮੂੰਹੋਂ ਉਹੀ ਸ਼ਬਦ ਸੁਣ ਕੇ ਉਹ ਡੱਡੋਲਿਕੀ ਹੋ ਕੇ ਮੱਧਮ ਆਵਾਜ਼ ਵਿਚ ਬੋਲੀ, “ਕਿਉਂ ਪੁੱਤ?”
“ਮਾਤਾ, ਸਰਕਾਰ ਬਦਲ ਗਈ ਐ” ਮੁਲਾਜ਼ਮ ਨੇ ਕਿਹਾ ਤੇ ਰੋਟੀ ਖਾਣ ਚਲਾ ਗਿਆ
-0-

5. ਮੂਕ ਸ਼ਬਦਾਂ ਦੀ ਵਾਪਸੀ
ਦਲਜੀਤ ਨੂੰ ਵਿਆਹ-ਸ਼ਾਦੀਆਂ ਦਾ ਰੌਲਾ-ਰੱਪਾ ਚੰਗਾ ਨਹੀਂ ਸੀ ਲਗਦਾ ਪਰ ਅੱਜ ਉਸ ਦਾ ਜੀਅ ਲੱਗਾ ਹੋਇਆ ਸੀ ਪਰੀਆਂ ਵਰਗੀ ਇਕ ਤੀਵੀਂ ਕੁਝ ਇਸ ਅਦਾ ਨਾਲ ‘ਛਣ-ਛਣ’ ਕਰਦੀ ਫਿਰਦੀ ਸੀ ਕਿ ਹਰ ਇਕ ਦੇ ਦਿਲ ਨੂੰ ਜ਼ਖ਼ਮੀ ਕਰ ਸਕਦੀ ਸੀ ਪਰ ‘ਹਰ ਇਕ’ ਨਾਲ ਦਲਜੀਤ ਨੂੰ ਕੀ ਮਤਲਬ? ਉਹ ਤਾਂ ਖੁਦ ਉਸ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ, ਦਿਲ ਵਿਚ ਮਿਠਾਸ ਭਰ ਦੇਣ ਵਾਲਾ ਉਸ ਦਾ ਨਾਂ ਜਾਣਨਾ ਚਾਹੁੰਦਾ ਸੀ ਪਰ ਨਹੀਂ, ਉਹ ਪਰੀ ਕੋਈ ਮੌਕਾ ਨਹੀਂ ਸੀ ਦੇ ਰਹੀ
‘ਮੈਂ ਉਸ ਨੂੰ ਕਹਾਂਗਾ…’ ਇਹ ਵਾਕ ਕਿੰਨੀ ਵਾਰੀ ਦਲਜੀਤ ਦੇ ਹੋਠਾਂ ਉੱਤੇ ਆਇਆ ਤੇ ਇਕ ਅਨਹਦ ਜਿਹੀ ਝੁਨਕਾਰ ਦਾ ਸੰਚਾਰ ਕਰਦਾ ਚਲਾ ਗਿਆ ‘ਬਿਜਲੀ ਦੀ ਲਿਸ਼ਕ’ ਇੱਧਰ-ਉੱਧਰ ਟਪੂੰ-ਟਪੂੰ ਕਰਦੀ ਫਿਰ ਰਹੀ ਸੀ ਸਜੇ-ਸੰਵਰੇ ਵਾਲ, ਸੁਰਮਈ ਅੱਖਾਂ ਤੇ ਹੋਠਾਂ ਤੇ ਲਾਲੀ
ਦਲਜੀਤ ਸੋਚ ਰਿਹਾ ਸੀ– ਕਿਸ ਖੁਸ਼ਕਿਸਮਤ ਦੇ ਘਰ ਦਾ ਸ਼ਿੰਗਾਰ ਬਣੀ ਹੋਵੇਗੀ ਇਹ? ਉਸ ਨੇ ਦਲਜੀਤ ਵੱਲ ਵੇਖਿਆ ਵੀ ਸੀ ਜਾਂ ਨਹੀਂ, ਪਰ ਇਕ ਮਿੱਠੇ-ਮਿੱਠੇ ਅਹਿਸਾਸ ਨੇ ਤਰਕਾਲਾਂ ਕਰ ਦਿੱਤੀਆਂ ਸਨ
ਸੋਲ੍ਹਵੇਂ ਸਾਲ ਵਿਚ ਪੈਰ ਰੱਖ ਰਿਹਾ ਦਲਜੀਤ ਦਾ ਬੇਟਾ, ਜਿਹੜਾ ਸਵੇਰ ਦਾ ਪਤਾ ਨਹੀਂ ਕਿੱਥੇ ਰਿਹਾ ਸੀ, ਬਹੁਤ ਹੀ ਖੁਸ਼-ਖੁਸ਼ ਆਪਣੇ ਡੈਡੀ ਦੇ ਨੇੜੇ ਆਇਆ ਪਹਿਲਾਂ ਉਹ ਇੱਧਰ-ਉੱਧਰ ਦੀਆਂ ਗੱਲਾਂ ਕਰਦਾ ਰਿਹਾ, ਫਿਰ ਬਹੁਤ ਹੀ ਸੁਭਾਵਕ ਲਹਿਜੇ ਵਿਚ ਕਹਿਣ ਲੱਗਾ, “ਡੈਡੀ ਜੀ, ਔਹ ਆਂਟੀ (ਉਸ ਦਾ ਇਸ਼ਾਰਾ ਉਸ ਪਰੀ ਵੱਲ ਸੀ) ਬਹੁਤ ਚੰਗੇ ਐ
ਦਲਜੀਤ ਤ੍ਰਭਕ ਗਿਆ ਸੀ ਪਰ ਪ੍ਰੋੜ੍ਹ ਉਮਰ ਨੇ ਚਿਹਰੇ ਉੱਤੇ ਇਸ ਮਾਨਸਕ ਖਲਲ ਨੂੰ ਸਪਸ਼ਟ ਨਹੀਂ ਸੀ ਹੋਣ ਦਿੱਤਾ
ਮੁੰਡਾ ਕਹਿੰਦਾ ਚਲਾ ਗਿਆ, “ਆਂਟੀ ਦਾ ਨਾਂ ਪੂਨਮ ਐ ਗਿੱਧੇ ਵੇਲੇ ਉਹ ਮੇਰਾ ਹੱਥ ਫੜ ਕੇ ਨੱਚੇ ਵੀ ਸੀ
ਦਲਜੀਤ ਨੇ ਮੁੰਡੇ ਦੇ ਚਿਹਰੇ ਵੱਲ ਦੇਖਿਆ, ਜਿਸ ਉੱਤੇ ਲਾਲੀ ਫੈਲ ਗਈ ਸੀ ਮੁੰਡੇ ਦਾ ਕੱਦ-ਕਾਠ ਉਸ ਨੂੰ ਆਪਣੇ ਤੋਂ ਤਕੜਾ ਤੇ ਉੱਚਾ ਜਾਪਿਆ, ਜਿਹੜਾ ਕਿ ਹੁਣੇ-ਹੁਣੇ ਹੀ ਹੋ ਗਿਆ ਹੋਵੇ
ਉਸ ਨੇ ਆਪਣੀ ਗਰਦਨ ਦੂਜੇ ਪਾਸੇ ਘੁਮਾ ਲਈ ਤੇ ਆਪਣੇ ਅੰਦਰਲੇ ਸ਼ਬਦਾਂ ਨੂੰ ਅੰਦਰੋਂ-ਅੰਦਰ ਹੀ ਵਾਪਸ ਲੈ ਲਿਆ
-0-

Wednesday, August 12, 2009

ਹਰਭਜਨ ਖੇਮਕਰਨੀ

ਸ਼ੀ ਹਰਭਜਨ ਖੇਮਕਰਨੀ ਪੰਜਾਬੀ ਮਿੰਨੀ ਕਹਾਣੀ ਦੇ ਪ੍ਰੋੜ੍ਹ ਹਸਤਾਖਰ ਹਨ। ਮਿੰਨੀ ਕਹਾਣੀ ਦੇ ਖੇਤਰ ਵਿਚ ਉਹਨਾਂ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ। ਉਹਨਾਂ ਦੇ ਸੰਖੇਪ ਪਰੀਚੈ ਨਾਲ ਪ੍ਰਸਤੁਤ ਹਨ ਉਹਨਾਂ ਦੀਆਂ ਚਾਰ ਚਰਚਿਤ ਮਿੰਨੀ ਕਹਾਣੀਆਂ।
*****
ਜਨਮ : 10 ਨਵੰਬਰ 1941 ਨੂੰ ਖੇਮਕਰਨ (ਪੰਜਾਬ) ਵਿਖੇ।
ਸਿਖਿਆ : ਐਮ.ਏ. (ਪੰਜਾਬੀ)
ਮੌਲਿਕ ਪੁਸਤਕਾਂ: ‘ਥਿੰਦਾ ਘੜਾ’ (ਮਿੰਨੀ ਕਹਾਣੀ ਸੰਗ੍ਰਹਿ), ‘ਗਲੀ ਦਾ ਸਫਰ’ ਅਤੇ ‘ਵੇਲਾ ਕੁਵੇਲਾ’ ਕਹਾਣੀ ਸੰਗ੍ਰਹਿ।
ਵਿਸ਼ੇਸ਼ : ਅਨੇਕਾਂ ਸਾਹਿਤਕ ਸੰਸਥਾਵਾਂ ਵੱਲੋਂ ਸਨਮਾਨਿਤ।
ਸੰਪਰਕ : 4381-ਏ, ਰਣਜੀਤਪੁਰਾ, ਪੁਤਲੀਘਰ, ਅੰਮ੍ਰਿਤਸਰ (ਪੰਜਾਬ)-143002
ਫੋਨ: 0183-2226892 ਮੋਬਾਈਲ: 09878131525
****
1.ਵਰਦੀ
ਹਵੇਲੀ ਅੱਗੇ ਬੈਠਾ ਸਰਪੰਚ ਆਪਣੇ ਹਮੈਤੀਆਂ ਨਾਲ ਮਾਮਲੇ ਨਜਿੱਠਣ ਸਬੰਧੀ ਸਲਾਹ-ਮਸ਼ਵਰਾ ਕਰ ਰਿਹਾ ਸੀ। ਉਹਨਾਂ ਦੇ ਕੋਲ ਹੀ ਰੰਗਰੂਟੀ ਕਰ ਕੇ ਛੁੱਟੀ ਆਇਆ ਸਰਪੰਚ ਦਾ ਮੁੰਡਾ ਆਪਣੀ ਵਰਦੀ ਕਸੀ ਮਿੱਤਰ ਮੰਡਲੀ ਵਿਚ ਬੈਠਾ ਚਟਕਾਰੇ ਲੈ ਲੈ ਕੇ ਰੰਗਰੂਟੀ ਦੀਆਂ ਗੱਲਾਂ ਸੁਣਾ ਰਿਹਾ ਸੀ। ਇਤਨੇ ਨੂੰ ਪਿੰਡ ਛੁੱਟੀ ਆਇਆ ਸੂਬੇਦਾਰ ਨਿਸ਼ਾਨ ਸਿੰਘ ਵਿਹੜੇ ਨੂੰ ਜਾਣ ਲਈ ਹਵੇਲੀ ਅੱਗਿਓਂ ਲੰਘਣ ਲੱਗਾ ਤਾਂ ਸਰਪੰਚ ਦੇ ਮੁੰਡੇ ਨੇ ਉੱਠ ਕੇ ਠਾਹ ਕਰਦਾ ਸੈਲਿਊਟ ਮਾਰਿਆ।
ਸੈਲਿਊਟ ਦਾ ਉੱਤਰ ਦੇ ਕੇ ਜਦੋਂ ਸੂਬੇਦਾਰ ਥੋੜਾ ਜਿਹਾ ਅੱਗੇ ਚਲਾ ਗਿਆ ਤਾਂ ਪਿਛਲੇ ਪਾਸਿਉਂ ਕਿਸੇ ਨੇ ਸ਼ਬਦਾਂ ਦਾ ਵਾਰ ਕੀਤਾ, ਆਜ਼ਾਦੀ ਤਾਂ ਇਹਨਾਂ ਨੂੰ ਮਿਲੀ ਐ। ਵੇਖਿਆ ਸੂਬੇਦਾਰ ਦਾ ਟੋਹਰ, ਸਰਪੰਚ ਦਾ ਮੁੰਡਾ ਵੀ ਸਲੂਟ ਮਾਰਦੈ।
ਭਾਊ ਜੀ, ਬੰਦੇ ਨੂੰ ਕੌਣ ਪੁਛਦੈ। ਇਹ ਤਾਂ ਮੋਢੇ ਤੇ ਲੱਗੇ ਫੁੱਲਾਂ ਦੀ ਇੱਜ਼ਤ ਐ।
ਕੋਈ ਨੀ…ਸੂਬੇਦਾਰ ਨੂੰ ਸਨਾਹ ਭੇਜ ਦਿੰਨੇਂ ਆਂ ਕਿ ਹੁਣ ਵਰਦੀ ਪਾ ਕੇ ਪਿੰਡ ਨਾ ਆਇਆ ਕਰੇ।ਸਰਪੰਚ ਨੇ ਖਲਾਅ ਨੂੰ ਘੂਰਦਿਆਂ ਕਿਹਾ।
-0-
2. ਮੌਕਾ-ਪ੍ਰਸਤੀ
ਝੋਨੇ ਦੀ ਸਾਂਭ-ਸੰਭਾਲ ਪਿੱਛੋਂ ਅਰਜਨ ਸਿੰਘ ਨੇ ਆੜ੍ਹਤੀ ਬਿਸ਼ੇਸ਼ਰ ਮੱਲ ਨੂੰ ਆਣ ਫ਼ਤਹਿ ਬੁਲਾਈ। ਬਿਸ਼ੇਸ਼ਰ ਮੱਲ ਨੇ ਅਰਜਨ ਸਿੰਘ ਨੂੰ ‘ਜੀ ਆਇਆਂ ਨੂੰ’ ਆਖਦਿਆਂ ਆਪਣੇ ਕਰਿੰਦੇ ਨੂੰ ਪਾਣੀ ਪਿਆਉਣ ਦਾ ਇਸ਼ਾਰਾ ਕੀਤਾ। ਇਸ ਤੋਂ ਪਹਿਲਾਂ ਕਿ ਅਰਜਨ ਸਿੰਘ ਕੋਈ ਗੱਲ ਕਰਦਾ, ਆੜਤੀ ਉਲ੍ਹਾਮੇ ਜਿਹੇ ਨਾਲ ਬੋਲਿਆ, ਵੇਖ ਲਾ ਭਾਊ, ਐਤਕੀਂ ਵੀ ਤੇਰੇ ਭਤੀਜੇ ਨੇ ਦੂਸਰੀ ਆੜ੍ਹਤ ਤੇ ਝੋਨਾ ਸੁੱਟਿਐ। ਇਹ ਕੋਈ ਚੰਗੀ ਗੱਲ ਤਾਂ ਨਹੀਂ ਨਾ ਸਰਦਾਰ ਜੀ। ਤੁਹਾਡੇ ਕਰਕੇ ਈ ਤਾਂ ਉਹਦਾ ਲਿਹਾਜ ਕਰ ਰਿਹੈਂ, ਪਿਛਲਾ ਹਿਸਾਬ-ਕਤਾਬ ਅਜੇ ਖੜੈ…।
ਕੋਈ ਨ੍ਹੀਂ ਸ਼ਾਹ ਜੀ, ਆ ਜਾਣਗੇ ਪੈਸੇ ਪਰਸੋਂ ਤੀਕ, ਉਹਨੂੰ ਸਾਰੀ ਰਕਮ ਮਿਲ ਜਾਣੀ ਐ ਵੱਟਕ ਦੀ। ਮੇਰਾ ਹਿਸਾਬ-ਕਿਤਾਬ ਬਣਾਇਐ? ਘਰ ਵਾਲੀ ਜਿੱਦ ਕਰੀ ਬੈਠੀ ਆ ਕਿ ਕੁੜੀ ਤੋਰਨ ਲੱਗਿਆਂ ਨਿੱਕ-ਸੁੱਕ ਜਿਹਾ ਬਣਾ ਕੇ ਦੇਣੈ।
ਐਹ ਲਓ ਪਰਚੀ, ਹਿਸਾਬ ਬਣਾਇਆ ਪਿਆ, ਪਿਛਲਾ ਹੱਥ-ਹੁਦਾਰ ਤੇ ਵਿਆਜ ਪਾ ਕੇ ਜੋ ਬਚਦੈ ਹੱਥੀ-ਬੱਧੀ ਦੇਣੈ।
ਅਰਜਨ ਸਿੰਘ ਨੇ ਸਰਸਰੀ ਜਿਹੀ ਨਜ਼ਰ ਪਰਚੀ ਉੱਤੇ ਮਾਰੀ ਤਾਂ ਉਹਦੇ ਚਿਹਰੇ ਉੱਪਰ ਰੌਣਕ ਆ ਗਈ। ਉਸ ਨੂੰ ਐਨੀ ਰਕਮ ਬਚਣ ਦੀ ਆਸ ਨਹੀਂ ਸੀ।
ਸੇਠ ਜੀ ਆਹ ਲਓ ਪਰਚੀ ਤੇ ਪੰਜ ਕੁ ਹਜ਼ਾਰ ਦਿਓ ਹੁਣ ਤੇ ਬਾਕੀ ਹਫ਼ਤੇ ਪੰਦਰਾਂ ਦਿਨਾਂ ਤੀਕ ਕਰ ਦਿਉ। ਲੈਣ ਦੇਣ ਕਰਕੇ ਸੁਰਖਰੂ ਹੋਈਏ।
ਐਹ ਲਓ ਪੰਜ ਹਜ਼ਾਰ ਤੇ ਬਾਕੀ ਦੇ ਪੈਸਿਆਂ ਦੀ ਤਰੀਕ ਲਿਖ ਦਿੱਤੀ ਐ। ਤਿੰਨ ਕੁ ਮਹੀਨੇ ਤੀਕ…।
ਤਰੀਕ!…ਕਾਹਦੀ ਤਰੀਕ? ਦੇਣਦਾਰਾਂ ਨੂੰ ਲਾਰਾ ਲਾਇਐ ਕਿ ਝੋਨੇ ’ਤੇ ਨਿਬੇੜਾ ਕਰ ਦਿਆਂਗਾ। ਫਿਰ ਘਰ ਦਾ ਖਰਚਾ ਵੀ ਇਸੇ ਤੋਂ ਤੋਰਨਾ ਹੋਇਆ… ਤੇ ਤੁਸੀਂ ਤਿੰਨ ਮਹੀਨੇ ਦੀ ਤਰੀਕ ਦੇ ਰਹੇ ਓ!
ਐਨੀ ਜਲਦੀ ਤਾਂ ਮੁਸ਼ਕਲ ਐ ਫਿਰ…।
ਸੋਚ ਲਓ ਸ਼ਾਹ ਜੀ, ਰਣਜੀਤ ਹੁਰੀਂ ਅਗਾਊ ਪੈਸੇ ਦੇਣ ਦਾ ਕਹਿੰਦੇ ਐ ਤੇ ਫਸਲ ਦੀ ਬਚਦੀ ਰਕਮ ਮਹੀਨੇ ਵਿਚ ਦੇਣ ਦਾ ਵਾਇਦਾ। ਦੇਰੀ ਹੋਣ ਤੇ ਵਿਆਜ ਵੀ ਦੇਣਗੇ। ਅੱਗੋਂ ਤੁਸੀਂ ਸਿਆਣੇ ਓਂ…ਕਿਤੇ ਭਤੀਜੇ ਆਂਗੂੰ ਉਸੇ ਆੜ੍ਹਤ ਤੇ…।
ਅਰਜਨ ਸਿੰਘ ਦੇ ਚਿਹਰੇ ਤੇ ਫੈਲੀ ਦ੍ਰਿੜਤਾ ਵੇਖ ਬਿਸ਼ੇਸ਼ਰ ਮੱਲ ਤਿਲਮਿਲਾਇਆ। ਆਪਣੇ ਪਿਤਾ ਦੇ ਬੋਲ ਕਿ ਜਿਮੀਂਦਾਰਾਂ ਦੇ ਸਿਰ ਤੇ ਹੀ ਇਹ ਠਾਠ-ਬਾਠ ਨੇ, ਇਨ੍ਹਾਂ ਨੂੰ ਹਰ ਹੀਲੇ ਕੀਲ ਕੇ ਰੱਖਣ ਨਾਲ ਹੀ ਇੱਜ਼ਤ ਕਾਇਮ ਰਹਿੰਦੀ ਏ, ਉਹਦੇ ਕੰਨਾਂ ਵਿਚ ਗੂੰਜੇ। ਉਹ ਹੱਸਦਾ ਹੋਇਆ ਬੋਲਿਆ, ਸਰਦਾਰ ਜੀ, ਆਪਾਂ ਕਿਤੇ ਪੈਸਿਆਂ ਨਾਲ ਵਰਤਣੈ…ਪੰਦਰਾਂ ਦਿਨਾਂ ਨੂੰ ਆਪਣੀ ਰਕਮ ਲੈ ਜਾਣੀ ਤੇ ਕਣਕ ਬੀਜਣ ਵਾਸਤੇ ਜਿੰਨੀਆਂ ਬੋਰੀਆਂ ਚਾਹੀਦੀਆਂ ਹੋਣ, ਉਹ ਵੀ। ਹਿਸਾਬ ਹਾੜੀ ਤੇ ਕਰ ਲਵਾਂਗੇ।
ਅਰਜਨ ਸਿੰਘ ਨੇ ਪੰਜ ਹਜ਼ਾਰ ਦੀ ਗੱਠੀ ਹੇਠਲੀ ਜੇਬ ਵਿਚ ਪਾਈ ਤੇ ਪੰਦਰਾਂ ਦਿਨਾਂ ਦਾ ਇਕਰਾਰ ਲੈ ਮੁਸਕਰਾਂਦਾ ਹੋਇਆ ਥੜ੍ਹੇ ਤੋਂ ਹੇਠਾਂ ਉਤਰ ਆਇਆ।
-0-
3. ਉਪਾਅ
ਭੈਣ ਜੀ, ਕੁਝ ਸੁਣਿਆ ਜੇ…?ਦਰਾਣੀ ਨੇ ਜਠਾਣੀ ਨੂੰ ਸੰਬੋਧਿਤ ਹੁੰਦਿਆਂ ਦੱਸਣ ਵਾਲੇ ਰੌਅ ਵਿਚ ਪੁੱਛਦਿਆਂ ਕਿਹਾ।
ਕੀ ਕੋਈ ਖਾਸ ਗੱਲ ਹੋ ਗੀ?…ਅੱਜ ਤਾਂ ਸਵੇਰ ਦਾ ਚੌਂਕੇ ’ਚੋਂ ਨਿਕਲ ਹੀ ਨਹੀਂ ਹੋਇਆ…ਸੁੱਖ ਨਾਲ ਵੀਰ ਆਇਐ।ਦਰਾਣੀ ਵੱਲ ਉਤਸੁਕਤਾ ਨਾਲ ਵੇਖਦਿਆਂ ਜਠਾਣੀ ਨੇ ਕਿਹਾ।
ਬਾਜਵਿਆਂ ਦੀ ਦਰਸ਼ਨਾਂ ਨੇ ਆਪਣੀ ਸੱਸ ਕੁੱਟ ਤੀ…
ਹੈਂ…ਚਰਨੋ ਕੁੱਟ ਤੀ…ਅੱਜ ਸੂਰਜ ਪੱਛਮੋਂ ਕਿਮੇਂ…?
ਉਹਦੇ ਤਾਂ ਐਂ ਹੱਡ ਸੇਕੇ ਸੂ ਜਿਵੇਂ ਡੰਗਰ ਕੁੱਟੀਦੈ ।
ਅੱਤ ਵੀ ਬੜੀ ਚੁੱਕੀ ਸੀ ਉਸਨੇ…ਗੱਲ ਗੱਲ ਤੇ ਧੜੈ ਧੜੈ ਕੁੱਟ ਸੁੱਟਣਾ…ਦਰਸ਼ਨਾ ਵਿਚਾਰੀ ਗਰੀਬ ਗਊ…ਮਾਰ ਖਾ ਕੇ ਕਦੇ ਕੁਸਕਦੀ ਨਹੀਂ ਸੀ…ਪੇਕਾ ਜੂ ਕਮਜ਼ੋਰ ਹੋਇਆ…ਸਾਰਾ ਪਿੰਡ ਤਰਾਸ ਤਰਾਸ ਕਰਦੈ…ਕਈਆਂ ਸਮਝਾਇਐ ਚਰਨੋ ਨੂੰ, ਪਰ ਅਸਰ ਈ ਨਹੀਂ…ਕੀ ਆਹ ਕੁੱਟਣ ਵਾਲੀ ਗੱਲ ਸੱਚੀ ਐ…?
ਲੈ ਹੋਰ ਕੀ… ਆਪਣੀ ਗੁਲਾਬੋ ਦੱਸ ਕੇ ਗਈ ਐ। ਉਹ ਉਦੋਂ ਉਨ੍ਹਾਂ ਘਰ ਗੋਹਾਕੂੜਾ ਕਰਦੀ ਸੀ। ਕਹਿੰਦੀ ਕਿ ਦਰਸ਼ਨਾ ਵਿਚ ਕੋਈ ਓਪਰੀ ਸ਼ੈਅ ਆ ਗਈ ਐ।
ਕਿਤੇ ਚਰਨੋ ਦੀ ਸੱਸ ਈ ਨਾ ਹੋਵੇ।
ਹਾਏ ਨੀ ਤੇਰੀ ਗੱਲ ਸੱਚੀ ਹੋਵੇ…ਚਰਨੋ ਨੂੰ ਤਾਂ ਉਹਦੀ ਸੱਸ ਸੁਣਿਐ ਬੜਾ ਈ ਮਾਰਦੀ ਸੀ…ਉਹ ਭੂਤਨੀ ਬਣ ਕੇ ਦਰਸ਼ਨਾ ਨੂੰ ਚੰਬੜੀ ਹੋਣੀ ਐ…ਨਹੀਂ ਤਾਂ ਦਰਸ਼ਨਾ ’ਚ ਐਨੀ ਹਿੰਮਤ ਕਿੱਥੇ…!
ਜੇ ’ਗਾਂਹ ਗੱਲ ਨਾ ਕਰੇਂ ਤਾਂ ਇਕ ਗੱਲ ਦੱਸਾਂ…? ਜਠਾਣੀ ਨੇ ਦਰਾਣੀ ਦੇ ਲਾਗੇ ਹੋ ਭੇਦ ਭਰੀ ਮੁਸਕਾਨ ਚਿਹਰੇ ਉੱਤੇ ਲਿਆਉਂਦਿਆਂ ਕਿਹਾ।
ਲੈ ਮੈਂ ਪਹਿਲਾਂ ਕਦੇ ਗੱਲ ਕੀਤੀ ਐ ਭਲਾ…।
ਦਰਸ਼ਨਾ ਨੂੰ ਓਪਰੀ ਸ਼ੈਅ ਕੋਈ ਨੀ ਚੰਬੜੀ…ਪਰਸੋਂ ਗਲੀ ’ਚੋਂ ਲੰਘਦਿਆਂ ਪਰਮਜੀਤ ਮਾਸਟਰਨੀ ਨੂੰ ਦਰਸ਼ਨਾ ਤਾਈਂ ਕਹਿੰਦਿਆਂ ਸੁਣਿਆ ਸੀ, ਬਈ ਦਰਸ਼ਨਾ ਭੈਣ ਇੰਜ ਰੋਜ਼-ਰੋਜ਼ ਹੱਡ ਕੁਟਵਾਉਣ ਨਾਲੋਂ ਚੰਗਾ ਨਹੀਂ ਕਿ ਅੱਗੋਂ…।
ਹੂੰਅਅ…ਭੈਣ…ਸੱਚੀਂ?
ਦੋਵੇਂ ਇਕ ਦੂਸਰੀ ਵੱਲ ਵੇਖ ਮੁਸਕਰਾਈਆਂ ਤੇ ਆਪਣੇ ਆਪਣੇ ਚੌਕਿਆਂ ਵਿਚ ਜਾ ਵੜੀਆਂ।
-0-
4. ਬਦਲਦੀ ਸੋਚ
ਨਸੀਬੋ ਨੇ ਮਾਲਕਣ ਵੱਲੋਂ ਦਿੱਤੇ ਪੈਸਿਆਂ ਨੂੰ ਇਕ ਵਾਰ ਫੇਰ ਗਿਣਿਆ ਤੇ ਬੋਲੀ, ਚਾਰ ਸੌ ਦੀ ਥਾਂ ਸਿਰਫ ਤਿੰਨ ਸੌ ਚਾਲ੍ਹੀ…ਬੀਬੀ ਜੀ ਪੈਸੇ ਘੱਟ ਕਿਉਂ ਦੇ ਰਹੇ ਹੋ? ਮੈਂ ਤਾਂ ਪੂਰਾ ਮਹੀਨਾ ਕੰਮ ਕੀਤੈ…ਬਮਾਰ-ਛਮਾਰ ਹੋ ਜਾਏ ਤਾਂ ਉਹ ਵੱਸ ਦੀ ਗੱਲ ਨਹੀਂ ਨਾ…ਐਵੇਂ ਨਾ ਕਰੋ…ਮੈਂ ਕੁੜੀ ਦਾ ਦਾਖਲਾ ਭਰਨੈ…।
ਦੇਖ ਨਸੀਬੋ, ਹਿਸਾਬ ਕਿਤਾਬ ਮਾਵਾਂ-ਧੀਆਂ ਦਾ…ਤੇਰੇ ਘਰ ਨਾਲ ਮੈਨੂੰ ਕੋਈ ਮਤਲਬ ਨਹੀਂ, ਨਾਗੇ ਤੇ ਅੱਧੀਆਂ ਦਿਹਾੜੀਆਂ ਕੱਟ ਕੇ ਐਨੇ ਹੀ ਪੈਸੇ ਬਣਦੇ ਨੇ…।
ਚੰਗਾ ਬੀਬੀ ਜੀ, ਤੁਹਾਡੀ ਮਰਜੀ।ਕਹਿੰਦਿਆਂ ਨਸੀਬੋ ਨੇ ਇਕ ਹਉਕਾ ਭਰਿਆ ਤੇ ਲੀੜੇ ਪੱਲੇ ਪੈਸੇ ਬੰਨ੍ਹ ਘਰ ਨੂੰ ਤੁਰ ਪਈ।
ਘਰ ਦੀ ਮਾਲਕਣ ਨੇ ਘਰ ਦੇ ਹਰ ਜੀਅ ਨੂੰ ਬੜੇ ਫ਼ਖਰ ਨਾਲ ਨੌਕਰਾਣੀ ਦੇ ਪੈਸੇ ਕੱਟਣ ਦੀ ਗੱਲ ਦੱਸੀ। ਸਭ ਖੁਸ਼ ਸਨ ਕਿ ਹੁਣ ਅੱਗੇ ਤੋਂ ਨੌਕਰਾਣੀ ਨੂੰ ਨਾਗੇ ਕਰਨ ਦਾ ਹੌਂਸਲਾ ਨਹੀਂ ਪਏਗਾ।
ਦੋ ਕੁ ਦਿਨਾਂ ਬਾਅਦ ਘਰ ਵਿਚ ਹੋ ਰਹੀ ਕਿੱਟੀ ਪਾਰਟੀ ਤੇ ਘਰ ਦੀ ਮਾਲਕਣ ਨੇ ਨਸੀਬੋ ਨੂੰ ਰੁਕਣ ਲਈ ਕਿਹਾ ਤਾਂ ਉਹ ਰੁਕ ਗਈ। ਸਾਰਾ ਕੰਮ ਨਿਪਟਾ ਕੇ ਤੁਰਨ ਲੱਗਿਆਂ ਨਸੀਬੋ ਨੇ ਮਾਲਕਣ ਨੂੰ ਕਿਹਾ, ਲਿਆਓ ਬੀਬੀ ਜੀ, ਓਵਰਟੈਮ ਦੇ ਪੈਸੇ।
ਕਿਹੜਾ ਓਵਰਟਾਈਮ?ਮਾਲਕਣ ਤਮਕ ਕੇ ਬੋਲੀ।
ਦੇਖੋ ਬੀਬੀ ਜੀ, ਚਾਰ ਜੀਆਂ ਦੇ ਕੱਪੜੇ, ਭਾਂਡੇ ਤੇ ਸਫਾਈਆਂ ਬਦਲੇ ਚਾਰ ਸੌ ਦੀ ਗੱਲ ਹੋਈ ਏ। ਅੱਜ ਪਾਰਟੀ ਵਿਚ ਵੀਹ ਬੀਬੀਆਂ ਆਈਆਂ ਸਨ ਤੇ ਜੂਠੇ ਭਾਂਡਿਆਂ ਦਾ ਢੇਰ ਸਾਫ ਕੀਤੈ। ਕਮਰਿਆਂ ਨੂੰ ਦੁਬਾਰਾ ਸਾਫ ਕੀਤੈ। ਮਿਹਨਤਾਨੇ ਦੇ ਤੀਹ ਰੁਪਏ ਬਣਦੇ ਨੇ। ਜੇਕਰ ਮੇਰੇ ਨਾ ਆਉਣ ਤੇ ਤੁਸੀਂ ਪੈਸੇ ਕੱਟ ਸਕਦੇ ਓ ਤਾਂ ਵਾਧੂ ਕੰਮ ਮੈਂ ਮੁਫਤ ’ਚ ਕਿਉਂ ਕਰਾਂ? ਅੱਗੋਂ ਵੀ ਜੇਕਰ ਮਹਿਮਾਨ ਆਉਣਗੇ ਤਾਂ ਇੰਜ ਈ ਵੱਖਰੇ ਪੈਸੇ ਲਵਾਂਗੀ। ਮੰਜੂਰ ਏ ਤਾਂ ਕੱਲ੍ਹ ਤੋਂ ਕੰਮ ਤੇ ਆਵਾਂਗੀ, ਨਹੀਂ ਤਾਂ ਹੋਰ ਬੰਦੋਬਸਤ ਕਰ ਲਓ।
ਘਰ ਦੀ ਮਾਲਕਣ ਪਰੇਸ਼ਾਨ ਹੋ ਉੱਠੀ। ਪਹਿਲਾਂ ਹੀ ਬੜੀ ਖੁਆਰੀ ਪਿੱਛੋਂ ਇਹ ਨੌਕਰਾਣੀ ਮਿਲੀ ਸੀ, ਜੇਕਰ ਕੰਮ ਤੇ ਨਾ ਆਈ ਤਾਂ ਇਹਨੂੰ ਹੋਰ ਘਰਾਂ ਵਾਲੇ ਰੱਖਣ ਨੂੰ ਤਿਆਰ ਹੋ ਜਾਣਗੇ। ਉਹਨੇ ਪਰਸ ਵਿਚੋਂ ਸੌ ਦਾ ਨੋਟ ਕੱਢਿਆ ਤੇ ਨਸੀਬੋ ਵੱਲ ਵਧਾਉਂਦਿਆ ਕਿਹਾ, ਪਿਛਲੇ ਮਹੀਨੇ ਦੇ ਬਾਕੀ ਦੇ ਤੇ ਅੱਜ ਦੇ, ਆਹ ਲੈ ਸੌ ਰੁਪਈਏ। ਹੁਣ ਤਾਂ ਖੁਸ਼ ਏਂ?
-0-

Wednesday, July 8, 2009

ਡਾ. ਸ਼ਿਆਮ ਸੁੰਦਰ ਦੀਪਤੀ


ਡਾ.ਸ਼ਿਆਮ ਸੁੰਦਰ ਦੀਪਤੀ ਪੰਜਾਬੀ ਮਿੰਨੀ ਕਹਾਣੀ ਦੇ ਸਿਰਮੌਰ ਲੇਖਕ ਹਨ ਮਿੰਨੀ ਕਹਾਣੀ ਦੇ ਖੇਤਰ ਵਿਚ ਉਹਨਾਂ ਨੇ ਬਹੁਪੱਖੀ ਯੋਗਦਾਨ ਪਾਇਆ ਹੈ ਉਹਨਾਂ ਦੇ ਸੰਖੇਪ ਜੀਵਨ ਪਰੀਚੈ ਨਾਲ ਪੇਸ਼ ਹਨ ਉਹਨਾਂ ਦੀਆਂ ਚਾਰ ਖੂਬਸੂਰਤ ਮਿੰਨੀ ਕਹਾਣੀਆਂ-ਅਗਰਵਾਲ
-0-

ਜਨਮ : 30 ਅਪ੍ਰੈਲ 1954 (ਅਬੋਹਰ, ਜ਼ਿਲਾ: ਫਿਰੋਜ਼ਪੁਰ, ਪੰਜਾਬ)

ਸਿੱਖਿਆ : ਐਮ. ਬੀ. ਬੀ. ਐਸ., ਐਮ. ਡੀ.(ਕਮਿਉਨੀਟੀ ਮੈਡੀਸਨ), ਐਮ. ਏ.(ਪੰਜਾਬੀ ਅਤੇ ਸਮਾਜ

ਸ਼ਾਸਤਰ), ਐਮ. ਐਸ.ਸੀ.

ਮੌਲਿਕ ਪੁਸਤਕਾਂ : ‘ਬੇੜੀਆਂ’, ‘ਇਕੋ ਹੀ ਸਵਾਲ’(ਮਿੰਨੀ ਕਹਾਣੀ ਸੰਗ੍ਰਹਿ) ਤੇ ਵਿਭਿੰਨ ਵਿਧਾਵਾਂ ਨਾਲ

ਸੰਬੰਧਤ 33 ਹੋਰ ਪੁਸਤਕਾਂ।

ਸੰਪਾਦਿਤ ਪੁਸਤਕਾਂ : 27 ਮਿੰਨੀ ਕਹਾਣੀ ਸੰਗ੍ਰਹਿ ਅਤੇ 10 ਹੋਰ ਪੁਸਤਕਾਂ।

ਅਨੁਵਾਦਿਤ ਪੁਸਤਕਾਂ : ਅੰਗਰੇਜ਼ੀ ਅਤੇ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦਿਤ 5 ਪੁਸਤਕਾਂ।

ਸੰਪਾਦਕ :‘ਹੋਂਦ’ (ਪੰਜਾਬੀ ਤ੍ਰੈਮਾਸਿਕ) 1985-1988, ‘ਅਸਤਿਤਵ’ (ਹਿੰਦੀ ਤ੍ਰੈਮਾਸਿਕ),

‘ਮਿੰਨੀ’ (ਪੰਜਾਬੀ ਤ੍ਰੈਮਾਸਿਕ) 1988 ਤੋਂ ਨਿਰੰਤਰ, ‘ਚਿੰਤਕ’ 2000 ਤੋਂ ਨਿਰੰਤਰ।

ਵਿਸ਼ੇਸ਼ : ਦੇਸ਼ ਦੀਆਂ ਵਿਭਿੰਨ ਸਾਹਿਤਕ ਸੰਸਥਾਵਾਂ ਵੱਲੋਂ ਸਨਮਾਨਤ।

ਕਿੱਤਾ : ਸਰਕਾਰੀ ਮੈਡੀਕਲ ਕਾਲਜ, ਅਮ੍ਰਿਤਸਰ ਵਿਖੇ ਐਸੋਸੀਏਟ ਪ੍ਰੋਫੈਸਰ।

ਸੰਪਰਕ : 97, ਗੁਰੂ ਨਾਨਕ ਐਵਿਨਿਉ, ਮਜੀਠਾ ਰੋਡ, ਅਮ੍ਰਿਤਸਰ (ਪੰਜਾਬ)-143004

ਫੋਨ: 0183-2421006 ਮੋਬਾਈਲ: 9815808506

E-mail: drdeeptiss@yahoo.co.in

*******

1. ਅਰਜ਼ੀ

ਕਰ ਆਓ ਪਤਾ ਆਪਣੇ ਕੰਮ ਦਾ, ਨਾਲੇ ਭਾਅ ਜੀ ਨੂੰ ਚੇਅਰਮੈਨੀ ਵੀ ਮਿਲ ਗਈ ਐ, ਵਧਾਈ ਦੇ ਆਓ ਬਹਾਨੇ ਸਿਰ। ਪਤਨੀ ਨੇ ਰੋਜ਼ਾਨਾ ਵਾਂਗ ਆਪਣੀ ਗੱਲ ਦੁਹਰਾਈ।

ਪਹਿਲਾਂ ਤਾਂ ਉਹ ਕਹਿ ਛੱਡਦਾ,‘ ਦੇਖ! ਜੇਕਰ ਕੰਮ ਹੋਣਾ ਹੋਵੇਗਾ ਤਾਂ ਸਰਦੂਲ ਸਿੰਘ ਹੋਰੀਂ ਖੁਦ ਹੀ ਇਤਲਾਹ ਦੇ ਦੇਣਗੇ। ਪੰਜੀ-ਸੱਤੀਂ ਦਿਨੀਂ ਮੁਲਾਕਾਤ ਹੋ ਜਾਂਦੀ ਐ।’ ਅੱਜ ਇਹ ਨਵਾਂ ਸਬੱਬ ਸੀ, ਇਹ ਸੋਚ ਭਾਰਤੀ ਤੁਰ ਪਿਆ।

ਬਦਲੀਆਂ ਹੋਣੀਆਂ ਅਤੇ ਰੁਕਣੀਆਂ ਦੀ ਰਾਜਨੀਤੀ ਉਹ ਸਮਝਦਾ ਸੀ। ਕਿਵੇਂ ਮੰਤਰੀ ਨੇ ਮਹਿਕਮਾ ਸਾਂਭਦੇ ਹੀ ਸਭ ਤੋਂ ਪਹਿਲਾਂ ਬਦਲੀਆਂ ਹੀ ਕੀਤੀਆਂ ਸਨ। ਬਦਲੀ ਦੇ ਆਰਡਰ ਹੱਥ ਵਿਚ ਫੜਦੇ ਹੀ ਭਾਰਤੀ ਨੇ ਆਪਣੀ ਹਾਜ਼ਰੀ ਰਿਪੋਰਟ ਦਿੱਤੀ ਤੇ ਵਿਉਂਤ ਬਣਾਉਣ ਲੱਗਿਆ ਕਿ ਕੀ ਕਰੇ। ਉੱਥੇ ਰਹੇ। ਬੱਚਿਆਂ ਨੂੰ ਨਾਲ ਲੈ ਜਾਵੇ ਜਾਂ ਰੋਜ਼ ਆਵੇ-ਜਾਵੇ। ਬੱਚਿਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਆਖਰੀ ਫੈਸਲਾ ਇਹੀ ਹੋਇਆ ਕਿ ਹਾਲੇ ਸ਼ਿਫਟ ਨਹੀਂ ਕਰਦੇ ਤੇ ਕੱਪਲ-ਕੇਸ ਦੇ ਆਧਾਰ ਤੇ ਇਕ ਅਰਜ਼ੀ ਪਾ ਦਿੰਦੇ ਹਾਂ। ਹੋਰ ਤਾਂ ਭਾਰਤੀ ਦੇ ਕੁਝ ਹੱਥ-ਵੱਸ ਹੈ ਨਹੀਂ ਸੀ। ਫਿਰ ਪਤਨੀ ਦੇ ਕਹਿਣ ਉੱਤੇ ਇਕ ਅਰਜ਼ੀ ਪੜੋਸੀ ਤੇ ਹੁਣ ਬਣੇ ਚੇਅਰਮੈਨ ਨੂੰ ਦੇ ਆਇਆ ਸੀ।

ਸਰਦੂਲ ਸਿੰਘ ਘਰੇ ਮਿਲ ਪਿਆ ਤੇ ਭਾਰਤੀ ਨੂੰ ਗਰਮਜੋਸ਼ੀ ਨਾਲ ਮਿਲਿਆ। ਭਾਰਤੀ ਨੂੰ ਵੀ ਚੰਗਾ-ਚੰਗਾ ਲੱਗਿਆ। ਆਰਾਮ ਨਾਲ ਬੈਠ, ਚਾਹ ਮੰਗਵਾ ਕੇ ਸਰਦੂਲ ਸਿੰਘ ਕਹਿਣ ਲੱਗਾ, ਛੋਟੇ ਵੀਰ! ਮੈਂ ਉਹ ਅਰਜ਼ੀ ਉਸ ਵੇਲੇ ਤਾਂ ਪੜ੍ਹੀ ਨਾ, ਉਹ ਅਰਜ਼ੀ ਤੂੰ ਆਪਣੇ ਵੱਲੋਂ ਕਿਉਂ ਲਿਖੀ…ਮਾਤਾ ਵੱਲੋਂ ਲਿਖਣੀ ਸੀ। ਇੰਜ ਕਰ ਨਵੀਂ ਅਰਜ਼ੀ ਲਿਖ, ਮਾਤਾ ਵੱਲੋਂ। ਲਿਖ, ਕਿ ਮੈਂ ਬੁੱਢੀ ਔਰਤ ਹਾਂ। ਅਕਸਰ ਬੀਮਾਰ ਰਹਿੰਦੀ ਹਾਂ। ਮੇਰੀ ਨੂੰਹ ਵੀ ਨੌਕਰੀ ਕਰਦੀ ਹੈ…ਬੱਚੇ ਛੋਟੇ ਨੇ…ਰਾਤ-ਬਰਾਤੇ ਦਵਾਈ-ਬੂਟੀ ਦੀ ਲੋੜ ਪੈਂਦੀ ਐ…ਮੇਰੇ ਪੁੱਤ ਦੇ ਨੇੜੇ ਰਹਿਣ ਨਾਲ ਮੈਂ ਤੇ ਮੇਰਾ ਪਰਿਵਾਰ ਵਗੈਰਾ, ਇਸ ਤਰ੍ਹਾਂ ਕੋਈ ਗੱਲ ਬਣਾ। ਬਾਕੀ ਤੂੰ ਸਿਆਣਾ ਐਂ। ਠੀਕ ਐ ਨਾ। ਮੈਂ ਪਰਸੋਂ ਫਿਰ ਜਾਣੈ, ਮੰਤਰੀ ਨੂੰ ਵੀ ਮਿਲਣੈ।

ਭਾਰਤੀ ਨੇ ਸਿਰ ਹਿਲਾਇਆ, ਹੱਥ ਮਿਲਾਇਆ ਤੇ ਘਰ ਵੱਲ ਹੋ ਲਿਆ।

ਮਾਂ ਵੱਲੋਂ ਅਰਜ਼ੀ ਲਿਖਵਾਈ ਜਾਵੇ। ਮਾਂ ਨੂੰ ਮੇਰੀ ਲੋੜ ਹੈ। ਮਾਂ ਬੀਮਾਰ ਰਹਿੰਦੀ ਹੈ। ਕਮਾਲ ਐ! ਦੱਸੋਂ ਚੰਗੀ-ਭਲੀ ਤੁਰੀ ਫਿਰਦੀ ਮਾਂ ਨੂੰ ਇਵੇਂ ਹੀ ਬੀਮਾਰ ਕਰ ਦਿਆਂ। ਸਵੇਰੇ ਉੱਠ ਕੇ ਬੱਚਿਆਂ ਨੂੰ ਸਕੂਲ ਦਾ ਨਾਸ਼ਤਾ ਬਣਾ ਕੇ ਦਿੰਦੀ ਹੈ। ਸਾਨੂੰ ਦੋਹਾਂ ਨੂੰ ਤਾਂ ਡਿਯੂਟੀ ਤੇ ਜਾਣ ਦੀ ਹਫੜਾ-ਦਫੜੀ ਪਈ ਹੁੰਦੀ ਹੈ। ਦੁਪਹਿਰੇ ਆਇਆਂ ਨੂੰ ਰੋਟੀ ਬਣੀ ਮਿਲਦੀ ਹੈ। ਮੈਂ ਤਾਂ ਸਗੋਂ ਕਈ ਵਾਰ ਕਿਹਾ, ‘ਬੇਬੇ, ਬਰਤਨ ਮਾਂਜਣ ਨੂੰ ਕੋਈ ਮਾਈ ਰੱਖ ਲੈਂਦੇ ਹਾਂ,’ ਪਰ ਉਸਨੇ ਨਹੀਂ ਰੱਖਣ ਦਿੱਤੀ। ਕਹਿੰਦੀ, ‘ਮੈਂ ਸਾਰਾ ਦਿਨ ਵਿਹਲੀ ਕੀ ਕਰਦੀ ਆਂ? ਚਾਰ ਕੁ ਭਾਂਡੇ ਈ ਹੁੰਦੇ ਨੇ।’ ਕਹਿੰਦਾ, ਲਿਖਵਾ ਲੈ, ਪੁੱਤ ਦਾ ਘਰ ਵਿਚ ਰਹਿਣਾ ਜ਼ਰੂਰੀ ਹੈ। ਮੇਰੀ ਬੀਮਾਰੀ ਕਰਕੇ, ਮੈਨੂੰ ਇਸ ਦੀ ਲੋੜ ਹੈ। ਦੱਸ ਮਾਂ ਦੀ ਤਾਂ ਸਾਨੂੰ ਲੋੜ ਹੈ।…ਨਾ-ਨਾ, ਮਾਂ ਵੱਲੋ ਨਹੀਂ ਲਖਵਾ ਹੋਣੀ ਅਰਜ਼ੀ…।

-0-

2.ਸਬੰਧ

ਕਿਸ਼ੋਰ ਦੇ ਘਰੋਂ ਮੁੜਦਿਆਂ ਹਨੇਰਾ ਹੋ ਗਿਆ। ਕਦੇ ਕਦੇ ਮਿਲਣ ਹੁੰਦਾ ਹੈ ਤੇ ਫਿਰ ਅਜੋਕੇ ਮਾਹੌਲ ਤੇ ਗੱਲ ਚੱਲ ਪਈ ਤਾਂ ਟਾਈਮ ਟੱਪਦੇ ਪਤਾ ਹੀ ਨਾ ਚੱਲਿਆ।

ਸੀ. ਆਰ. ਪੀ. ਦੇ ਜੁਆਨਾਂ ਦੀ ਚੌਕੀ ਕੋਲ ਪਹੁੰਚਦਿਆਂ ਹੀ ਵਿਸਲਾਂ ਸੁਣਾਈ ਦਿੱਤੀਆਂ। ਸਕੂਟਰਾਂ, ਕਾਰਾਂ ਨੂੰ ਰੋਕ ਕੇ ਤਲਾਸ਼ੀ ਹੋ ਰਹੀ ਸੀ। ਮੈਂ ਵੀ ਰੁਕ ਗਿਆ।

ਪਾਪਾ, ਰੁਕ ਕਿਉਂ ਗਏ?ਬੇਟੀ ਨੇ ਪੁੱਛਿਆ।

ਮੈਂ ਕੋਈ ਜਵਾਬ ਦਿੱਤੇ ਬਿਨਾਂ ਹੀ ਸਕੂਟਰ ਦੇ ਕਾਗਜ਼ ਵਗੈਰਾ ਕੱਢਣ ਲੱਗ ਪਿਆ ਤੇ ਸਿਪਾਹੀ ਮੇਰੇ ਵੱਲ ਆ ਗਿਆ।

ਪਾਪਾ, ਇਹ ਅੰਕਲ ਆਪਾਂ ਨੂੰ ਜਾਣਦੇ ਨੇ? ਮੈਂ ਬੇਟੀ ਦੇ ਸਵਾਲ ਤੇ ਮੁਸਕਰਾਇਆ। ਆਪਾਂ ਇਨ੍ਹਾਂ ਦੇ ਘਰ ਤਾਂ ਕਦੇ ਗਏ ਈ ਨਹੀਂ। ਫਿਰ ਉਸ ਨੇ ਸਿਪਾਹੀ ਵੱਲ ਮੂੰਹ ਕਰਕੇ ਪੁੱਛਿਆ, ਅੰਕਲ! ਤੁਹਾਡਾ ਘਰ ਕਿੱਥੇ ਹੈ?

ਮੈਨੂੰ ਡਿੱਕੀ ਵਿਚੋਂ ਕਾਗਜ਼-ਪੱਤਰ ਨਾ ਲੱਭੇ। ਮੈਂ ਸੋਚਣ ਲੱਗਾ, ਕਿੱਥੇ ਗਏ? ਫਿਰ ਖਿਆਲ ਆਇਆ ਕਿ ਸਕੂਟਰ ਧੋਤਾ ਸੀ ਤਾਂ ਬਾਹਰ ਕੱਢੇ ਸੀ, ਫਿਰ ਸਕੂਟਰ ਵਿਚ ਰੱਖਣਾ ਭੁੱਲ ਗਿਆ। ਪਰ ਹੁਣ ਇਸ ਨੂੰ ਕੀ ਦੱਸਿਆ ਜਾਵੇ। ਇਸ ਨੇ ਥੋੜਾ ਮੰਨਣਾ। ਕੋਈ ਪਰੇਸ਼ਾਨੀ ਹੀ ਨਾ ਖੜੀ ਕਰ ਦੇਵੇ। ਪੁਲਿਸ ਵਾਲਿਆਂ ਦਾ ਕੀ ਭਰੋਸਾ।

ਪਾਪਾ, ਚਲੋ ਵੀ ਹੁਣ। ਦੇਖੋ ਤਾਂ ਕਿੰਨਾ ਹਨੇਰਾ ਹੋ ਗਿਆ, ਮੰਮੀ ਨੂੰ ਡਰ ਵੀ ਲਗਦਾ ਹੋਣੈ।

ਮੈਂ ਬੇਟੀ ਵੱਲ ਦੇਖਿਆ ਤਾਂ ਸਿਪਾਹੀ ਨੇ ਕਿਹਾ, ਜਾਓ ਸਾਬ੍ਹ!

ਫਿਰ ਬੇਟੀ ਨੇ ਕਿਹਾ, ਪਾਪਾ, ਮੈਨੂੰ ਅੰਕਲ ਦੇ ਘਰ ਲੈ ਕੇ ਚਲੋਗੇ ਨਾ। ਅੰਕਲ ਕਹਿੰਦੇ ਨੇ ਉਹਨਾਂ ਦੇ ਘਰ ਵੀ ਇਕ ਗੁੜੀਆ ਹੈ, ਮੇਰੇ ਵਰਗੀ।

ਜ਼ਰੂਰ ਚੱਲਾਂਗੇ ਬੇਟੇ,ਕਹਿ ਕੇ ਮੈਂ ਸਿਪਾਹੀ ਨਾਲ ਹੱਥ ਮਿਲਾਇਆ, ਬੇਟੀ ਨੇ ਬਾਏ-ਬਾਏ’ ਕੀਤੀ ਤੇ ਅਸੀਂ ਸਕੂਟਰ ਸਟਾਰਟ ਕਰ ਕੇ ਅੱਗੇ ਵਧ ਗਏ।

-0-

3.ਅੰਨ੍ਹੀ-ਬੋਲੀ ਵੋਟ

ਵੋਟਾਂ ਦਾ ਦਿਨ ਸੀ। ਹਰ ਇਕ ਪਾਰਟੀ ਦੇ ਕਾਰਜਕਰਤਾ ਵੱਧ ਤੋਂ ਵੱਧ ਵੋਟਾਂ ਲੈ ਆਉਣ ਦੀ ਕੋਸ਼ਿਸ਼ ਵਿਚ ਸਨ।

ਅੰਮਾਂ! ਤਿਆਰ ਹੋ ਜਾ, ਕਾਰ ਆਈ ਖੜੀ ਐ।ਇਕ ਕਾਰਜਕਰਤਾ ਵੋਟਾਂ ਨੂੰ ਇਕੱਠਾ ਕਰਦਾ ਇਕ ਬੁੱਢੀ ਮਾਈ ਨੂੰ ਆਖਦਾ ਹੈ।

ਕਾਰ ’ਤੇ ਲਿਜਾਏਂਗਾ!ਅੰਮਾਂ ਦੇ ਚਿਹਰੇ ਉੱਤੇ ਹੈਰਾਨੀ ਤੇ ਅੱਖਾਂ ਵਿਚ ਖੁਸ਼ੀ ਸੀ।

ਚੱਲ, ਚੱਲ. ਬੈਠ ਜਾ ਅੰਮਾਂ, ਦੇਰ ਨਾ ਲਾ।

ਸ਼ਾਬਾਸ਼ ਵੇ ਪੁੱਤਰਾ! ਜੀਂਦੇ ਜੀ ਸੁਰਗ ਦਾ ਝੂਟਾ ਦਿਵਾ ਤਾ।

ਅੰਮਾਂ! ਯਾਦ ਹੈ ਨਾ। ਮੋਹਰ ਘੋੜਸਵਾਰ ’ਤੇ ਲਾਈਂ।

ਕਾਰ ’ਤੇ ਈ ਲਾਉਂ ਪੁੱਤ! ਆਪਣੇ ਪੁੱਤ ਦੀ ਕਾਰ ’ਤੇ, ਜੀਂਦਾ ਰਹੇਂ।

ਕਾਰ ’ਤੇ ਨਹੀਂ ਅੰਮਾਂ, ਘੋੜਸਵਾਰ ’ਤੇ।

ਆਹੋ, ਆਹੋ! ਮੈਨੂੰ ਪਤਾ ਐ।ਅੰਮਾਂ ਆਪਣੀ ਹੀ ਧੁੰਨ ਵਿਚ ਸੀ।

ਅੰਮਾਂ ਵੋਟ ਪਾ ਕੇ ਬਾਹਰ ਆਈ ਤੇ ਇੱਧਰ-ਉੱਧਰ ਦੇਖਣ ਲੱਗੀ।

ਓਏ ਛੱਡ ਵੀ ਆਉਗੇ ਕਿ ਨ੍ਹੀਂ,ਬੁੱਢੀ ਦੀ ਆਵਾਜ਼ ਨਗਾਰੇ ਵਿਚ ਤੂਤੀ ਵਾਂਗ ਸੀ, ਕਾਰ ’ਤੇ ਬਿਠਾ ਤਾਂ ਲਿਆਏ, ਹੁਣ ਧੱਕਾ ਦੇ ਕੇ ਭੱਜਗੇ। ਉਸ ਦੀ ਆਵਾਜ਼ ਵਿਚ ਪਛਤਾਵਾ ਸੀ। ਅੰਮਾਂ ਮੋਟੇ-ਮੋਟੇ ਸ਼ੀਸ਼ਿਆਂ ਵਿੱਚੋਂ ਕੁਝ ਲੱਭ ਰਹੀ ਹੋਵੇ ਜਿਵੇਂ।

ਅੰਮਾਂ, ਕਿਸ ਨੂੰ ਲੱਭਦੀ ਐਂ?

ਉਹ ਲੈ ਕੇ ਆਇਆ ਸੀ, ਛੱਡ ਕੇ ਨ੍ਹੀਂ ਆਊਗਾ?

ਕੌਣ ਲਿਆਇਆ ਸੀ? ਹੱਥ ਵਾਲਾ, ਤਕੜੀ ਵਾਲਾ, ਘੋੜੇ ਵਾਲਾ, ਹਾਥੀ ਵਾਲਾ?

ਕਾਰ ਵਾਲਾ ਸੀ, ਪੁੱਤਰਾ।

ਬੇਬੇ! ਇਹ ਪੁੱਛਦਾ ਐ ਕਿ ਕਾਰ ਕਿਸਦੀ ਸੀ? ਕਾਰ ’ਤੇ ਝੰਡਾ ਕਿਹੜਾ ਲੱਗਾ ਹੋਇਆ ਸੀ?ਨਾਲ ਖੜੇ ਨੇ ਗੱਲ ਨੂੰ ਦੂਜੇ ਢੰਗ ਨਾਲ ਪੁੱਛਿਆ।

ਮੈਨੂੰ ਅਨ੍ਹੀ ਨੂੰ ਕੀ ਪਤਾ।ਬੇਬੇ ਬੋਲੀ।

-0-

4. ਹੱਦ

ਇਕ ਅਦਾਲਤ ਵਿਚ ਮੁਕੱਦਮਾ ਪੇਸ਼ ਹੋਇਆ, ਸਾਹਿਬ ! ਇਹ ਪਾਕਿਸਤਾਨੀ ਹੈ, ਸਾਡੇ ਦੇਸ਼ ਦੀ ਹੱਦ ਪਾਰ ਕਰਦਾ ਫੜਿਆ ਗਿਆ ਹੈ ।

ਤੂੰ ਇਸ ਬਾਰੇ ਕੁਝ ਕਹਿਣਾ ਚਾਹੁੰਦਾ ਹੈਂ ?ਮਜਿਸਟਰੇਟ ਨੇ ਪੁੱਛਿਆ ।

ਮੈਂ ਕੀ ਕਹਿਣਾ ਹੈ ਸਰਕਾਰ ! ਮੈਂ ਖੇਤਾਂ ਨੂੰ ਪਾਣੀ ਲਾ ਕੇ ਬੈਠਾ ਸੀ । ‘ਹੀਰ’ ਦੇ ਸੁਰੀਲੇ ਬੋਲ ਮੇਰੇ ਕੰਨਾਂ ’ਚ ਪਏ । ਮੈਂ ਉਨ੍ਹਾਂ ਬੋਲਾਂ ਨੂੰ ਸੁਣਦਾ ਤੁਰਿਆ ਆਇਆ, ਮੈਨੂੰ ਤਾਂ ਕਿਤੇ ਕੋਈ ਹੱਦ ਨਜ਼ਰ ਨਹੀਂ ਆਈ ।

-0-

5. ਵੱਡਾ ਦਿਨ

ਹੈਲੋ! ਹੈਲੋ !ਕੌਣ ? ਕਮਾਲ ਹੀ ਹੋਗੀ ਅੱਜ ਤਾਂ। ਅੱਜ ਤਾਂ ਬਈ ਵੱਡਾ ਦਿਨ ਚੜਿਐ !…ਤੈਨੂੰ ਕਿਵੇਂ ਯਾਦ ਆਗੀ…ਨਾਲੇ ਇੱਕੋ ਸ਼ਹਿਰ ਵਿਚ ਰਹਿਨੇ ਆਂ…ਹਾਂ, ਹਾਂ ਇਸ ਤਰ੍ਹਾਂ ਹੀ ਹੁੰਦਾ ਹੈ… ਬੱਚਿਆਂ ਨੂੰ ਸੈੱਟ ਕਰਨਾ ਕਿਹੜਾ ਸੌਖਾ ਹੈ ਅੱਜਕਲ… ਰਾਜੀਵ ਠੀਕ ਹੈ…ਅੱਛਾ, ਉਹ ਵੀ ਅਮਰੀਕਾ ਚਲਾ ਗਿਐ…ਆਹੋ, ਆਹੋ ! ਦੇਵ ਦਾ ਫੋਨ ਆਉਂਦਾ ਰਹਿੰਦੈ, ਕੱਲ ਹੀ ਗੱਲ ਕੀਤੀ ਹੈ ।…ਸੋਨਾ, ਡਿੱਗ ਪਈ ਹੈ, ਕਿਚਨ ’ਚ ਗਈ ਸੀ…ਨੌਕਰ ਹੈਗਾ ਭਾਵੇਂ, ਪਰ ਕਿੱਥੇ ਰਹਿ ਹੁੰਦਾ ਹੈ…ਅੱਛਾ, ਤੂੰ ਤਾਂ ਦੱਸਿਆ ਵੀ ਨਹੀਂ…ਤੇਰੀ ਤਾਂ ਆਵਾਜ ਹੀ ਮੁੱਦਤ ਬਾਅਦ ਮਿਲੀ ਹੈ ਸੁਨਣ ਨੂੰ…ਆਹੋ, ਇੱਥੇ ਵੀ ਐਵੇਂ ਹੀ ਚੱਲ ਰਿਹੈ, ਕਦੇ ਇਹ ਉੱਥੇ ਤੇ ਕਦੇ ਮੈਂ ਉੱਥੇ ।…ਹਾਂ, ਹਾਂ, ਬੱਚੇ ਤਾਂ ਗਏ ਹੀ, ਅਸੀਂ ਕਹਿੰਦੇ ਸੀ ਬੱਚਿਆਂ ਬਗੈਰ ਬੁੱਢੇ ਇਕੱਲੇ ਰਹਿ ਗਏ ਹੁਣ, ਪਰ ਹਾਲਾਤ ਅਜਿਹੇ ਬਣੇ ਨੇ ਕਿ ਦੋਵਾਂ ਨੂੰ ਵੀ ਇਕੱਠਾ ਰਹਿਣਾ ਨਸੀਬ ਨਹੀਂ ਹੁੰਦਾ, ਇਸ ਦੇ ਪੈਰ ਵਿਚ ਮੋਚ ਨਾ ਆਉਂਦੀ ਤਾਂ ਇਹ ਉੱਥੇ ਹੁੰਦੀ…ਆਹੋ। ਠੀਕ ਕਹਿਨੀ ਐਂ, ਮੋਚ ਆਉਣਾ ਹੀ ਹੁਣ ਲੱਕਖ ਹੋਣ ਦੀ ਨਿਸ਼ਾਨੀ ਹੈ।…ਨਹੀਂ, ਇਹ ਤਾਂ ਮੈਂ ਭੁੱਲ ਹੀ ਗਿਆ, ਤੂੰ ਯਾਦ ਕਿਵੇਂ ਕੀਤਾ ?… ਚੱਲ ਇਸ ਪੱਖੋਂ ਲੱਕੀ ਜਰੂਰ ਹਾਂ ਕਿ ਹੈ ਕੋਈ ਯਾਦ ਕਰਨ ਵਾਲਾ ।…ਹਾਂ-ਹਾਂ, ਤੇਰੀ ਗੱਲ ਸਹੀ ਹੈ…ਠੀਕ ਹੈ, ਬਿਲਕੁਲ ਸੱਚ ਹੈ…ਕਿਸੇ ਨੂੰ ਸਹਾਰਾ ਦੇਣ ਬਾਰੇ ਅੱਜਕਲ ਕੋਈ ਨਹੀਂ ਸੋਚਦਾ…ਉਹ ਤਾਂ ਆਪਣਾ ਹੀ ਸਹਾਰਾ ਲੱਭ ਰਿਹਾ ਹੁੰਦਾ ਹੈ ।…ਬਿਲਕੁਲ ਠੀਕ ਸੋਚਿਆ…ਆਹੋ ! ਹੁਣ ਸ਼ਹਿਰ ਵਿਚ ਰਹਿ ਵੀ ਕਿੰਨੇ ਕੁ ਗਏ ਹਨ ਆਪਣੇ ਜਮਾਤੀ…। ਲੈ ਇਹ ਤੂੰ ਕੀ ਕਹਿ ’ਤਾ, ਖਾਣਾ ਖਾਣ ਆਉਣ ਲਈ ਪੁੱਛਣ ਦੀ ਲੋੜ ਹੁੰਦੀ ਹੈ ।…ਦੇਖ ! ਮੈਂ ਤਾਂ ਖੁਸ਼ ਹੋਵਾਂਗਾ ਹੀ, ਸੋਨਾ ਨੂੰ ਵੀ ਚੰਗਾ-ਚੰਗਾ ਲੱਗੇਗਾ।…ਖੇਚਲ ! ਲੈ ਦੇਖ !…ਅੱਛਾ ! ਅੱਛਾ ! ਵੱਡੇ ਖਾਣੇ ਦੀ ਖੇਚਲ ।…ਉਹ ਤਾਂ ਤੇਰੇ ਨਾਲ ਬੈਠ ਕੇ ਖਾਣ ਨਾਲ ਹੀ ਹੋ ਜਾਵੇਗਾ ।…ਬਿਲਕੁਲ ! ਕਈ ਕਈ ਦਿਨ ਬਸ ਇਕ ਦੂਸਰੇ ਦਾ ਮੂੰਹ ਦੇਖ ਕੇ ਹੀ ਲੰਘ ਜਾਂਦੇ ਨੇ ।…ਲੈ ! ਇਹ ਤਾਂ ਹੋਰ ਖੁਸ਼ਖਬਰੀ ਵਾਲੀ ਗੱਲ ਹੈ । ਤੂੰ ਅਗਲੇ ਸਾਲ ਪਚੱਤਰ ਸਾਲਾਂ ਦਾ ਵੀ ਹੋ ਜਾਣੈ । ਠੀਕ ਹੀ ਹੈ, ਮੈਂ ਵੀ ਤਾਂ ਪਿਛਲੇ ਸਾਲ ਪਚੱਤਰ ਦਾ ਹੋਇਆ ਹਾਂ । ਇਕੱਲਾ ਸੀ ਇੱਥੇ । ਸੋਨਾ ਵੀ ਦੇਵ ਕੋਲ ਸੀ। ਫੋਨ ਆ ਗਿਆ ਸੀ ਮਾਂ-ਪੁੱਤ ਦਾ, ਚੱਲ ਤੇਰਾ ਜਨਮ ਦਿਨ ਮਿਲਕੇ ਮਨਾਵਾਂਗੇ…ਤੂੰ ਹਿੰਮਤ ਦਿਖਾਈ ਹੈ, ਸਭ ਕੁਝ ਹੋ ਜਾਣਾ ਹੈ ।…ਲੈ ਫਿਰ ਉਹੀ ਗੱਲ ! ਉਨ੍ਹੇ ਕਿਹੜਾ ਆਪ ਰੋਟੀ ਬਨਾਉਣੀ ਹੈ, ਉਹ ਤਾਂ ਖੁਦ ਗਰਮ ਪੱਟੀ ਬੰਨ੍ਹ ਕੇ ਪਈ ਹੈ…ਹੁਣ ਐਵੇਂ ਹੀ ਜੀਉਣਾ ਪੈਣਾ ਹੈ…ਠੀਕ ਹੈ, ਫਿਰ ਆ ਜਾ । ਤੇਰੇ ਨਾਲ ਘੰਟਾ ਦੋ ਘੰਟੇ ਬੈਠ ਕੇ , ਦੋ-ਚਾਰ ਗੱਲਾਂ ਕਰਾਂਗੇ ਨਾ, ਉਨ੍ਹਾਂ ਪਲਾਂ ਨੂੰ ਹੀ ਯਾਦ ਕਰਕੇ ਅਗਲੇ ਕਈ ਦਿਨ ਲੰਘ ਜਾਣਗੇ ।…

-0-