Thursday, July 15, 2010

ਸ਼ਿਆਮ ਸੁੰਦਰ ਅਗਰਵਾਲ






ਸ਼ਿਆਮ ਸੁੰਦਰ ਅਗਰਵਾਲ ਪਿਛਲੇ ਤੀਹ ਵਰ੍ਹਿਆਂ ਤੋਂ ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਵਿਚ ਕ੍ਰਿਆਸ਼ੀਲ ਹੈ। ਲੇਖਕ ਦੇ ਪਰੀਚੈ ਨਾਲ ਪੇਸ਼ ਹਨ ਉਸਦੀਆਂ ਪੰਜ ਮਿੰਨੀ ਕਹਾਣੀਆਂ।
                                          *********


ਜਨਮ ਮਿਤੀ/ਸਥਾਨ : 8 ਫਰਵਰੀ, 1950/ ਕੋਟਕਪੂਰਾ (ਪੰਜਾਬ)
ਪਿਤਾ/ਮਾਤਾ ਦਾ ਨਾਂ : ਸ਼੍ਰੀ ਚਮਨ ਲਾਲ / ਸ਼੍ਰੀਮਤੀ ਸ਼ਰਬਤੀ ਦੇਵੀ।
ਵਿਦਿਅਕ ਯੋਗਤਾ : ਬੀ.ਏ.
ਲੇਖਣ ਦੀਆਂ ਵਿਧਾਵਾਂ : ਮਿੰਨੀ ਕਹਾਣੀ, ਬਾਲ ਕਹਾਣੀ, ਕਵਿਤਾ, ਵਾਰਤਕ (ਪੰਜਾਬੀ ਅਤੇ ਹਿੰਦੀ ਵਿਚ)
ਪ੍ਰਕਾਸ਼ਿਤ ਪੁਸਤਕਾਂ
(i) ਮੌਲਿਕ : ‘ਨੰਗੇ ਲੋਕਾਂ ਦਾ ਫਿਕਰ’ ਅਤੇ ‘ਮਾਰੂਥਲ ਦੇ ਵਾਸੀ’ (ਮਿੰਨੀ ਕਹਾਣੀ ਸੰਗ੍ਰਹਿ)
(ii) ਸੰਪਾਦਿਤ : 23 ਮਿੰਨੀ ਕਹਾਣੀ ਸੰਗ੍ਰਹਿ ਪੰਜਾਬੀ ਵਿੱਚ ਅਤੇ 2 ਸੰਗ੍ਰਹਿ ਹਿੰਦੀ ਵਿੱਚ।
(iii) ਅਨੁਵਾਦਿਤ : ਸੁਕੇਸ਼ ਸਾਹਨੀ, ਡਾ. ਸਤੀਸ਼ ਦੁਬੇ,ਕਮਲ ਚੋਪਡ਼ਾ ਦੀਆਂ ਚੋਣਵੀਆਂ ਲਘੁਕਥਾਵਾਂ ਦੀਆਂ 4 ਪੁਸਤਕਾਂ।
(iv) ਵਿਸ਼ੇਸ਼/ਹੋਰ  : ਸਾਲ 1988 ਤੋਂ ਨਿਰੰਤਰ ਪੰਜਾਬੀ ਤ੍ਰੈਮਾਸਿਕ ‘ਮਿੰਨੀ’ ਦਾ ਸੰਪਾਦਨ ।
ਮਾਨ-ਸਨਮਾਨ : ਅਨੇਕਾਂ ਮਿੰਨੀ ਕਹਾਣੀਆਂ/ਲਘੁਕਥਾਵਾਂ ਨੂੰ ਇਨਾਮ। ਪੰਜਾਬ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਤ।
ਕਿੱਤਾ : ਲੋਕ ਨਿਰਮਾਣ ਵਿਭਾਗ, ਪੰਜਾਬ ਤੋਂ ਸੇਵਾਮੁਕਤ।
ਮੌਜੂਦਾ ਰਿਹਾਇਸ :  575, ਗਲੀ ਨੰ: 5, ਪ੍ਰਤਾਪ ਸਿੰਘ ਨਗਰ, ਕੋਟ ਕਪੂਰਾ (ਪੰਜਾਬ)-151204
ਫੋਨ ਨੰਬਰ : 01635-222517/ 320615 
ਮੋਬਾਇਲ ਨੰਬਰ : 98885-36437
ਈ.ਮੇਲ : sundershyam60@gmail.com
ਬਲਾਗ : http://shyamsunderaggarwal.blogspot.com/
                                                             ***********


1. ਉਤਸਵ
        ਫੌਜ ਤੇ ਪ੍ਰਸ਼ਾਸਨ ਦੀ ਦੋ ਦਿਨਾਂ ਦੀ ਜੱਦੋਜਹਿਦ ਸਫਲ ਹੋਈ। ਸੱਠ ਫੁੱਟ ਡੂੰਘੇ ਟੋਏ ਵਿਚ ਡਿੱਗੇ ਨੰਗੇ ਬਾਲਕ ਪ੍ਰਿੰਸ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਉੱਥੇ ਹਾਜ਼ਰ ਰਾਜ ਦੇ ਮੁੱਖ ਮੰਤਰੀ ਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਬੱਚੇ ਦੇ ਮਾਂ-ਬਾਪ ਤੇ ਲੋਕ ਖੁਸ਼ ਸਨ।
        ਦੀਨ ਦੁਨੀਆ ਤੋਂ ਬੇਖ਼ਬਰ ਇਲੈਕਟ੍ਰਾਨਿਕ ਮੀਡੀਆ ਦੋ ਦਿਨਾਂ ਤੋਂ ਲਗਾਤਾਰ ਇਸ ਘਟਨਾ ਦਾ ਸਿੱਧਾ ਪ੍ਰਸਾਰਨ ਕਰ ਰਿਹਾ ਸੀ। ਮੁੱਖ ਮੰਤਰੀ ਦੇ ਤੁਰ ਜਾਣ ਨਾਲ ਸਾਰਾ ਮਜਮਾ ਖਿੰਡਣ ਲੱਗਾ। ਕੁਝ ਹੀ ਦੇਰ ਵਿਚ ਜਸ਼ਨ ਵਾਲਾ ਮਾਹੌਲ ਮਾਤਮੀ ਜਿਹਾ ਹੋ ਗਿਆ। ਟੀ.ਵੀ. ਪੱਤਰਕਾਰਾਂ ਦੇ ਜੋਸ਼ੀਲੇ ਚਿਹਰੇ ਹੁਣ ਮੁਰਝਾਏ ਜਿਹੇ ਲੱਗ ਰਹੇ ਸਨ। ਆਪਣਾ ਸਾਜੋਸਮਾਨ ਸਮੇਟ ਕੇ ਤੁਰਨ ਦੀ ਤਿਆਰੀ ਕਰ ਰਹੇ ਇਕ ਚੈਨਲ ਦੇ ਪੱਤਰਕਾਰ ਕੋਲ ਨਾਲ ਦੇ ਪਿੰਡ ਦਾ ਇਕ ਨੌਜਵਾਨ ਆਇਆ ਤੇ ਬੋਲਿਆ, “ ਸਾਡੇ ਪਿੰਡ ’ਚ ਵੀ ਅਜਿਹਾ ਹੀ …”
        ਨੌਜਵਾਨ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਪੱਤਰਕਾਰ ਦੇ ਮੁਰਝਾਏ ਚਿਹਰੇ ਉੱਤੇ ਚਮਕ ਆ ਗਈ, “ ਕੀ ਤੁਹਾਡੇ ਪਿੰਡ ’ਚ ਵੀ ਬੱਚਾ ਟੋਏ ’ਚ ਡਿੱਗ ਪਿਆ ?”
        “ ਨਹੀਂ।”
        ਨੌਜਵਾਨ ਦੇ ਉੱਤਰ ਨਾਲ ਪੱਤਰਕਾਰ ਦਾ ਚਿਹਰਾ ਫਿਰ ਬੁਝ ਗਿਆ, “ ਤਾਂ ਫਿਰ ਕੀ ?”
        “ ਸਾਡੇ ਪਿੰਡ ’ਚ ਵੀ ਅਜਿਹਾ ਹੀ ਇਕ ਟੋਆ ਨੰਗਾ ਪਿਐ।” ਨੌਜਵਾਨ ਨੇ ਦੱਸਿਆ।
        “ ਤਾਂ ਫਿਰ ਮੈਂ ਕੀ ਕਰਾਂ ?” ਪੱਤਰਕਾਰ ਖਿੱਝ ਕੇ ਬੋਲਿਆ।
        “ ਤੁਸੀਂ ਮਹਿਕਮੇ ’ਤੇ ਜ਼ੋਰ ਦਿਉਂਗੇ ਤਾਂ ਉਹ ਟੋਆ ਬੰਦ ਕਰ ਦੇਣਗੇ। ਨਹੀਂ ਤਾਂ ਉਸ ’ਚ ਕਦੇ ਵੀ ਕੋਈ ਬੱਚਾ ਡਿੱਗ ਸਕਦੈ ।”
         ਪੱਤਰਕਾਰ ਦੇ ਚਿਹਰੇ ਉੱਤੇ ਫਿਰ ਥੋੜੀ ਰੌਣਕ ਆ ਗਈ। ਉਸਨੇ ਆਪਣਾ ਕਾਰਡ ਨੌਜਵਾਨ ਨੂੰ ਫੜਾਉਂਦੇ ਹੋਏ ਹੋਲੇ ਜਿਹੇ ਕਿਹਾ, “ ਨਿਗ੍ਹਾ ਰੱਖੀਂ, ਜਿਵੇਂ ਹੀ ਕੋਈ ਬੱਚਾ ਉਸ ਟੋਏ ’ਚ ਡਿੱਗੇ, ਮੈਨੂੰ ਇਸ ਨੰਬਰ ’ਤੇ ਫੋਨ ਕਰਦੀਂ। ਮੈਂ ਤੈਨੂੰ ਇਨਾਮ ਦਿਵਾ ਦਿਆਂਗਾ।”
                                                                    -0-


2. ਬਜ਼ੁਰਗ ਰਿਕਸ਼ੇਵਾਲਾ


         ਗਲੀ ਦੇ ਮੋੜ ਉੱਤੇ ਪਹੁੰਚਿਆ ਤਾਂ ਅੱਜ ਫੇਰ ਉਹੀ ਬਜ਼ੁਰਗ ਰਿਕਸ਼ੇਵਾਲਾ ਖੜਾ ਸੀ। ਤਿੰਨ ਦਿਨਾਂ ਤੋਂ ਉਹੀ ਖੜਾ ਮਿਲਦਾ ਹੈ, ਸਵੇਰੇ ਸਵੇਰੇ। ਜੀ ਕੀਤਾ ਕਿ ਇਹਦੇ ਰਿਕਸ਼ੇ ਵਿਚ ਬੈਠਣ ਨਾਲੋਂ ਤਾਂ ਪੈਦਲ ਹੀ ਤੁਰ ਪਵਾਂ, ਵੀਹ ਕੁ ਮਿੰਟ ਦਾ ਹੀ ਰਸਤਾ ਹੈ। ਘੜੀ ਵੇਖੀ ਤਾਂ ਏਨਾ ਕੁ ਸਮਾਂ ਹੀ ਬਚਦਾ ਸੀ। ਕਿਤੇ ਬੱਸ ਹੀ ਨਾ ਨਿਕਲ ਜਾਵੇ, ਸੋਚ ਕੇ ਮਨ ਕਰੜਾ ਕੀਤਾ ਤੇ ਰਿਕਸ਼ੇ ਵਿਚ ਬੈਠ ਗਿਆ।
        ਪੱਕਾ ਮਨ ਬਣਾ ਲਿਆ ਸੀ ਕਿ ਅੱਜ ਰਿਕਸ਼ੇਵਾਲੇ ਵੱਲ ਬਿਲਕੁਲ ਨਹੀਂ ਵੇਖਣਾ। ਆਸੇ ਪਾਸੇ ਵੇਖਦਾ ਰਹਾਂਗਾ। ਪਿਛਲੇ ਤਿੰਨ ਦਿਨਾਂ ਤੋਂ ਇਸੇ ਰਿਕਸ਼ੇ ਉੱਤੇ ਜਾ ਰਿਹਾ ਹਾਂ। ਜਦ ਵੀ ਰਿਕਸ਼ੇਵਾਲੇ ਉੱਤੇ ਨਿਗ੍ਹਾ ਟਿਕ ਜਾਂਦੀ, ਮੈਂ ਉੱਥੇ ਹੀ ਉੱਤਰਨ ਲਈ ਮਜਬੂਰ ਹੋ ਜਾਂਦਾ। ਬਾਕੀ ਦਾ ਰਸਤਾ ਪੈਦਲ ਤੈਅ ਕੀਤਾ, ਹਰ ਰੋਜ਼।
        ਪੈਡਲਾਂ ਉੱਤੇ ਜ਼ੋਰ ਪੈਣ ਦੀ ਆਵਾਜ਼ ਸੁਣਾਈ ਦਿੱਤੀ ਤੇ ਰਿਕਸ਼ਾ ਤੁਰ ਪਿਆ। ਮੈਂ ਇੱਧਰ-ਉੱਧਰ ਵੇਖਣ ਲੱਗਾ। ‘ਗਰੀਨ ਮੋਟਰਜ’ ਦਾ ਬੋਰਡ ਦਿਸਿਆ ਤਾਂ ਯਾਦ ਆਇਆ ਕਿ ਪਹਿਲੇ ਦਿਨ ਤਾਂ ਇੱਥੇ ਹੀ ਉੱਤਰ ਗਿਆ ਸੀ। ਬਹਾਨਾ ਬਣਾਇਆ ਸੀ ਕਿ ਦੋਸਤ ਨੇ ਜਾਣਾ ਹੈ, ਉਸ ਨਾਲ ਚਲਾ ਜਾਵਾਂਗਾ। ਅਗਲੇ ਦਿਨ ਮਨ ਨੂੰ ਬਹੁਤ ਸਮਝਾਇਆ ਸੀ, ਪਰ ਫੇਰ ਵੀ ਦੋ ਗਲੀਆਂ ਅੱਗੇ ਤੱਕ ਹੀ ਜਾ ਸਕਿਆ ਸੀ।
       ‘ਕੜ ਕੜ’ ਦੀ ਆਵਾਜ਼ ਨੇ ਮੇਰੀ ਬਿਰਤੀ ਨੂੰ ਭੰਗ ਕੀਤਾ। ਰਿਕਸ਼ੇ ਦੀ ਚੇਨ ਉਤਰ ਗਈ ਸੀ। ਮੇਰੀ ਨਿਗ੍ਹਾ ਰਿਕਸ਼ੇ ਵਾਲੇ ਵੱਲ ਚਲੀ ਗਈ। ਉਹਦੇ ਇਕ ਪੈਰ ਵਿਚ ਪੱਟੀ ਬੰਨ੍ਹੀ ਹੋਈ ਸੀ ਤੇ ਪੈਰ ਵਿਚ ਜੁੱਤੀ ਵੀ ਨਹੀਂ ਸੀ। ਮੈਨੂੰ ਯਾਦ ਆਇਆ, ਜਦੋਂ ਬਾਪੂ ਦੇ ਪੈਰ ਵਿਚ ਮੇਖ ਵੱਜ ਗਈ ਸੀ ਤਾਂ ਉਹ ਵੀ ਠੰਡ ਵਿਚ ਬਿਨਾਂ ਜੁੱਤੀ ਦੇ ਫਿਰਦਾ ਰਿਹਾ ਸੀ। ਚੇਨ ਠੀਕ ਕਰ ਬਜ਼ੁਰਗ ਨੇ ਪਜਾਮਾ ਉਤਾਂਹ ਚੜ੍ਹਾਇਆ ਤਾਂ ਨਿਗ੍ਹਾ ਉੱਪਰ ਤੱਕ ਚਲੀ ਗਈ। ਬਾਪੂ ਵੀ ਇਸ ਤਰ੍ਹਾਂ ਹੀ ਪਜਾਮਾ ਉਤਾਂਹ ਚੜ੍ਹਾ ਲੈਂਦਾ ਸੀ। ਮੈਨੂੰ ਲੱਗਾ ਜਿਵੇਂ ਰਿਕਸ਼ੇਵਾਲਾ ਕੁਝ ਕਹਿ ਰਿਹਾ ਹੈ। ਮੇਰਾ ਧਿਆਨ ਬਦੋਬਦੀ ਉਹਦੇ ਮੂੰਹ ਵੱਲ ਚਲਾ ਗਿਆ। ਉਹਦੀ ਢਿੱਲੀ ਜਿਹੀ ਪੱਗ ਤੇ ਬੋਲਦੇ ਸਮੇਂ ਸਿਰ ਹਿਲਾਉਣ ਦੇ ਢੰਗ ਨੇ ਮੈਨੂੰ ਅੰਦਰ ਤੀਕ ਹਿਲਾ ਦਿੱਤਾ। ਚਾਹੁੰਦੇ ਹੋਏ ਵੀ ਮੈਂ ਉਸ ਤੋਂ ਨਿਗ੍ਹਾ ਨਹੀਂ ਹਟਾ ਸਕਿਆ। ਅਬੜਵਾਹ ਮੇਰੇ ਮੂੰਹੋਂ ਨਿਕਲ ਗਿਆ, “ਬਾਪੂ, ਰਿਕਸ਼ਾ ਰੋਕ!”
       ਰਿਕਸ਼ੇ ਵਾਲਾ ਬੋਲਿਆ, “ਕੀ ਗੱਲ ਹੋਗੀ ਜੀ?”
       “ਕੁਝ ਨਹੀਂ, ਇਕ ਜ਼ਰੂਰੀ ਕੰਮ ਯਾਦ ਆ ਗਿਆ।” ਮੈਂ ਰਿਕਸ਼ੇ ਵਿੱਚੋਂ ਉਤਰ ਕੇ ਉਸਨੂੰ ਪੰਜ ਰੁਪਏ ਦਾ ਨੋਟ ਫੜਾਉਂਦੇ ਹੋਏ ਕਿਹਾ।
                                                            -0-


3. ਸੰਤੂ


       ਅਧਖੜ ਉਮਰ ਦਾ ਸਿਧਰਾ ਜਿਹਾ ਸੰਤੂ ਬੇਮੇਚ ਬੂਟ ਪਾਈ ਪਾਣੀ ਦੀ ਬਾਲਟੀ ਚੁੱਕ ਜਦੋਂ ਪੌੜੀਆਂ ਚੜ੍ਹਨ ਲੱਗਾ ਤਾਂ ਮੈਂ ਉਹਨੂੰ ਸੁਚੇਤ ਕੀਤਾ, “ ਧਿਆਨ ਨਾਲ ਚੜ੍ਹੀਂ । ਪੌੜੀਆਂ ’ਚ ਕਈ ਥਾਵਾਂ ਤੋਂ ਇੱਟਾਂ ਨਿਕਲੀਆਂ ਹੋਈਐਂ । ਡਿੱਗ ਨਾ ਪਈਂ ।”
        “ ਚਿੰਤਾ ਨਾ ਕਰੋ ਜੀ, ਮੈਂ ਤਾਂ ਪੰਜਾਹ ਕਿਲੋ ਆਟਾ ਚੁੱਕ ਕੇ ਪੌੜੀਆਂ ਚੜ੍ਹਦਾ ਨਹੀਂ ਡਿੱਗਦਾ ।”
        ਤੇ ਸਚਮੁਚ ਵੱਡੀਆਂ-ਵੱਡੀਆਂ ਦਸ ਬਾਲਟੀਆਂ ਪਾਣੀ ਦੀਆਂ ਢੌਂਦੇ ਸੰਤੂ ਦਾ ਪੈਰ ਇਕ ਵਾਰ ਵੀ ਨਹੀਂ ਸੀ ਫਿਸਲਿਆ ।
        ਦੋ ਰੁਪਏ ਦਾ ਇੱਕ ਨੋਟ ਅਤੇ ਚਾਹ ਦਾ ਕੱਪ ਦਿੰਦਿਆਂ ਪਤਨੀ ਨੇ ਕਿਹਾ, “ ਸੰਤੂ, ਤੂੰ ਰੋਜ਼ ਆ ਕੇ ਪਾਣੀ ਭਰ ਜਿਆ ਕਰ ।”
         ਚਾਹ ਦੀਆਂ ਚੁਸਕੀਆਂ ਲੈਂਦੇ ਸੰਤੂ ਨੇ ਖੁਸ਼ ਹੁੰਦਿਆਂ ਕਿਹਾ, “ ਰੋਜ਼ ਵੀਹ ਰੁਪਏ ਬਣ ਜਾਂਦੇ ਐ ਪਾਣੀ ਦੇ । ਕਹਿੰਦੇ ਐ ਅਜੇ ਮਹੀਨਾ ਪਾਣੀ ਨਹੀਂ ਔਂਦਾ । ਮੌਜਾਂ ਲੱਗ ਗਈਆਂ ।”
        ਉਸੇ ਦਿਨ ਨਹਿਰ ਵਿਚ ਪਾਣੀ ਆ ਗਿਆ ਤੇ ਟੂਟੀ ਵਿਚ ਵੀ ।
        ਅਗਲੀ ਸਵੇਰ ਪੌੜੀਆਂ ਚੜ੍ਹ ਜਦੋਂ ਸੰਤੂ ਨੇ ਪਾਣੀ ਲਈ ਬਾਲਟੀ ਮੰਗੀ ਤਾਂ ਪਤਨੀ ਨੇ ਕਿਹਾ, “ ਹੁਣ ਤਾਂ ਲੋੜ ਨਹੀਂ, ਰਾਤ ਉੱਪਰ ਈ ਟੂਟੀ ਵਿਚ ਪਾਣੀ ਆ ਗਿਆ ਸੀ ।”
         “ ਨਹਿਰ ’ਚ ਪਾਣੀ ਆ ਗਿਆ !” ਸੰਤੂ ਨੇ ਹਉਕਾ ਲਿਆ ਤੇ ਵਾਪਸੀ ਲਈ ਪੌੜੀਆਂ ਵੱਲ ਕਦਮ ਘੜੀਸਣ ਲੱਗਾ । ਕੁਝ ਛਿਣ ਬਾਦ ਹੀ ਕਿਸੇ ਦੇ ਪੌੜੀਆਂ ਵਿੱਚੋਂ ਡਿੱਗਣ ਦੀ ਆਵਾਜ਼ ਆਈ । ਮੈਂ ਭੱਜ ਕੇ ਵੇਖਿਆ, ਸੰਤੂ ਵਿਹੜੇ ਵਿਚ ਮੂਧੇ ਮੂੰਹ ਪਿਆ ਸੀ ।
                                                      -0-


4. ਸਕੂਲ


        “ਅੰਕਲ ਜੀ, ਬੰਟੀ ਤੁਹਾਡੇ ਕੋਲ ਤਾਂ ਨਹੀਂ ਆਇਆ?” ਗੁਆਂਢੀਆਂ ਦੀ ਕੁਡ਼ੀ ਦਰਵਾਜੇ ਵਿਚ ਖਡ਼ੀ ਪੁੱਛ ਰਹੀ ਸੀ।
        “ਨਹੀਂ ਬੇਟੇ, ਕੀ ਗੱਲ ਹੋਗੀ?” ਮੈਂ ਪੁੱਛਿਆ।
        “ਉਹਦੇ ਸਕੂਲ ਦੀ ਬੱਘੀ ਖਡ਼ੀ ਐ ਤੇ ਉਹ ਕਿਤੇ ਮਿਲ ਨਹੀਂ ਰਿਹਾ। ਪਤਾ ਨਹੀਂ ਬਸਤਾ ਸੁੱਟ ਕੇ ਕਿੱਥੇ ਚਲਾ ਗਿਆ।” ਕੁਡ਼ੀ ਦੇ ਚਿਹਰੇ ਤੋਂ ਚਿੰਤਾ ਸਾਫ ਝਲਕ ਰਹੀ ਸੀ।
        ਬੰਟੀ ਨਾਲ ਮੈਨੂੰ ਬਹੁਤ ਪਿਆਰ ਸੀ ਤੇ ਉਹਨੂੰ ਮੇਰੇ ਨਾਲ। ਸੀ ਤਾਂ ਮੈਂ ਉਹਦੇ ਬਾਬੇ ਦੀ ਉਮਰ ਦਾ, ਪਰ ਬੰਟੀ ਮੇਰੇ ਨਾਲ ਇੰਜ ਵਿਵਹਾਰ ਕਰਦਾ ਜਿਵੇਂ ਮੈਂ ਉਹਦੇ ਹਾਣ ਦਾ ਹੋਵਾਂ। ਉਹ ਘੰਟਿਆਂ ਬੱਧੀ ਮੇਰੇ ਨਾਲ ਖੇਡਦਾ ਰਹਿੰਦਾ। ਉਹ ਤਿੰਨ ਸਾਲ ਦਾ ਸੀ ਤੇ ਉਹਨੂੰ ਸਕੂਲ ਜਾਣ ਦਾ ਬਡ਼ਾ ਚਾਅ ਸੀ। ਪਿਛਲੇ ਹਫਤੇ ਹੀ ਉਹ ਖਰਗੋਸ਼ ਦੀ ਸ਼ਕਲ ਵਰਗੇ ਬਸਤੇ ਵਿਚ ਇਕ ਕਿਤਾਬ ਪਾਈ ਫਿਰਦਾ ਸੀ। ਉਹ ਹਰ ਇਕ ਨੂੰ ਕਹਿੰਦਾ, “ਮੈਂ ਵੀ ਸਕੂਲ ਜਾਊਂਗਾ! ਬੱਘੀ ’ਚ ਬੈਠ ਕੇ।”
        ਚਾਰ ਕੁ ਦਿਨ ਪਹਿਲਾਂ ਜਦੋਂ ਉਹ ਪਹਿਲੀ ਵਾਰ ਸਕੂਲ ਗਿਆ, ਖੁਸ਼ੀ ਉਸਤੋਂ ਸੰਭਾਲੀ ਨਹੀਂ ਜਾ ਰਹੀ ਸੀ।
        ਉਠ ਕੇ ਮੈਂ ਵੀ ਕੁਡ਼ੀ ਦੇ ਨਾਲ ਤੁਰ ਪਿਆ। ਆਂਢ-ਗੁਆਂਢ ਵਿਚ ਸਾਰੇ ਪਤਾ ਕਰ ਲਿਆ ਗਿਆ। ਘਰ ਦਾ ਕੋਨਾ ਕੋਨਾ ਛਾਣ ਮਾਰਿਆ ਗਿਆ। ਪਰ ਬੰਟੀ ਨਹੀਂ ਮਿਲਿਆ। ਅਚਾਨਕ ਮੇਰਾ ਧਿਆਨ ਘਰ ਦੇ ਪਿਛਵਾਡ਼ੇ ਵਿਚ ਬਣੀ ਕੋਠਡ਼ੀ ਵੱਲ ਗਿਆ।
        “ਉਸ ਕੋਠਡ਼ੀ ’ਚ ਨਿਗ੍ਹਾ ਮਾਰਲੀ?” ਮੈਂ ਪੁੱਛਿਆ।
        “ਉਸ ਕੋਠਡ਼ੀ ਵਿਚ ਜਾਣ ਤੋਂ ਤਾਂ ਉਹ ਬਹੁਤ ਡਰਦੈ।” ਬੰਟੀ ਦੀ ਦਾਦੀ ਨੇ ਦੱਸਿਆ।
        “ਕੋਠਡ਼ੀ ਅੰਦਰ ਤਾਂ ਉਹ ਝਾਕਦਾ ਵੀ ਨਹੀਂ।” ਬੰਟੀ ਦੀ ਮਾਂ ਕਹਿ ਰਹੀ ਸੀ।
        “ਫੇਰ ਵੀ ਦੇਖਣ ’ਚ ਕੀ ਹਰਜ ਐ।” ਕਹਿੰਦਾ ਮੈਂ ਕੋਠਡ਼ੀ ਵੱਲ ਹੋਇਆ। ਕੋਠਡ਼ੀ ਅੰਦਰ ਰੋਸ਼ਨੀ ਬਹੁਤ ਘੱਟ ਸੀ। ਅੱਖਾਂ ਨੇ ਪੂਰੀ ਤਰ੍ਹਾਂ ਫੈਲ ਕੇ ਧਿਆਨ ਨਾਲ ਦੇਖਿਆ। ਸਕੂਲ ਦੀ ਸਫੈਦ ਡਰੈਸ ਪਾਈ ਬੰਟੀ ਇਕ ਖੂੰਜੇ ਵਿਚ ਦੁਬਕਿਆ ਬੈਠਾ ਸੀ। ਮੈਂ ਉਸ ਵੱਲ ਵਧਿਆ ਤਾਂ ਉਹ ਚੀਕ ਮਾਰ ਕੇ ਰੋਣ ਲੱਗ ਪਿਆ। ਬਡ਼ੀ ਮੁਸ਼ਕਿਲ ਨਾਲ ਮੈਂ ਉਸਨੂੰ ਚੁੱਕ ਕੇ ਬਾਹਰ ਲਿਆਇਆ। ਬੰਟੀ ਦਾ ਪਿੰਡਾ ਤੇਜ਼ ਬੁਖਾਰ ਨਾਲ ਤਪ ਰਿਹਾ ਸੀ।
                                                            -0-


5. ਜੋਧਾ


          ਜਿਸ ਦਾ ਡਰ ਸੀ, ਉਹੀ ਹੋਇਆ। ਕਾਲੇ ਕੋਟ ਵਾਲਾ ਟਿਕਟ ਚੈੱਕਰ ਜਮਦੂਤ ਦੀ ਤਰ੍ਹਾਂ ਸਾਹਮਣੇ ਖੜਾ ਸੀ। ਮੇਰਾ ਟਿਕਟ ਵੇਖਦਿਆਂ ਹੀ ਉਹ ਬੋਲਿਆ, “ਇਹ ਤਾਂ ਆਰਡਨਰੀ ਕਲਾਸ ਦਾ ਹੈ। ਸਲੀਪਰ ਕਲਾਸ ’ਚ ਕਿਉਂ ਬੈਠੇ ਹੋ?”
        “ਆਰਡਨਰੀ ਕਲਾਸ ਦੇ ਤਾਂ ਦੋ ਹੀ ਡੱਬੇ ਹਨ। ਦੋਨੋਂ ਨੱਕੋ-ਨੱਕ ਭਰੇ ਹਨ। ਉੱਥੇ ਤਾਂ ਖੜੇ ਹੋਣ ਨੂੰ ਵੀ ਜਗ੍ਹਾ ਨਹੀਂ। ਸਲੀਪਰ ਕਲਾਸ ’ਚ ਜਗ੍ਹਾ ਸੀ। ਉਂਜ ਵੀ ਦਿੱਲੀ ਤੋਂ ਅੱਗੇ ਇਸ ’ਚ ਰਿਜਰਵੇਸ਼ਨ ਨਹੀਂ ਹੁੰਦੀ।” ਮੈਂ ਸਪਸ਼ਟੀਕਰਨ ਦਿੱਤਾ।
        “ਇਹ ਕੋਈ ਬਹਾਨਾ ਨਹੀਂ। ਸਲੀਪਰ ਕਲਾਸ ਦਾ ਕਿਰਾਇਆ ਤੇ ਜੁਰਮਾਨਾ ਮਿਲਾ ਕੇ ਇਕ ਸੌ ਦਸ ਰੁਪਏ ਹੋਏ, ਛੇਤੀ ਕੱਢੋ।” ਟਿਕਟ ਚੈੱਕਰ ਕਾਹਲਾ ਪੈ ਰਿਹਾ ਸੀ।
        “ਸਾਰਿਆਂ ਕੋਲ ਹੀ ਆਰਡਨਰੀ ਕਲਾਸ ਦਾ ਟਿਕਟ ਐ…”
        “ਤੁਸੀਂ ਆਪਣੀ ਗੱਲ ਕਰੋ।” ਚੈੱਕਰ ਕੁਝ ਸੁਣਨ ਨੂੰ ਤਿਆਰ ਨਹੀਂਸੀ।      ਮਜਬੂਰੀਵਸ ਮੈਂ ਜੇਬਾਂ ਫਰੋਲਣ ਲੱਗਾ। ਪੈਸੇ ਮਿਲਣ ਵਿਚ ਦੇਰੀ ਹੁੰਦੀ ਵੇਖ ਉਹ ਸਾਹਮਣੇ ਬੈਠੇ ਬਜ਼ੁਰਗ ਦੀ ਟਿਕਟ ਵੇਖਣ ਲੱਗਾ।
        “ਤੁਹਾਡਾ ਵੀ ਆਰਡਨਰੀ ਟਿਕਟ ਐ। ਤੁਸੀਂ ਵੀ ਕੱਢੋ ਇਕ ਸੌ ਦਸ ਰੁਪਏ।”
        “ਮੇਰੇ ਕੋਲ ਕੋਈ ਪੈਸਾ ਨਹੀਂ ਦੇਣ ਲਈ।” ਬਜ਼ੁਰਗ ਦੀ ਆਵਾਜ਼ ਵਿਚ ਦਮ ਸੀ।
        “ਜੁਰਮਾਨਾ ਨਹੀਂ ਭਰੋਗੇ ਤਾਂ ਤੁਹਾਨੂੰ ਜੇਲ ਵੀ ਹੋ ਸਕਦੀ ਹੈ।” ਚੈੱਕਰ ਨੇ ਪਿੱਛੇ ਆ ਖੜੇ ਹੋਏ ਸਿਪਾਹੀ ਨੂੰ ਵੇਖਦਿਆਂ ਡਰਾਵਾ ਦਿੱਤਾ।
        “ਕਿਸ ਜੁਰਮ ਲਈ?”
        “ਆਰਡਨਰੀ ਕਲਾਸ ਦੇ ਟਿਕਟ ’ਤੇ ਸਲੀਪਰ ਕਲਾਸ ’ਚ ਸਫਰ ਕਰਨ ਲਈ।”
        “ਤੁਸੀਂ ਮੈਨੂੰ ਆਰਡਨਰੀ ਡੱਬੇ ’ਚ ਸੀਟ ਦਿਵਾ ਦਿਓ।”
        “ਇਹ ਮੇਰੀ ਜਿੰਮੇਵਾਰੀ ਨਹੀਂ।”
        “ਰੇਲਵੇ ਨੇ ਮੈਨੂੰ ਇਹ ਟਿਕਟ ਕਿਸ ਲਈ ਜਾਰੀ ਕੀਤਾ ਐ?”
        “ਇਹ ਟਿਕਟ ਕੇਵਲ ਇਸ ਗੱਡੀ ਦੀ ਆਰਡਨਰੀ ਕਲਾਸ ’ਚ ਸਫਰ ਕਰਨ ਦੀ ਇਜਾਜ਼ਤ ਦਿੰਦਾ ਹੈ। ਸੀਟ ਦਾ ਮਿਲਣਾ ਜ਼ਰੂਰੀ ਨਹੀਂ।” ਚੈੱਕਰ ਨੇ ਇਕ ਇਕ ਸ਼ਬਦ ਉੱਤੇ ਜ਼ੋਰ ਦਿੰਦਿਆਂ ਕਿਹਾ।
        “ਕੀ ਮੈਂ ਗੱਡੀ ਦੀ ਛੱਤ ’ਤੇ ਬੈਠ ਕੇ ਸਫਰ ਕਰ ਸਕਦਾ ਹਾਂ?” ਬਜ਼ੁਰਗ ਨੇ ਸਵਾਲ ਕੀਤਾ।
        “ਛੱਤ ’ਤੇ ਬੈਠ ਕੇ ਸਫਰ ਕਰਨਾ ਤਾਂ ਇਸ ਤੋਂ ਵੀ ਵੱਡਾ ਜੁਰਮ ਹੈ।”
        “ਕੀ ਮੈਂ ਦਰਵਾਜੇ ਨਾਲ ਲਮਕ ਕੇ ਸਫਰ ਕਰ ਸਕਦਾ ਹਾਂ?”
        “ਨਹੀਂ, ਰੇਲਵੇ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੀ।”
        ਬਜ਼ੁਰਗ ਹੌਲੇ ਜਿਹੇ ਖੜਾ ਹੋਇਆ ਤੇ ਉਸਨੇ ਟਿਕਟ ਚੈੱਕਰ ਦਾ ਹੱਥ ਫੜਦੇ ਹੋਏ ਕਿਹਾ, “ਮੈਨੂੰ ਗੱਡੀ ’ਚ ਉਸ ਥਾਂ ’ਤੇ ਛੱਡ ਆਓ, ਜਿੱਥੇ ਮੈਂ ਇਸ ਟਿਕਟ ਤੇ ਸਫਰ ਕਰ ਸਕਦਾ ਹੋਵਾਂ।”
        ਟਿਕਟ ਚੈੱਕਰ ਨੂੰ ਕੁਝ ਨਹੀਂ ਸੁਝ ਰਿਹਾ ਸੀ। ਉਸਨੇ ਕਿਸੇ ਤਰ੍ਹਾਂ ਬਜ਼ੁਰਗ ਤੋਂ ਆਪਣਾ ਹੱਥ ਛੁਡਾਇਆ ਤੇ ਵਾਪਸ ਮੁੜ ਗਿਆ। ਇਕ ਸੌ ਦਸ ਰੁਪਏ ਦੇ ਨੋਟ ਮੇਰੇ ਹੱਥ ਵਿਚ ਫੜੇ ਰਹਿ ਗਏ।
                                                            -0-