Wednesday, July 20, 2011

ਸੁਰਿੰਦਰ ਕੈਲੇ

ਸ਼ੀ ਸੁਰਿੰਦਰ ਕੈਲੇ ਪੰਜਾਬੀ ਮਿੰਨੀ ਕਹਾਣੀ ਦੇ ਪ੍ਰੋੜ੍ਹ ਹਸਤਾਖਰ ਹਨ। ਆਪਣੇ ਮੌਲਿਕ ਲੇਖਨ ਅਤੇ ਸੰਪਾਦਨ ਕਾਰਜ ਰਾਹੀਂ ਉਹਨਾਂ ਨੇ ਮਿੰਨੀ ਕਹਾਣੀ ਦੇ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਉਹਨਾਂ ਦੇ ਸੰਖੇਪ ਪਰੀਚੈ ਨਾਲ ਪ੍ਰਸਤੁਤ ਹਨ ਉਹਨਾਂ ਦੀਆਂ ਚਾਰ ਚਰਚਿਤ ਮਿੰਨੀ ਕਹਾਣੀਆਂ।
                                            ********

ਜਨਮ ਮਿਤੀ/ਸਥਾਨ : 15  ਨਵੰਬਰ, 1947/ ਪਿੰਡ:ਬੂਟਾਹਰੀ(ਲੁਧਿਆਣਾ)
ਪਿਤਾ/ਮਾਤਾ ਦਾ ਨਾਂ : ਸ. ਨਿਰੰਜਨ ਸਿੰਘ / ਸ਼੍ਰੀਮਤੀ ਗੁਰਦਿਆਲ ਕੌਰ
ਵਿਦਿਅਕ ਯੋਗਤਾ : ਬੀ.ਕਾਮ.
ਲੇਖਣ ਦੀਆਂ ਵਿਧਾਵਾਂ : ਮਿੰਨੀ ਕਹਾਣੀ, ਕਹਾਣੀ, ਕਵਿਤਾ, ਵਾਰਤਕ    
ਪ੍ਰਕਾਸ਼ਿਤ ਪੁਸਤਕਾਂ:
(i)
ਮੌਲਿਕ : ‘ਬੇਕਾਰ ਘੋੜਾ, ‘ਕੂੰਜਾਂਦੀ ਡਾਰ’ ਅਤੇ ਪੂਰਬ ਦੀ ਲੌਅ’ (ਮਿੰਨੀ ਕਹਾਣੀ ਸੰਗ੍ਰਹਿ) ਤੇ ‘ਧੁੰਦ ਛਟਣ ਤੋਂ ਬਾਅਦ’(ਕਹਾਣੀ ਸੰਗ੍ਰਹਿ)   
(ii)
ਸੰਪਾਦਿਤ : ਚਾਰ ਮਿੰਨੀ ਕਹਾਣੀ ਸੰਗ੍ਰਹਿ ਅਤੇ ਚਾਰ ਹੋਰ ਪੁਸਤਕਾਂ।
(iii)
ਵਿਸ਼ੇਸ਼/ਹੋਰ  : ਸਾਲ 1972 ਤੋਂ ਨਿਰੰਤਰ  ਅਣੂ(ਮਿੰਨੀ ਪਤ੍ਰਿਕਾ) ਦਾ ਸੰਪਾਦਨ ।
ਮਾਨ-ਸਨਮਾਨ : ਪੰਜਾਬ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਤ।
ਕਿੱਤਾ : ਗੱਤਾ ਮਿੱਲ
ਮੌਜੂਦਾ ਰਿਹਾਇਸ234-ਐਫ, ਸ਼ਹੀਦ ਬਗਤ ਸਿੰਘ ਨਗਰ, ਲੁਧਿਆਣਾ(ਪੰਜਾਬ)-141002
                                                        *******

1.ਸੀਰੀ
                                             
“ਕੁੜੇ ਬਸੰਤ ਕੁਰੇ, ਸੁਣਿਐ ਕੁੱਛ? ਆਹ ਤਾਂ ਰੱਬ ਨੇ ਲੋੜ੍ਹਾ ਈ ਮਾਰਿਆ,” ਅੰਦਰ ਵੜਦੀ ਗੁਆਂਢਣ ਨੇ ਗੱਲ ਸ਼ੁਰੂ ਕਰਦਿਆਂ ਕਿਹਾ।
“ਕੀ ਹੋਇਆ ਭੈਣੇ?
ਬਸੰਤ ਕੌਰ ਦੇ ਗੱਲ ਸਮਝ ਨਾ ਆਈ ਤੇ ਉਸਨੇ ਅੱਗੋਂ ਜਾਣਨਾ ਚਾਹਿਆ।
“ਹੋਣਾ ਕੀ ਸੀ। ਸਰਪੰਚ ਨੇ ਵੀਰੂ ਸਾਂਝੀ ਦੇ ਮੁੰਡੇ ਨੂੰ ਨਰਮੇ ਤੇ ਸਪਰੇ ਕਰਨ ਲਾਇਆ ਸੀ। ਉਸਨੂੰ ਦਵਾਈ ਚੜ੍ਹ ਗਈ ਤੇ ਉੱਥੇ ਈ ਬੇਹੋਸ਼ ਹੋ ਗਿਆ।”
“ਹਾਇ! ਹਾਇ! ਫੇਰ ਕੀ ਹੋਇਆ?”
“ਸਰਪੰਚ ਮੁੰਡੇ ਨੂੰ ਟਰਾਲੀ ’ਚ ਪਾ ਕੇ ਸ਼ਹਿਰ ਲੈ ਗਿਆ। ਪਰ ਉਹ ਤਾਂ ਵਿਚਾਰਾ ਰਾਹ ’ਚ ਈ ਪੂਰਾ ਹੋ ਗਿਆ।”
ਗੁਆਂਢਣ ਨੇ ਦਰਦ ਭਰੇ ਮਨ ਨਾਲ ਦਸਦਿਆਂ ਤੇ ਹਮਦਰਦੀ ਜਤਾਉਂਦਿਆਂ ਕਿਹਾ, “ਵਿਚਾਰੇ ਗਰੀਬ ਨਾਲ ਤਾਂ ਬਹੁਤ ਧੱਕਾ ਹੋਇਆ। ’ਕੱਲਾ ’ਕੱਲਾ ਜਵਾਕ ਸੀ ਵੀਰੂ ਦੇ।”
“ਤਾਂ ਹੀ ਤਾਂ ਮੈਂ ਨੀ ਆਪਣੇ ਗੁਰਿੰਦਰ ਨੂੰ ਸਪਰੇ ਤੇ ਲੱਗਣ ਦਿੰਦੀ, ਭਾਵੇਂ ਇਹਦਾ ਬਾਪੂ ਕਈ ਵਾਰ ਕਹਿੰਦਾ ਹੁੰਦੈ। ਮੈਂ ਖਹਿੜੇ ਪੈ ਜਾਂਦੀ ਆਂ ਬਈ ਭਈਏ ਥੋੜ੍ਹੇ ਨੇ ਸਪਰੇਆਂ ਨੂੰਰੱਬ ਨਾ ਕਰੇ ਜੇ ਕੋਈ ਚੰਗੀ ਮਾੜੀ ਹੋ ਜੇ। ਨਾਲੇ ਪੁੱਤ ਕਿਹੜਾ ਲੱਖੀਂ ਹਜਾਰੀਂ ਮਿਲਦੇ ਨੇ…
ਬਸੰਤ ਕੌਰ ਨੇ ਆਪਣਾ ਪੱਖ ਦਰਸਾਉਂਦਿਆਂ ਕਿਹਾ।
ਇਨ੍ਹਾਂ ਦੋਹਾਂ ਦੀਆਂ ਗੱਲਾਂ ਸੁਣ ਵਿਹੜੇ ਵਾਲੀ ਕਰਮੋ ਗੋਹਾ ਕੂੜਾ ਕਰਨੋਂ ਰੁਕ ਗਈ। ਉਹਦੀਆਂ ਅੱਖਾਂ ਵਿੱਚੋਂ ਛਮ ਛਮ ਹੰਝੂ ਚੋਣ ਲੱਗੇ। ਕਈ ਸਾਲ ਪਹਿਲਾਂ ਦੀ ਘਟਨਾ ਫਿਰ ਤਾਜ਼ਾ ਹੋ ਗਈ। ਉਸਦਾ ਇਕਲੌਤਾ ਪੁੱਤਰ ਵੀ ਇੰਜ ਹੀ ਅਜਾਈਂ ਮੌਤ ਦੇ ਮੂੰਹ ਜਾ ਪਿਆ ਸੀ। ਘੁੱਟ ਕੇ ਕਲੇਜਾ ਫੜੀ ਕਰਮੋ ਬਸੰਤ ਕੌਰ ਦੀਆਂ ਗੱਲਾਂ ਸੁਣ ਕੇ ਤੜਪ ਉੱਠੀ। ਉਹਦਾ ਰੋਹ ਆਪ ਮੁਹਾਰੇ ਫੁੱਟ ਪਿਆ, “ਜਿਹੜਾ ਮਰ ਗਿਆ ਉਹ ਕਿਹੜਾ ਕਿਸੇ ਮਾਂ ਦਾ ਪੁੱਤ ਸੀ. ਸੀਰੀ ਈ ਸੀ ਨਾ!”
                                         -0-

2.ਦਹੇਜ
                                             
ਦੀਨ ਦਿਆਲ ਦੇ ਪੁੱਤਰ ਰਤਨਪਾਲ ਦੀ ਤੀਸਰੀ ਸਗਾਈ ਦੀ ਗੱਲ ਚੱਲ ਰਹੀ ਸੀ। ਪਹਿਲੀਆਂ ਦੋ ਸਗਾਈਆਂ ਟੁੱਟ ਜਾਣ ਕਾਰਨ ਉਹ ਇਸ ਵਾਰ ਬਹੁਤ ਹੁਸ਼ਿਆਰੀ ਨਾਲ, ਹੋਏ ਬੀਤੇ ਤੋਂ ਸਬਕ ਸਿੱਖ ਫੂਕ-ਫੂਕ ਪੈਰ ਧਰ ਰਿਹਾ ਸੀ।
“ਲੜਕਾ ਪੜ੍ਹਿਆ ਲਿਖਿਆ ਤੇ ਸਰਕਾਰੀ ਨੌਕਰ ਹੈ। ਆਪਣੇ ਪਰਿਵਾਰ ਤੇ ਇਸਦੀ ਨੌਕਰੀ ਦੇ ਰੁਤਬੇ ਮੁਤਾਬਕ ਬਣਦਾ ਦਾਜ ਰੂਰ ਲੈਣਾ ਹੈ। ਸਾਡੇ ਘਰ ਟੀ.ਵੀ., ਫਰਿਜ, ਏ.ਸੀ.,ਕਾਰ ਵਗੈਰਾ ਸਾਰੀਆਂ ਸਹੂਲਤਾਂ ਹਨ। ਇਸ ਲਈ ਮੈਨੂੰ ਦਾਜ ਵਿੱਚ ਨਕਦੀ ਚਾਹੀਦੀ ਹੈ।” ਦੀਨ ਦਿਆਲ ਨੇ ਆਪਣੇ ਜੀਵਨ-ਪੱਧਰ ਨੂੰ ਬਿਆਨ ਕਰਦਿਆਂ ਨਕਦੀ ਦੀ ਮੰਗ ਰੱਖ ਦਿੱਤੀ।
“ਠੀਕ ਹੈ। ਜਿਵੇਂ ਤੁਸੀਂ ਸਹੀ ਸਮਝੋ। ਅਸੀਂ ਸਾਮਾਨ ਨਾ ਦਿੱਤਾ, ਪੈਸੇ ਦੇ ਦਿੱਤੇ, ਗੱਲ ਤਾਂ ਇੱਕੋ ਹੀ ਹੈ।”
ਕੁੜੀ ਵਾਲਿਆਂ ਸੋਚਿਆ ਮੁੰਡਾ ਸੁਨੱਖਾ, ਪੜ੍ਹਿਆ ਲਿਖਿਆ ਤੇ ਰੁਗਾਰ ਤੇ ਲੱਗਾ ਹੋਇਆ ਹੈ। ਘਰ ਵੀ ਵਧੀਆ ਹੈ। ਕੀ ਹੋਇਆ ਜੇ ਮੁੰਡੇ ਦਾ ਬਾਪ ਜਰਾ ਲਾਲਚੀ ਹੈ। ਇੱਕ ਵਾਰੀ ਪੈਸੇ ਲਾ ਕੇ ਜੇ ਕੁੜੀ ਸੁਖੀ ਰਹਿੰਦੀ ਹੈ ਤਾਂ ਨਕਦ ਦੇਣ ਵਿੱਚ ਵੀ ਕੋਈ ਹਰਜ਼ ਨਹੀਂ।
ਗੱਲਾਂ ਬਾਤਾਂ ਤੋਂ ਬਾਅਦ ਦੋਹਾਂ ਧਿਰਾਂ ਵਿਚਕਾਰ ੈਸਲਾ ਹੋਇਆ ਕਿ ਕੁੜੀ ਵਾਲੇ ਦਹੇਜ ਦੇ ਪੰਜ ਲੱਖ ਰੁਪਏ ਨਕਦ ਦੇਣਗੇ।
ਮਿੱਥੇ ਦਿਨ ਦੀਨ ਦਿਆਲ ਬਰਾਤ ਲੈ ਕੇ ਕੁੜੀ ਵਾਲਿਆਂ ਦੇ ਘਰ ਢੁੱਕ ਗਿਆ।
“ਛੇਤੀ ਕਰੋ, ਮੁੰਡੇ ਨੂੰ ਫੇਰਿਆਂ ’ਤੇ ਬਿਠਾਵੋ। ਮਹੂਰਤ ਦਾ ਸਮਾਂ ਨਿਕਲਦਾ ਜਾ ਰਿਹਾ ਹੈ।” ਪੰਡਤ ਕਾਹਲੀ ਮਚਾ ਰਿਹਾ ਸੀ।
ਦੀਨ ਦਿਆਲ ਅੜ ਗਿਆ। ਕੁੜੀ ਵਾਲਿਆਂ ਨਕਦੀ ਦਾ ਬੈਗ ਦਿੱਤਾ ਤਾਂ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ। ਕੁੜਮਾਂ ਤੋਂ ਭਰਪੂਰ ਸੇਵਾ ਕਰਵਾ, ਬਰਾਤ ਡੋਲੀ ਲੈ ਕੇ ਮੁੜਨ ਲੱਗੀ ਤਾਂ ਦੀਨ ਦਿਆਲ ਨੇ ਨੋਟਾਂ ਵਾਲਾ ਬੈਗ ਕੁੜੀ ਦੇ ਬਾਪ ਨੂੰ ਵਾਪਸ ਕਰਦਿਆਂ ਕਿਹਾ, ਇਹ ਲਓ, ਤੁਹਾਡੀ ਅਮਾਨਤ। ਤੁਹਾਡਾ ਮਾਲ ਤੁਹਾਨੂੰ ਹੀ ਵਾਪਸ ਕਰ ਰਿਹਾ ਹਾਂ।”
ਕੁੜੀ ਦਾ ਪਿਓ ਡੌਰ ਭੌਰ ਹੋਇਆ ਦੀਨ ਦਿਆਲ ਦਾ ਮੂੰਹ ਦੇਖਣ ਲੱਗਾ। ਉਹ ਡਰ ਰਿਹਾ ਸੀ ਕਿ ਇਹ ਲਾਲਚੀ ਬੰਦਾ ਹੁਣ ਕੋਈ ਹੋਰ ਮੰਗ ਨਾ ਰੱਖ ਦੇਵੇ।
ਪਰ ਦੀਨ ਦਿਆਲ ਨੇ ਸਥਿਤੀ ਨੂੰ ਸਪੱਸ਼ਟ ਕਰਦਿਆਂ ਕਿਹਾ, “ਮੇਰੇ ਲੜਕੇ ਦੀ ਪਹਿਲਾਂ ਦੋ ਵਾਰ ਸਗਾਈ ਟੁੱਟ ਗਈ ਸੀ। ਕਾਰਨ ਇਹ ਸੀ ਕਿ ਮੈਂ ਸਾਦਾ ਤੇ ਦਹੇਜ ਰਹਿਤ ਵਿਆਹ ਕਰਨਾ ਚਾਹੁੰਦਾ ਸੀ। ਇਸ ਤੋਂ ਲੜਕੀ ਵਾਲਿਆਂ ਨੂੰ ਸ਼ੱਕ ਹੋ ਜਾਂਦਾ ਕਿ ਜੋ ਪੁੰਨ ਦਾ ਵਿਆਹ ਕਰਨ ਲੱਗਾ ਹੈ, ਜ਼ਰੂਰ ਮੁੰਡੇ ਵਿੱਚ ਕੋਈ ਨੁਕਸ ਹੋਵੇਗਾ। ਮੈਂ ਤੀਜੀ ਵਾਰ ਸਗਾਈ ਟੁੱਟਣ ਨਹੀਂ ਸੀ ਦੇਣੀ ਚਾਹੁੰਦਾ, ਇਸਲਈ ਮਜਬੂਰੀ-ਵਸ ਦਹੇਜ ਮੰਗਣਾ ਪਿਆ। ਹੁਣ ਸ਼ਾਦੀ ਹੋ ਚੁੱਕੀ ਹੈ, ਇਸਲਈ ਦਹੇਜ ਵਾਪਸ ਕਰ ਰਿਹਾ ਹਾਂ।”
                                        -0-

3.ਬੌਣਾ
                                           
“ਤੂੰ ਕਿੰਨੇ ਦਿਨਾਂ ਦੀ ਕਹਿੰਦੀ ਸੀ ਕਿ ਮਸ਼ੀਨ ਠੀਕ ਕਰਵਾ ਦਿਓ। ਅੱਜ ਤਾਂ ਰੱਬ ਜਾਣੀ ਆਪ ਹੀ ਬਹੁੜਿਐ। ਆਹ ਦੇਖ, ਘਰੋ ਘਰੀਂ ਪੁਛਦਾ ਮਿਸਤਰੀ ਆਪਣੇ ਵੀ  ਗਿਆ।”
ਡਾਕਟਰ ਦੇ ਪਿੱਛੇ ਇੱਕ ਬੁਰਗ ਕਾਰੀਗਰ ਹੌਲੀ ਹੌਲੀ ਸਾਈਕਲ ਖਿੱਚੀ ਆ ਰਿਹਾ ਸੀ। ਉਸਨੇ ਸਾਈਕਲ ਕੰਧ ਨਾਲ ਖੜ੍ਹਾ ਕੀਤਾ ਅਤੇ ਸੰਦਾਂ ਵਾਲੀ ਸੰਦੂਕੜੀ ਕੈਰੀਅਰ ਤੋਂ ਲਾਹ ਕੇ ਇੱਕ ਪਾਸੇ ਬੈਠ ਗਿਆ।
“ਡਾਕਟਰ ਸਾਬ੍ਹ! ਤੁਹਾਡੇ ਪਿੰਡੋਂ ਮਰੀਜ਼ ਆਏ ਨੇ ਦਵਾਈ ਲੈਣ। ਤੇ ਆਹ ਛੱਲੀਆਂ ਵੀ ਲਿਆਏ ਨੇ ਬੱਚਿਆਂ ਲਈ।, “ ਕੰਪਾਊਡਰ ਨੇ ਸੁਨੇਹਾ ਦਿੱਤਾ ਅਤੇ ਛੱਲੀਆਂ ਰਸੋਈ ਵਿੱਚ ਰੱਖਣ ਚਲਾ ਗਿਆ।
ਡਾਕਟਰ ਦਾ ਜਨਮ ਤੇ ਪਾਲਣ ਪੋਸ਼ਣ ਇੱਕ ਪਿੰਡ ਵਿੱਚ ਹੋਇਆ ਸੀ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਉਸਦੇ ਬਾਪ ਨੇ ਪੜ੍ਹਾਈ ਲਈ ਪੂਰਾ ੋਰ ਲਾ ਦਿੱਤਾ; ਇੱਥੋਂ ਤੱਕ ਕੇ ਆਪਣਾ ਘਰ ਵੀ ਗਹਿਣੇ ਰੱਖ ਦਿੱਤਾ ਸੀ। ਡਾਕਟਰ ਨੇ ਪੜ੍ਹਾਈ ਖਤਮ ਕਰਕੇ ਪਿੰਡ ਵਿੱਚ ਹੀ ਦੁਕਾਨ ਖੋਲ੍ਹ ਲਈ। ਪਰ ਗਾਹਕੀ ਘੱਟ ਹੋਣ ਕਰਕੇ ਉਹ ਸ਼ਹਿਰ ਵਿੱਚ ਆ ਵਸਿਆ। ਸ਼ਹਿਰ ਵਿੱਚ ਉਸਦੀ ਡਾਕਟਰੀ ਚੰਗੀ ਚੱਲ ਪਈ। ਉਹਨੇ ਗਹਿਣੇ ਪਿਆ ਘਰ ਹੀ ਨਹੀਂ ਛੁਡਵਾਇਆ ਸਗੋਂ ਇੱਕ ਕੋਠੀ ਵੀ ਬਣਾ ਲਈ ਸੀ।
“ਬੀਬੀ! ਮਸ਼ੀਨ ਤਾਂ ਡਾਢੀ ਪੁਰਾਣੀ ਲਗਦੀ ਐ।” ਸਿਲਾਈ ਮਸ਼ੀਨ ਦੇ ਪੁਰਜਿਆਂ ਦੀ ਜਾਂਚ ਕਰਦੇ ਮਿਸਤਰੀ ਨੇ ਕਿਹਾ।
“ਮੇਰੇ ਦਾਜ ਦੀ ਏ! ਕੰਮ ਕਦੀ ਕਦਾਈਂ ਕਰੀਦਾ, ਇਸੇ ਕਰਕੇ ਪਈ ਪਈ ਜਾਮ ਹੋ ਗਈ।”
“ਬੀਬੀ! ਥੋਡਾ ਪਿੰਡ ਕਿੱਥੋਂ ਦਾ?”
“ਡਾਕਟਰ ਸਾਬ੍ਹ ਦਾ ਪਿੰਡ ਤਾਂ ਨੰਦਗੜ੍ਹ ਹੈ। ਨੰਦਗੜ੍ਹ ਪਸ਼ੌਰਾ। ਤੇ ਮੇਰੇ ਪੇਕੇ ਬੇਗੋਵਾਲ ਨੇ।”
“ਕੇੜ੍ਹੇ ਬੇਗੋਵਾਲ? ਦੁਰਾਹੇ ਵਾਲੇ?”
“ਹਾਂ। ਮੈਂ ਨੰਬਰਦਾਰ ਚਨੰਣ ਸਿੰਘ ਦੀ ਪੋਤੀ ਆਂ।”
“ਮੇਰਾ ਪਿੰਡ ਵੀ ਬੇਗੋਵਾਲ ਈ ਆ। ਮੇਰੇ ਭਾਈਆ ਨੱਥੂ ਰਾਮ ਦੀ ਨੰਬਰਦਾਰ ਹੋਰਾਂ ਨਾਲ ਚੰਗੀ ਉੱਠਣੀ ਬੈਠਣੀ ਸੀ।”
“ਮੇਰੇ ਨਿੱਕੇ ਹੁੰਦਿਆਂ ਬਾਪੂ ਜੀ ਸਵਰਗਵਾਸ ਹੋ ਗਏ ਸੀ ਤੇ ਮੈਂ ਬਹੁਤਾ ਨਾਨਕੀਂ ਹੀ ਰਹੀ ਹਾਂ। ਇਸੇ ਕਰਕੇ ਪਿੰਡ ਦਾ ਬਹੁਤਾ ਪਤਾ ਨਹੀਂ।” ਡਾਕਟਰਨੀ ਨੇ ਉਸਨੂੰ ਪਛਾਣ ਨਾ ਸਕਣ ਦੀ ਮਜਬੂਰੀ ਦੱਸੀ।
“ਦੱਸੇ ਤੋਂ ਈ ਪਤਾ ਲਗਦੈ। ਇਉਂ ਤਾਂ ਭਾਮੇ ਕੋਈ ਕੋਲ ਬੈਠਾ ਰਹੇ, ਕੀ ਪਤਾ ਲਗਦੈ ਕੌਣ ਏ। ਲੈ ਭੈਣੇ! ਮਸ਼ੀਨ ਤਾਂ ਤੇਰੀ ਹੋ ਗਈ ਠੀਕ।”
ਮਿਸਤਰੀ ਨੇ ਪੁਰਾਣੇ ਕੱਪੜੇ ਨਾਲ ਹੱਥ ਪੂੰਝਦਿਆਂ ਕਿਹਾ।
“ਕਿੰਨੇ ਪੈਸੇ ਬਾਬਾ?” ਡਾਕਟਰਨੀ ਨੇ ਮੋਹ ਭਰੇ ਅੰਦਾਜ਼ ਵਿੱਚ ਪੁੱਛਿਆ
“ਤੂੰ ਤਾਂ ਮੇਰੇ ਪਿੰਡ ਦੀ ਐਂ। ਮੈਂ ਭੈਣ ਤੋਂ ਪੈਸੇ ਕਿਮੇ ਲੈ ਸਕਦਾਂ?”
ਡਾਕਟਰਨੀ ਨੇ ਬੜਾ ਜ਼ੋਰ ਲਾਇਆ, ਪਰ ਕਾਰੀਗਰ ਨੇ ਮਿਹਨਤਾਨਾ ਲੈਣ ਤੋਂ ਉੱਕਾ ਹੀ ਨਾਂਹ ਕਰ ਦਿੱਤੀ।
ਡਾਕਟਰਨੀ ਨੇ ਦਵਾਖਾਨੇ ’ਚੋਂ ਵਾਪਸ ਆਉਂਦੇ ਡਾਕਟਰ ਨੂੰ ਸੰਬੋਧਨ ਕਰਦਿਆਂ, ਖੁਸ਼ੀ, ਮਾਣ ਅਤੇ ਅਪਣੱਤ ਭਰੇ ਮਨ ਨਾਲ ਕਿਹਾ, “ਆਹ ਦੇਖੋ ਜੀ! ਬਾਬਾ ਪੈਸੇ ਨੀ ਲੈਂਦਾ। ਮੇਰੇ ਪੇਕਿਆਂ ਦਾ ਹੈ ਨਾ ਇਸਲਈ।”
ਸੁਣਦਿਆਂ ਹੀ ਡਾਕਟਰ ਨੂੰ ਪਸੀਨਾ ਆ ਗਿਆ। ਖੜ੍ਹੇ ਰਹਿਣਾ ਉਸ ਲਈ ਮੁਸ਼ਕਿਲ ਹੋ ਗਿਆ ਤੇ ਉਹ ਧੜੱਮ ਕਰਦਾ ਕੋਲ ਪਈ ਕੁਰਸੀ’ਚ ਡਿੱਗ ਪਿਆ। ਉਸਨੂੰ ਮਿਸਤਰੀ ਦੇ ਸਾਹਮਣੇ ਆਪਣਾ ਆਪਾ ਬੌਣਾ ਲੱਗ ਰਿਹਾ ਸੀ ਕਿਉਂਕਿ ਉਹ ਆਪਣੇ ਪਿੰਡੋਂ ਬੱਚਿਆਂ ਲਈ ਛੱਲੀਆਂ ਲੈ ਕੇ ਆਏ ਮਰੀਜ਼ਾਂ ਨੂੰ ਸੈਂਪਲ ਵਾਲੀਆਂ ਦਵਾਈਆਂ ਵੀ ਵੇਚ ਆਇਆ ਸੀ।
                                          -0-

4.ਕੋਈ ਹਰਿਆ ਬੂਟ
                                           
ਓਏ ਮਿਸਤਰੀ! ਜੀਪ ’ਚ ਬੈਠ ਤੇ ਥਾਣੇ ਚੱਲ।”
ਥਾਣੇ ਤੋਂ ਹਟਵੀਂ ਇੱਕ ਨਵੀਂ ਬਣ ਰਹੀ ਕੋਠੀ ਵਿੱਚ ਕੰਮ ਕਰਦੇ ਮਿਸਤਰੀ ਨੇ ਜਿਉਂ ਹੀ ਥੱਲੇ ਨਜ਼ਰ ਮਾਰੀ, ਚਾਰ ਪੰਜ ਪੁਲੀਸ ਵਾਲਿਆਂ ਨੂੰ ਦੇਖ, ਸਿਰ ਤੋਂ ਪੈਰਾਂ ਤੱਕ ਕੰਬ ਗਿਆ।
‘ਮੈਂ ਤਾਂ ਕਦੇ ਕਿਸੇ ਨਾਲ ਬੋਲ ਬੁਲਾਰਾ ਵੀ ਨਹੀਂ ਕੀਤਾ, ਫਿਰ ਇਹ ਪੁਲੀਸ ਕਿਉਂ?’ ਮਿਸਤਰੀ ਘਬਰਾਹਟ ਵਿੱਚ ਮਨ ਅੰਦਰ ਸੋਚਣ ਲੱਗਾ।
“ਐਵੇਂ ਮਾੜਾ ਜਿਹਾ ਕੰਮ ਹੈ। ਸ਼ਾਮ ਨੂੰ ਡੀ.ਆਈ. ਜੀ ਸਾਹਿਬ ਨੇ ਆਉਣਾ ਹੈ। ਥਾਣੇ ਦੇ ਗੁਸਲਖਾਨੇ ਦੀ ਕੰਧ ਡਿੱਗੀ ਹੋਈ ਹੈ, ਬੱਸ ਉਹ ਜ਼ਰਾ ਕੁ ਠੀਕ ਕਰਨੀ ਹੈ।” ਕੰਬਦੇ ਮਿਸਤਰੀ ਨੂੰ ਦੇਖ ਹੌਲਦਾਰ ਨੇ ਕਿਹਾ।
ਮਿਸਤਰੀ ਨੇ ਸੁੱਖ ਦਾ ਸਾਹ ਲਿਆ। ਮੱਥੇ ਤੇ ਆਇਆ ਪਸੀਨਾ ਪੂੰਝਦਾ ਪੈੜ ਤੋਂ ਥੱਲੇ ਉੱਤਰ, ਕਾਂਡੀ-ਤੇਸੀ ਬੋਰੀ ਵਿੱਚ ਪਾ ਕੇ ਜੀਪ ਵਿੱਚ ਬੈਠ ਗਿਆ।
‘ਕਿੰਨੇ ਮਾੜੇ ਨੇ ਪੁਲੀਸ ਵਾਲੇ। ਵਗਾਰ ਵੀ ਕਰਵਾਉਂਦੇ ਨੇ ਤੇ ਉਹ ਵੀ ਜਬਰੀ।’ ਕਾਹਲੀ ਕਾਹਲੀ ਵਿੰਗੀ ਟੇਢੀ ਕੰਧ ਕਰਦਾ ਮਿਸਤਰੀ ਮਨ ਹੀ ਮਨ ਕੁੜ੍ਹਦਾ ਪੁਲੀਸ ਵਾਲਿਆਂ ਨੂੰ ਗਾਲ੍ਹਾਂ ਕੱਢਦਾ ਰਿਹਾ।
“ਸਾ…ਅ…ਬ…ਕੰਧ ਹੋ ਗਈ।”
ਕਰੀਬ ਦੋ ਘੰਟਿਆਂ ਵਿੱਚ ਹੀ ਕੰਮ ਮੁਕਾ ਉਹ ਥਾਣੇਦਾਰ ਅੱਗੇ ਹੱਥ ਜੋੜ ਖੜਾ ਹੋ ਗਿਆ।
“ਵਾਹ ਬਈ ਵਾਹ! ਤੂੰ ਤਾਂ ਵਧੀਆ ਮਿਸਤਰੀ ਹੈਂ। ਬੜੀ ਛੇਤੀ ਕੰਮ ਮੁਕਾ ਲਿਆ,” ਥਾਣੇਦਾਰ ਨੇ ਉਸਦੀ ਫੁਰਤੀ ਦੀ ਦਾਦ ਦਿੰਦਿਆਂ ਕਿਹਾ, “ਮੁਨਸ਼ੀ! ਇਸਨੂੰ ਪੰਜਾਹ ਦਾ ਨੋਟ ਦੇ ਦੇ, ਨਾਲੇ ਹੌਲਦਾਰ ਨੂੰ ਕਹਿ ਜੀਪ ਵਿੱਚ ਛੱਡ ਕੇ ਆਵੇ।”
ਡੌਰ ਭੌਰ ਹੋਇਆ ਮਿਸਤਰੀ ਥਾਣੇਦਾਰ ਦੇ ਚਿਹਰੇ ਵੱਲ ਹੀ ਦੇਖੀ ਜਾ ਰਿਹਾ ਸੀ।
                                         -0-


No comments: