Wednesday, August 12, 2009

ਹਰਭਜਨ ਖੇਮਕਰਨੀ





ਸ਼ੀ ਹਰਭਜਨ ਖੇਮਕਰਨੀ ਪੰਜਾਬੀ ਮਿੰਨੀ ਕਹਾਣੀ ਦੇ ਪ੍ਰੋੜ੍ਹ ਹਸਤਾਖਰ ਹਨ। ਮਿੰਨੀ ਕਹਾਣੀ ਦੇ ਖੇਤਰ ਵਿਚ ਉਹਨਾਂ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ। ਉਹਨਾਂ ਦੇ ਸੰਖੇਪ ਪਰੀਚੈ ਨਾਲ ਪ੍ਰਸਤੁਤ ਹਨ ਉਹਨਾਂ ਦੀਆਂ ਚਾਰ ਚਰਚਿਤ ਮਿੰਨੀ ਕਹਾਣੀਆਂ।
*****
ਜਨਮ : 10 ਨਵੰਬਰ 1941 ਨੂੰ ਖੇਮਕਰਨ (ਪੰਜਾਬ) ਵਿਖੇ।
ਸਿਖਿਆ : ਐਮ.ਏ. (ਪੰਜਾਬੀ)
ਮੌਲਿਕ ਪੁਸਤਕਾਂ: ‘ਥਿੰਦਾ ਘੜਾ’ (ਮਿੰਨੀ ਕਹਾਣੀ ਸੰਗ੍ਰਹਿ), ‘ਗਲੀ ਦਾ ਸਫਰ’ ਅਤੇ ‘ਵੇਲਾ ਕੁਵੇਲਾ’ ਕਹਾਣੀ ਸੰਗ੍ਰਹਿ।
ਵਿਸ਼ੇਸ਼ : ਅਨੇਕਾਂ ਸਾਹਿਤਕ ਸੰਸਥਾਵਾਂ ਵੱਲੋਂ ਸਨਮਾਨਿਤ।
ਸੰਪਰਕ : 4381-ਏ, ਰਣਜੀਤਪੁਰਾ, ਪੁਤਲੀਘਰ, ਅੰਮ੍ਰਿਤਸਰ (ਪੰਜਾਬ)-143002
ਫੋਨ: 0183-2226892 ਮੋਬਾਈਲ: 09878131525
****
1.ਵਰਦੀ
ਹਵੇਲੀ ਅੱਗੇ ਬੈਠਾ ਸਰਪੰਚ ਆਪਣੇ ਹਮੈਤੀਆਂ ਨਾਲ ਮਾਮਲੇ ਨਜਿੱਠਣ ਸਬੰਧੀ ਸਲਾਹ-ਮਸ਼ਵਰਾ ਕਰ ਰਿਹਾ ਸੀ। ਉਹਨਾਂ ਦੇ ਕੋਲ ਹੀ ਰੰਗਰੂਟੀ ਕਰ ਕੇ ਛੁੱਟੀ ਆਇਆ ਸਰਪੰਚ ਦਾ ਮੁੰਡਾ ਆਪਣੀ ਵਰਦੀ ਕਸੀ ਮਿੱਤਰ ਮੰਡਲੀ ਵਿਚ ਬੈਠਾ ਚਟਕਾਰੇ ਲੈ ਲੈ ਕੇ ਰੰਗਰੂਟੀ ਦੀਆਂ ਗੱਲਾਂ ਸੁਣਾ ਰਿਹਾ ਸੀ। ਇਤਨੇ ਨੂੰ ਪਿੰਡ ਛੁੱਟੀ ਆਇਆ ਸੂਬੇਦਾਰ ਨਿਸ਼ਾਨ ਸਿੰਘ ਵਿਹੜੇ ਨੂੰ ਜਾਣ ਲਈ ਹਵੇਲੀ ਅੱਗਿਓਂ ਲੰਘਣ ਲੱਗਾ ਤਾਂ ਸਰਪੰਚ ਦੇ ਮੁੰਡੇ ਨੇ ਉੱਠ ਕੇ ਠਾਹ ਕਰਦਾ ਸੈਲਿਊਟ ਮਾਰਿਆ।
ਸੈਲਿਊਟ ਦਾ ਉੱਤਰ ਦੇ ਕੇ ਜਦੋਂ ਸੂਬੇਦਾਰ ਥੋੜਾ ਜਿਹਾ ਅੱਗੇ ਚਲਾ ਗਿਆ ਤਾਂ ਪਿਛਲੇ ਪਾਸਿਉਂ ਕਿਸੇ ਨੇ ਸ਼ਬਦਾਂ ਦਾ ਵਾਰ ਕੀਤਾ, ਆਜ਼ਾਦੀ ਤਾਂ ਇਹਨਾਂ ਨੂੰ ਮਿਲੀ ਐ। ਵੇਖਿਆ ਸੂਬੇਦਾਰ ਦਾ ਟੋਹਰ, ਸਰਪੰਚ ਦਾ ਮੁੰਡਾ ਵੀ ਸਲੂਟ ਮਾਰਦੈ।
ਭਾਊ ਜੀ, ਬੰਦੇ ਨੂੰ ਕੌਣ ਪੁਛਦੈ। ਇਹ ਤਾਂ ਮੋਢੇ ਤੇ ਲੱਗੇ ਫੁੱਲਾਂ ਦੀ ਇੱਜ਼ਤ ਐ।
ਕੋਈ ਨੀ…ਸੂਬੇਦਾਰ ਨੂੰ ਸਨਾਹ ਭੇਜ ਦਿੰਨੇਂ ਆਂ ਕਿ ਹੁਣ ਵਰਦੀ ਪਾ ਕੇ ਪਿੰਡ ਨਾ ਆਇਆ ਕਰੇ।ਸਰਪੰਚ ਨੇ ਖਲਾਅ ਨੂੰ ਘੂਰਦਿਆਂ ਕਿਹਾ।
-0-
2. ਮੌਕਾ-ਪ੍ਰਸਤੀ
ਝੋਨੇ ਦੀ ਸਾਂਭ-ਸੰਭਾਲ ਪਿੱਛੋਂ ਅਰਜਨ ਸਿੰਘ ਨੇ ਆੜ੍ਹਤੀ ਬਿਸ਼ੇਸ਼ਰ ਮੱਲ ਨੂੰ ਆਣ ਫ਼ਤਹਿ ਬੁਲਾਈ। ਬਿਸ਼ੇਸ਼ਰ ਮੱਲ ਨੇ ਅਰਜਨ ਸਿੰਘ ਨੂੰ ‘ਜੀ ਆਇਆਂ ਨੂੰ’ ਆਖਦਿਆਂ ਆਪਣੇ ਕਰਿੰਦੇ ਨੂੰ ਪਾਣੀ ਪਿਆਉਣ ਦਾ ਇਸ਼ਾਰਾ ਕੀਤਾ। ਇਸ ਤੋਂ ਪਹਿਲਾਂ ਕਿ ਅਰਜਨ ਸਿੰਘ ਕੋਈ ਗੱਲ ਕਰਦਾ, ਆੜਤੀ ਉਲ੍ਹਾਮੇ ਜਿਹੇ ਨਾਲ ਬੋਲਿਆ, ਵੇਖ ਲਾ ਭਾਊ, ਐਤਕੀਂ ਵੀ ਤੇਰੇ ਭਤੀਜੇ ਨੇ ਦੂਸਰੀ ਆੜ੍ਹਤ ਤੇ ਝੋਨਾ ਸੁੱਟਿਐ। ਇਹ ਕੋਈ ਚੰਗੀ ਗੱਲ ਤਾਂ ਨਹੀਂ ਨਾ ਸਰਦਾਰ ਜੀ। ਤੁਹਾਡੇ ਕਰਕੇ ਈ ਤਾਂ ਉਹਦਾ ਲਿਹਾਜ ਕਰ ਰਿਹੈਂ, ਪਿਛਲਾ ਹਿਸਾਬ-ਕਤਾਬ ਅਜੇ ਖੜੈ…।
ਕੋਈ ਨ੍ਹੀਂ ਸ਼ਾਹ ਜੀ, ਆ ਜਾਣਗੇ ਪੈਸੇ ਪਰਸੋਂ ਤੀਕ, ਉਹਨੂੰ ਸਾਰੀ ਰਕਮ ਮਿਲ ਜਾਣੀ ਐ ਵੱਟਕ ਦੀ। ਮੇਰਾ ਹਿਸਾਬ-ਕਿਤਾਬ ਬਣਾਇਐ? ਘਰ ਵਾਲੀ ਜਿੱਦ ਕਰੀ ਬੈਠੀ ਆ ਕਿ ਕੁੜੀ ਤੋਰਨ ਲੱਗਿਆਂ ਨਿੱਕ-ਸੁੱਕ ਜਿਹਾ ਬਣਾ ਕੇ ਦੇਣੈ।
ਐਹ ਲਓ ਪਰਚੀ, ਹਿਸਾਬ ਬਣਾਇਆ ਪਿਆ, ਪਿਛਲਾ ਹੱਥ-ਹੁਦਾਰ ਤੇ ਵਿਆਜ ਪਾ ਕੇ ਜੋ ਬਚਦੈ ਹੱਥੀ-ਬੱਧੀ ਦੇਣੈ।
ਅਰਜਨ ਸਿੰਘ ਨੇ ਸਰਸਰੀ ਜਿਹੀ ਨਜ਼ਰ ਪਰਚੀ ਉੱਤੇ ਮਾਰੀ ਤਾਂ ਉਹਦੇ ਚਿਹਰੇ ਉੱਪਰ ਰੌਣਕ ਆ ਗਈ। ਉਸ ਨੂੰ ਐਨੀ ਰਕਮ ਬਚਣ ਦੀ ਆਸ ਨਹੀਂ ਸੀ।
ਸੇਠ ਜੀ ਆਹ ਲਓ ਪਰਚੀ ਤੇ ਪੰਜ ਕੁ ਹਜ਼ਾਰ ਦਿਓ ਹੁਣ ਤੇ ਬਾਕੀ ਹਫ਼ਤੇ ਪੰਦਰਾਂ ਦਿਨਾਂ ਤੀਕ ਕਰ ਦਿਉ। ਲੈਣ ਦੇਣ ਕਰਕੇ ਸੁਰਖਰੂ ਹੋਈਏ।
ਐਹ ਲਓ ਪੰਜ ਹਜ਼ਾਰ ਤੇ ਬਾਕੀ ਦੇ ਪੈਸਿਆਂ ਦੀ ਤਰੀਕ ਲਿਖ ਦਿੱਤੀ ਐ। ਤਿੰਨ ਕੁ ਮਹੀਨੇ ਤੀਕ…।
ਤਰੀਕ!…ਕਾਹਦੀ ਤਰੀਕ? ਦੇਣਦਾਰਾਂ ਨੂੰ ਲਾਰਾ ਲਾਇਐ ਕਿ ਝੋਨੇ ’ਤੇ ਨਿਬੇੜਾ ਕਰ ਦਿਆਂਗਾ। ਫਿਰ ਘਰ ਦਾ ਖਰਚਾ ਵੀ ਇਸੇ ਤੋਂ ਤੋਰਨਾ ਹੋਇਆ… ਤੇ ਤੁਸੀਂ ਤਿੰਨ ਮਹੀਨੇ ਦੀ ਤਰੀਕ ਦੇ ਰਹੇ ਓ!
ਐਨੀ ਜਲਦੀ ਤਾਂ ਮੁਸ਼ਕਲ ਐ ਫਿਰ…।
ਸੋਚ ਲਓ ਸ਼ਾਹ ਜੀ, ਰਣਜੀਤ ਹੁਰੀਂ ਅਗਾਊ ਪੈਸੇ ਦੇਣ ਦਾ ਕਹਿੰਦੇ ਐ ਤੇ ਫਸਲ ਦੀ ਬਚਦੀ ਰਕਮ ਮਹੀਨੇ ਵਿਚ ਦੇਣ ਦਾ ਵਾਇਦਾ। ਦੇਰੀ ਹੋਣ ਤੇ ਵਿਆਜ ਵੀ ਦੇਣਗੇ। ਅੱਗੋਂ ਤੁਸੀਂ ਸਿਆਣੇ ਓਂ…ਕਿਤੇ ਭਤੀਜੇ ਆਂਗੂੰ ਉਸੇ ਆੜ੍ਹਤ ਤੇ…।
ਅਰਜਨ ਸਿੰਘ ਦੇ ਚਿਹਰੇ ਤੇ ਫੈਲੀ ਦ੍ਰਿੜਤਾ ਵੇਖ ਬਿਸ਼ੇਸ਼ਰ ਮੱਲ ਤਿਲਮਿਲਾਇਆ। ਆਪਣੇ ਪਿਤਾ ਦੇ ਬੋਲ ਕਿ ਜਿਮੀਂਦਾਰਾਂ ਦੇ ਸਿਰ ਤੇ ਹੀ ਇਹ ਠਾਠ-ਬਾਠ ਨੇ, ਇਨ੍ਹਾਂ ਨੂੰ ਹਰ ਹੀਲੇ ਕੀਲ ਕੇ ਰੱਖਣ ਨਾਲ ਹੀ ਇੱਜ਼ਤ ਕਾਇਮ ਰਹਿੰਦੀ ਏ, ਉਹਦੇ ਕੰਨਾਂ ਵਿਚ ਗੂੰਜੇ। ਉਹ ਹੱਸਦਾ ਹੋਇਆ ਬੋਲਿਆ, ਸਰਦਾਰ ਜੀ, ਆਪਾਂ ਕਿਤੇ ਪੈਸਿਆਂ ਨਾਲ ਵਰਤਣੈ…ਪੰਦਰਾਂ ਦਿਨਾਂ ਨੂੰ ਆਪਣੀ ਰਕਮ ਲੈ ਜਾਣੀ ਤੇ ਕਣਕ ਬੀਜਣ ਵਾਸਤੇ ਜਿੰਨੀਆਂ ਬੋਰੀਆਂ ਚਾਹੀਦੀਆਂ ਹੋਣ, ਉਹ ਵੀ। ਹਿਸਾਬ ਹਾੜੀ ਤੇ ਕਰ ਲਵਾਂਗੇ।
ਅਰਜਨ ਸਿੰਘ ਨੇ ਪੰਜ ਹਜ਼ਾਰ ਦੀ ਗੱਠੀ ਹੇਠਲੀ ਜੇਬ ਵਿਚ ਪਾਈ ਤੇ ਪੰਦਰਾਂ ਦਿਨਾਂ ਦਾ ਇਕਰਾਰ ਲੈ ਮੁਸਕਰਾਂਦਾ ਹੋਇਆ ਥੜ੍ਹੇ ਤੋਂ ਹੇਠਾਂ ਉਤਰ ਆਇਆ।
-0-
3. ਉਪਾਅ
ਭੈਣ ਜੀ, ਕੁਝ ਸੁਣਿਆ ਜੇ…?ਦਰਾਣੀ ਨੇ ਜਠਾਣੀ ਨੂੰ ਸੰਬੋਧਿਤ ਹੁੰਦਿਆਂ ਦੱਸਣ ਵਾਲੇ ਰੌਅ ਵਿਚ ਪੁੱਛਦਿਆਂ ਕਿਹਾ।
ਕੀ ਕੋਈ ਖਾਸ ਗੱਲ ਹੋ ਗੀ?…ਅੱਜ ਤਾਂ ਸਵੇਰ ਦਾ ਚੌਂਕੇ ’ਚੋਂ ਨਿਕਲ ਹੀ ਨਹੀਂ ਹੋਇਆ…ਸੁੱਖ ਨਾਲ ਵੀਰ ਆਇਐ।ਦਰਾਣੀ ਵੱਲ ਉਤਸੁਕਤਾ ਨਾਲ ਵੇਖਦਿਆਂ ਜਠਾਣੀ ਨੇ ਕਿਹਾ।
ਬਾਜਵਿਆਂ ਦੀ ਦਰਸ਼ਨਾਂ ਨੇ ਆਪਣੀ ਸੱਸ ਕੁੱਟ ਤੀ…
ਹੈਂ…ਚਰਨੋ ਕੁੱਟ ਤੀ…ਅੱਜ ਸੂਰਜ ਪੱਛਮੋਂ ਕਿਮੇਂ…?
ਉਹਦੇ ਤਾਂ ਐਂ ਹੱਡ ਸੇਕੇ ਸੂ ਜਿਵੇਂ ਡੰਗਰ ਕੁੱਟੀਦੈ ।
ਅੱਤ ਵੀ ਬੜੀ ਚੁੱਕੀ ਸੀ ਉਸਨੇ…ਗੱਲ ਗੱਲ ਤੇ ਧੜੈ ਧੜੈ ਕੁੱਟ ਸੁੱਟਣਾ…ਦਰਸ਼ਨਾ ਵਿਚਾਰੀ ਗਰੀਬ ਗਊ…ਮਾਰ ਖਾ ਕੇ ਕਦੇ ਕੁਸਕਦੀ ਨਹੀਂ ਸੀ…ਪੇਕਾ ਜੂ ਕਮਜ਼ੋਰ ਹੋਇਆ…ਸਾਰਾ ਪਿੰਡ ਤਰਾਸ ਤਰਾਸ ਕਰਦੈ…ਕਈਆਂ ਸਮਝਾਇਐ ਚਰਨੋ ਨੂੰ, ਪਰ ਅਸਰ ਈ ਨਹੀਂ…ਕੀ ਆਹ ਕੁੱਟਣ ਵਾਲੀ ਗੱਲ ਸੱਚੀ ਐ…?
ਲੈ ਹੋਰ ਕੀ… ਆਪਣੀ ਗੁਲਾਬੋ ਦੱਸ ਕੇ ਗਈ ਐ। ਉਹ ਉਦੋਂ ਉਨ੍ਹਾਂ ਘਰ ਗੋਹਾਕੂੜਾ ਕਰਦੀ ਸੀ। ਕਹਿੰਦੀ ਕਿ ਦਰਸ਼ਨਾ ਵਿਚ ਕੋਈ ਓਪਰੀ ਸ਼ੈਅ ਆ ਗਈ ਐ।
ਕਿਤੇ ਚਰਨੋ ਦੀ ਸੱਸ ਈ ਨਾ ਹੋਵੇ।
ਹਾਏ ਨੀ ਤੇਰੀ ਗੱਲ ਸੱਚੀ ਹੋਵੇ…ਚਰਨੋ ਨੂੰ ਤਾਂ ਉਹਦੀ ਸੱਸ ਸੁਣਿਐ ਬੜਾ ਈ ਮਾਰਦੀ ਸੀ…ਉਹ ਭੂਤਨੀ ਬਣ ਕੇ ਦਰਸ਼ਨਾ ਨੂੰ ਚੰਬੜੀ ਹੋਣੀ ਐ…ਨਹੀਂ ਤਾਂ ਦਰਸ਼ਨਾ ’ਚ ਐਨੀ ਹਿੰਮਤ ਕਿੱਥੇ…!
ਜੇ ’ਗਾਂਹ ਗੱਲ ਨਾ ਕਰੇਂ ਤਾਂ ਇਕ ਗੱਲ ਦੱਸਾਂ…? ਜਠਾਣੀ ਨੇ ਦਰਾਣੀ ਦੇ ਲਾਗੇ ਹੋ ਭੇਦ ਭਰੀ ਮੁਸਕਾਨ ਚਿਹਰੇ ਉੱਤੇ ਲਿਆਉਂਦਿਆਂ ਕਿਹਾ।
ਲੈ ਮੈਂ ਪਹਿਲਾਂ ਕਦੇ ਗੱਲ ਕੀਤੀ ਐ ਭਲਾ…।
ਦਰਸ਼ਨਾ ਨੂੰ ਓਪਰੀ ਸ਼ੈਅ ਕੋਈ ਨੀ ਚੰਬੜੀ…ਪਰਸੋਂ ਗਲੀ ’ਚੋਂ ਲੰਘਦਿਆਂ ਪਰਮਜੀਤ ਮਾਸਟਰਨੀ ਨੂੰ ਦਰਸ਼ਨਾ ਤਾਈਂ ਕਹਿੰਦਿਆਂ ਸੁਣਿਆ ਸੀ, ਬਈ ਦਰਸ਼ਨਾ ਭੈਣ ਇੰਜ ਰੋਜ਼-ਰੋਜ਼ ਹੱਡ ਕੁਟਵਾਉਣ ਨਾਲੋਂ ਚੰਗਾ ਨਹੀਂ ਕਿ ਅੱਗੋਂ…।
ਹੂੰਅਅ…ਭੈਣ…ਸੱਚੀਂ?
ਦੋਵੇਂ ਇਕ ਦੂਸਰੀ ਵੱਲ ਵੇਖ ਮੁਸਕਰਾਈਆਂ ਤੇ ਆਪਣੇ ਆਪਣੇ ਚੌਕਿਆਂ ਵਿਚ ਜਾ ਵੜੀਆਂ।
-0-
4. ਬਦਲਦੀ ਸੋਚ
ਨਸੀਬੋ ਨੇ ਮਾਲਕਣ ਵੱਲੋਂ ਦਿੱਤੇ ਪੈਸਿਆਂ ਨੂੰ ਇਕ ਵਾਰ ਫੇਰ ਗਿਣਿਆ ਤੇ ਬੋਲੀ, ਚਾਰ ਸੌ ਦੀ ਥਾਂ ਸਿਰਫ ਤਿੰਨ ਸੌ ਚਾਲ੍ਹੀ…ਬੀਬੀ ਜੀ ਪੈਸੇ ਘੱਟ ਕਿਉਂ ਦੇ ਰਹੇ ਹੋ? ਮੈਂ ਤਾਂ ਪੂਰਾ ਮਹੀਨਾ ਕੰਮ ਕੀਤੈ…ਬਮਾਰ-ਛਮਾਰ ਹੋ ਜਾਏ ਤਾਂ ਉਹ ਵੱਸ ਦੀ ਗੱਲ ਨਹੀਂ ਨਾ…ਐਵੇਂ ਨਾ ਕਰੋ…ਮੈਂ ਕੁੜੀ ਦਾ ਦਾਖਲਾ ਭਰਨੈ…।
ਦੇਖ ਨਸੀਬੋ, ਹਿਸਾਬ ਕਿਤਾਬ ਮਾਵਾਂ-ਧੀਆਂ ਦਾ…ਤੇਰੇ ਘਰ ਨਾਲ ਮੈਨੂੰ ਕੋਈ ਮਤਲਬ ਨਹੀਂ, ਨਾਗੇ ਤੇ ਅੱਧੀਆਂ ਦਿਹਾੜੀਆਂ ਕੱਟ ਕੇ ਐਨੇ ਹੀ ਪੈਸੇ ਬਣਦੇ ਨੇ…।
ਚੰਗਾ ਬੀਬੀ ਜੀ, ਤੁਹਾਡੀ ਮਰਜੀ।ਕਹਿੰਦਿਆਂ ਨਸੀਬੋ ਨੇ ਇਕ ਹਉਕਾ ਭਰਿਆ ਤੇ ਲੀੜੇ ਪੱਲੇ ਪੈਸੇ ਬੰਨ੍ਹ ਘਰ ਨੂੰ ਤੁਰ ਪਈ।
ਘਰ ਦੀ ਮਾਲਕਣ ਨੇ ਘਰ ਦੇ ਹਰ ਜੀਅ ਨੂੰ ਬੜੇ ਫ਼ਖਰ ਨਾਲ ਨੌਕਰਾਣੀ ਦੇ ਪੈਸੇ ਕੱਟਣ ਦੀ ਗੱਲ ਦੱਸੀ। ਸਭ ਖੁਸ਼ ਸਨ ਕਿ ਹੁਣ ਅੱਗੇ ਤੋਂ ਨੌਕਰਾਣੀ ਨੂੰ ਨਾਗੇ ਕਰਨ ਦਾ ਹੌਂਸਲਾ ਨਹੀਂ ਪਏਗਾ।
ਦੋ ਕੁ ਦਿਨਾਂ ਬਾਅਦ ਘਰ ਵਿਚ ਹੋ ਰਹੀ ਕਿੱਟੀ ਪਾਰਟੀ ਤੇ ਘਰ ਦੀ ਮਾਲਕਣ ਨੇ ਨਸੀਬੋ ਨੂੰ ਰੁਕਣ ਲਈ ਕਿਹਾ ਤਾਂ ਉਹ ਰੁਕ ਗਈ। ਸਾਰਾ ਕੰਮ ਨਿਪਟਾ ਕੇ ਤੁਰਨ ਲੱਗਿਆਂ ਨਸੀਬੋ ਨੇ ਮਾਲਕਣ ਨੂੰ ਕਿਹਾ, ਲਿਆਓ ਬੀਬੀ ਜੀ, ਓਵਰਟੈਮ ਦੇ ਪੈਸੇ।
ਕਿਹੜਾ ਓਵਰਟਾਈਮ?ਮਾਲਕਣ ਤਮਕ ਕੇ ਬੋਲੀ।
ਦੇਖੋ ਬੀਬੀ ਜੀ, ਚਾਰ ਜੀਆਂ ਦੇ ਕੱਪੜੇ, ਭਾਂਡੇ ਤੇ ਸਫਾਈਆਂ ਬਦਲੇ ਚਾਰ ਸੌ ਦੀ ਗੱਲ ਹੋਈ ਏ। ਅੱਜ ਪਾਰਟੀ ਵਿਚ ਵੀਹ ਬੀਬੀਆਂ ਆਈਆਂ ਸਨ ਤੇ ਜੂਠੇ ਭਾਂਡਿਆਂ ਦਾ ਢੇਰ ਸਾਫ ਕੀਤੈ। ਕਮਰਿਆਂ ਨੂੰ ਦੁਬਾਰਾ ਸਾਫ ਕੀਤੈ। ਮਿਹਨਤਾਨੇ ਦੇ ਤੀਹ ਰੁਪਏ ਬਣਦੇ ਨੇ। ਜੇਕਰ ਮੇਰੇ ਨਾ ਆਉਣ ਤੇ ਤੁਸੀਂ ਪੈਸੇ ਕੱਟ ਸਕਦੇ ਓ ਤਾਂ ਵਾਧੂ ਕੰਮ ਮੈਂ ਮੁਫਤ ’ਚ ਕਿਉਂ ਕਰਾਂ? ਅੱਗੋਂ ਵੀ ਜੇਕਰ ਮਹਿਮਾਨ ਆਉਣਗੇ ਤਾਂ ਇੰਜ ਈ ਵੱਖਰੇ ਪੈਸੇ ਲਵਾਂਗੀ। ਮੰਜੂਰ ਏ ਤਾਂ ਕੱਲ੍ਹ ਤੋਂ ਕੰਮ ਤੇ ਆਵਾਂਗੀ, ਨਹੀਂ ਤਾਂ ਹੋਰ ਬੰਦੋਬਸਤ ਕਰ ਲਓ।
ਘਰ ਦੀ ਮਾਲਕਣ ਪਰੇਸ਼ਾਨ ਹੋ ਉੱਠੀ। ਪਹਿਲਾਂ ਹੀ ਬੜੀ ਖੁਆਰੀ ਪਿੱਛੋਂ ਇਹ ਨੌਕਰਾਣੀ ਮਿਲੀ ਸੀ, ਜੇਕਰ ਕੰਮ ਤੇ ਨਾ ਆਈ ਤਾਂ ਇਹਨੂੰ ਹੋਰ ਘਰਾਂ ਵਾਲੇ ਰੱਖਣ ਨੂੰ ਤਿਆਰ ਹੋ ਜਾਣਗੇ। ਉਹਨੇ ਪਰਸ ਵਿਚੋਂ ਸੌ ਦਾ ਨੋਟ ਕੱਢਿਆ ਤੇ ਨਸੀਬੋ ਵੱਲ ਵਧਾਉਂਦਿਆ ਕਿਹਾ, ਪਿਛਲੇ ਮਹੀਨੇ ਦੇ ਬਾਕੀ ਦੇ ਤੇ ਅੱਜ ਦੇ, ਆਹ ਲੈ ਸੌ ਰੁਪਈਏ। ਹੁਣ ਤਾਂ ਖੁਸ਼ ਏਂ?
-0-