
ਬਿਕਰਮਜੀਤ ਨੂਰ ਪੰਜਾਬੀ ਮਿੰਨੀ ਕਹਾਣੀ ਦਾ ਸਿਰਕੱਢ ਹਸਤਾਖਰ ਹੈ। ਉਹ ਲੰਮੇ ਸਮੇਂ ਤੋਂ ਮਿੰਨੀ ਕਹਾਣੀ ਦੇ ਖੇਤਰ ਵਿਚ ਹੈ। ਇਸ ਚਰਚਿਤ ਲੇਖਕ ਦੇ ਪਰੀਚੈ ਨਾਲ ਪ੍ਰਸਤੁਤ ਹਨ ਉਸਦੀਆਂ ਪੰਜ ਰਚਨਾਵਾਂ।
*******
ਜਨਮ : 8 ਅਗਸਤ 1952 (ਪਿੰਡ: ਨਿੰਬੂਆ, ਡੇਰਾਬਸੀ, ਪਟਿਆਲਾ, ਪੰਜਾਬ)
ਸਿੱਖਿਆ : ਐਮ.ਏ.(ਪੰਜਾਬੀ ਅਤੇ ਰਾਜਨੀਤੀ ਸ਼ਾਸਤਰ), ਬੀ.ਐੱਡ, ਉਰਦੂ ਆਮੋਜ਼
ਪ੍ਰਕਾਸ਼ਿਤ ਪੁਸਤਕਾਂ
ਮੌਲਿਕ : ‘ਕਾਤਰਾਂ’, ‘ਸ਼ਨਾਖਤ’, ‘ਅਣਕਿਹਾ’, ‘ਮੰਜ਼ਿਲ’ ਤੇ ‘ਮੂਕ ਸ਼ਬਦਾਂ ਦੀ ਵਾਪਸੀ’ (ਮਿੰਨੀ ਕਹਾਣੀ ਸੰਗ੍ਰਹਿ) ਅਤੇ ਕਵਿਤਾ, ਨਾਵਲ ਤੇ ਜੀਵਨੀ ਨਾਲ ਸਬੰਧਤ ਚਾਰ ਹੋਰ ਪੁਸਤਕਾਂ
ਅਨੁਵਾਦਿਤ : ‘ਤਪਸ਼’ (ਹਿੰਦੀ ਲਘੁਕਥਾਵਾਂ ਦਾ ਪੰਜਾਬੀ ਅਨੁਵਾਦ)
ਸੰਪਾਦਿਤ : 16 ਮਿੰਨੀ ਕਹਾਣੀ ਸੰਗ੍ਰਹਿ
ਸੰਪਾਦਨ : ਪੰਜਾਬੀ ਤ੍ਰੈਮਾਸਿਕ ‘ਮਿੰਨੀ’ (1994 ਤੋਂ ਨਿਰੰਤਰ)
ਕਿੱਤਾ : ਅਧਿਆਪਨ
ਸੰਪਰਕ : 3, ਗੁਰੂ ਨਾਨਕ ਨਗਰ, ਗਿੱਦੜਬਾਹਾ (ਮੁਕਤਸਰ), ਪੰਜਾਬ-152101 ਫੋਨ: 01637-232203 ਮੋਬਾਈਲ: 09464076257
*****
1.ਇਸ ਵਾਰ
ਬਾਬੂ ਕੁਲਦੀਪ ਰਾਇ ਡਿਊਟੀ ਤੋਂ ਲੇਟ ਹੋ ਰਿਹਾ ਸੀ ਤੇ ਇਧਰ ਪੰਡਤ ਜੀ ਦੇ ਆਉਣ ਦਾ ਨਾਂ ਨਿਸ਼ਾਨ ਵੀ ਨਹੀਂ ਸੀ। ਉਹ ਤਾਂ ਕਾਫੀ ਸਵੇਰੇ ਹੀ ਦੋ ਗੇੜੇ ਲਾ ਆਇਆ ਸੀ। ਵੈਸੇ ਰਾਤ ਵੀ ਉਸ ਨੇ ਗੁਜ਼ਾਰਿਸ਼ ਕਰ ਦਿੱਤੀ ਸੀ।
ਸਰਾਧਾਂ ਦੇ ਮੌਕੇ ਪਿਛਲੇ ਕਈ ਸਾਲਾਂ ਤੋਂ ਇਸੇ ਪੰਡਤ ਨੂੰ ਹੀ ਨਿਉਂਤਾ ਦਿੱਤਾ ਜਾਂਦਾ ਸੀ।
…ਤੇ ਅੱਜ ਵੀ ਬਾਬੂ ਕੁਲਦੀਪ ਰਾਇ ਨੇ ਆਪਣੇ ਪਿਤਾ ਦਾ ਸਰਾਧ ਕੀਤਾ ਸੀ।
ਵਕਤ ਅੱਠ ਦੇ ਕਰੀਬ ਹੋ ਚੁੱਕਾ ਸੀ। ਖੀਰ-ਪੂੜੀਆਂ, ਹਲਵਾ ਆਦਿ ਇਸ ਤੋਂ ਦੋ-ਢਾਈ ਘੰਟੇ ਪਹਿਲਾਂ ਦਾ ਤਿਆਰ ਪਿਆ ਸੀ। ਕੁਲਦੀਪ ਰਾਇ ਨੂੰ ਖਿਝ ਆਉਣੀ ਸ਼ੁਰੂ ਹੋ ਗਈ ਸੀ। ਪਤੀ-ਪਤਨੀ ਦੇ ਨਾਲ ਦੋਵੇਂ ਬੱਚੇ ਵੀ ‘ਸੁੱਚੇ ਮੂੰਹ’ ਹੀ ਬੈਠੇ ਸਨ। ਫਿਰ, ਬੱਚਿਆਂ ਨੇ ਤਾਂ ਆਪੋ ਆਪਣੇ ਸਕੂਲ ਵੀ ਜਾਣਾ ਸੀ।
ਕੁਲਦੀਪ ਰਾਇ ਕੋਲ ਤਾਂ ਛੁੱਟੀ ਵੀ ਕੋਈ ਨਹੀਂ ਸੀ। ਇਸ ਤੇ ਵਾਧਾ ਇਹ ਕਿ ਦਫ਼ਤਰ ਦੇ ਹਿਸਾਬ-ਕਿਤਾਬ ਦੀ ਪੜਤਾਲ ਚੱਲ ਰਹੀ ਸੀ।ਅੱਜ ਤਾਂ ਵਕਤ ਤੋਂ ਵੀ ਪਹਿਲਾਂ ਜਾਣਾ ਜ਼ਰੂਰੀ ਹੋਇਆ ਪਿਆ ਸੀ।
ਇਹੀ ਕਾਰਨ ਸੀ ਕਿ ਇਕ ਫਟੇਹਾਲ ਖਿਲਰੇ ਜਿਹੇ ਮੂੰਹ-ਸਿਰ ਵਾਲੇ ਮੰਗਤਿਆਂ ਵਾਂਗ ਦਿੱਸਦੇ ਬਜ਼ੁਰਗ ਨੇ ਆਪਣੇ ਮੂੰਹ ਵੱਲ ਹੱਥ ਦਾ ਇਸ਼ਾਰਾ ਕਰਕੇ ਕੁੱਝ ਖਾਣ ਨੂੰ ਮੰਗਿਆ ਸੀ, ਜਿਸ ਵੱਲ ਕੁਲਦੀਪ ਨੇ ਧਿਆਨ ਹੀ ਨਹੀਂ ਦਿੱਤਾ ਸੀ। ਉਹ ਬਜ਼ੁਰਗ ਵੀ ਜਲਦੀ ਹੀ ਅੱਗੇ ਚਲਾ ਗਿਆ ਸੀ।
“ ਜੁਆਕਾਂ ਨੂੰ ਤਾਂ ਤਿਆਰ ਕਰਕੇ ਭੇਜ ਸਕੂਲ, ਖਾਣਾ ਬਾਅਦ ’ਚ ਉੱਥੇ ਹੀ ਫੜਾ ਆਈਂ ।” ਕੁਲਦੀਪ ਰਾਇ ਨੇ ਜ਼ਰਾ ਉੱਚੀ ਬੋਲ ਕੇ ਪਤਨੀ ਨੂੰ ਕਿਹਾ, ਜਿਹੜੀ ਉਹਦੇ ਵਾਂਗ ਹੀ ਪਰੇਸ਼ਾਨ ਸੀ।
ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਕੁਲਦੀਪ ਰਾਇ ਨੂੰ ਜਾਪਿਆ ਤਾਂ ਇਉਂ ਸੀ ਜਿਵੇਂ ਪੰਡਤ ਜੀ ਹੀ ਆ ਪਧਾਰੇ ਹੋਣ, ਪਰ ਹੈ ਸੀ ਇਹ ਉਹੀ ਮੰਗਤਿਆਂ ਵਾਂਗ ਦਿੱਸਦਾ ਬਜ਼ੁਰਗ ਆਦਮੀ।
ਕੁਲਦੀਪ ਰਾਇ ਨੇ ਬਗ਼ੈਰ ਵਕਤ ਖਰਾਬ ਕੀਤੇ ਬਜ਼ੁਰਗ ਨੂੰ ਅੰਦਰ ਬੁਲਾਇਆ। ਉਸ ਦੇ ਹੱਥ-ਪੈਰ ਧੁਆਏ ਅਤੇ ਪੂੰਝਣ ਲਈ ਨਵਾਂ ਤੌਲੀਆ ਅੱਗੇ ਕਰ ਦਿੱਤਾ। ਚਾਦਰ ਵਿਛੀ ਦਰੀ ਉੱਤੇ ਬਹਾ ਕੇ ਬਜ਼ੁਰਗ ਨੂੰ ਬਹੁਤ ਹੀ ਸ਼ਰਧਾ ਤੇ ਪ੍ਰੇਮ ਨਾਲ ਭੋਜਨ ਛਕਾਇਆ। ਇਕ ਸੌ ਇਕ ਰੁਪਿਆ ਨਕਦ ਭੇਂਟ ਕੀਤਾ।
ਰੱਜ ਪੁਜ ਕੇ ਉੱਠਣ ਲੱਗਿਆਂ ਬੇਤਹਾਸ਼ਾ ਖੁਸ਼ੀ ਅਤੇ ਸੰਤੁਸ਼ਟੀ ਕਾਰਣ ਬਜ਼ੁਰਗ ਤੋਂ ਕੁੱਝ ਵੀ ਬੋਲਿਆ ਨਹੀਂ ਸੀ ਜਾ ਰਿਹਾ।
-0-
2. ਸੰਤਾਂ ਦੀ ਰੋਟੀ
ਮੀਤੋ ਦੇ ਵਾਰ-ਵਾਰ ਜ਼ਿੱਦ ਕਰਨ ਤੇ ਆਖਿਰ ਮਾਂ ਨੇ ਥੱਪੜ ਕੱਢ ਮਾਰਿਆ ਸੀ। ਉਹ ਰੀਂ-ਰੀਂ ਕਰਦਾ ਪਰੇ ਚਲਾ ਗਿਆ ਸੀ। ਮਾਂ ਇਕ ਵਾਰੀ ਫੇਰ ਚੁੱਲ੍ਹੇ-ਚੌਕੇ ਦੇ ਕੰਮ ਵਿਚ ਰੁੱਝ ਗਈ ਸੀ।
ਅੱਜ ਸੰਤਾਂ ਦੀ ਰੋਟੀ ਸੀ। ਆਪਣੇ ਸਿੱਖਾਂ-ਸੇਵਕਾਂ ਦੇ ਮੋਹ-ਪ੍ਰੇਮ ਨੂੰ ਮੁੱਖ ਰੱਖ ਕੇ ਸੰਤ ਹਰਜੀਤ ਸਿੰਘ ਜੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਥਾ ਕੀਰਤਨ ਕਰਨ ਆਏ ਹੋਏ ਸਨ। ਹਰ ਸਾਲ-ਛੇ ਮਹੀਨਿਆਂ ਬਾਅਦ ਇੱਧਰ ਫੇਰੀ ਪਾਇਆ ਹੀ ਕਰਦੇ ਸਨ।
ਪਿੰਡ ਦੇ ਲੋਕ ਬੇਸ਼ਕ ਕਾਫੀ ਗਰੀਬ ਸਨ, ਪਰ ਸੰਤਾਂ ਪ੍ਰਤੀ ਉਹਨਾਂ ਦੀ ਅਸੀਮ ਸ਼ਰਧਾ ਸੀ। ਇਸੇ ਲਈ ਲੰਗਰ-ਪਾਣੀ ਬਹੁਤ ਹੀ ਪਿਆਰ ਨਾਲ ਛਕਾਇਆ ਕਰਦੇ ਸਨ।
ਬਕਾਇਦਾ ਮੁਰਗਾ ਵੱਢਿਆ ਜਾਂਦਾ। ਢੇਰ ਸਾਰੀਆਂ ਦਾਖਾਂ ਤੇ ਹੋਰ ਸੁੱਕੇ ਮੇਵੇ ਪਾ ਕੇ ਕੜਾਹ-ਪ੍ਰਸ਼ਾਦਿ ਤੇ ਖੀਰ ਆਦਿ ਤਿਆਰ ਕੀਤੇ ਜਾਂਦੇ। ਇਹ ਕੰਮ ਸਵੇਰ ਤੋਂ ਹੀ ਸ਼ੁਰੂ ਕਰ ਲਿਆ ਜਾਂਦਾ।
ਵਾਰੋ ਵਾਰੀ ਸਾਰੇ ਘਰ ਦੋ-ਦੋ ਡੰਗ ਸੰਤਾਂ ਨੂੰ ਪ੍ਰਸ਼ਾਦਾ ਛਕਾਉਂਦੇ।
ਮੀਤਾ ਤਾਂ ਹਨੇਰਾ ਹੋਣ ਸਾਰ ਹੀ ਜ਼ਿੱਦ ਕਰਨ ਲੱਗ ਪਿਆ ਸੀ- “ਬੇਬੇ, ਭੁੱਖ ਲੱਗੀ ਐ।”
“ਨਾ ਪੁੱਤਰ, ‘ਮਹਾਰਾਜ ਜੀ’ ਦੇ ਛਕਣ ਤੋਂ ਬਾਅਦ।”
ਤੇ ਥੱਪੜ ਖਾਣ ਤੋਂ ਬਾਅਦ ਮੀਤਾ ਦੁਬਾਰਾ ਮਾਂ ਦੇ ਨੇੜੇ ਨਹੀਂ ਸੀ ਗਿਆ।
ਕਥਾ-ਕੀਰਤਨ ਤੋਂ ਵਿਹਲੇ ਹੋ ਕੇ ਰਾਤ ਦੇ ਕਰੀਬ ਗਿਆਰਾਂ ਵਜੇ ਸੰਤਾਂ ਨੇ ਆਪਣੇ ਸਿੰਘਾਂ ਸਮੇਤ ਭੋਜਨ ਛਕਿਆ। ਅਰਦਾਸ ਹੋਈ।ਜੈਕਾਰੇ ਛੱਡੇ ਗਏ। ਬਾਕੀ ਪਰਿਵਾਰ ਨੇ ‘ਸੀਤ-ਪ੍ਰਸਾਦਿ’ ਵੱਜੋਂ ਰੋਟੀ ਖਾਧੀ ਤੇ ਸੌਂ ਗਏ।
ਸਵੇਰੇ ਉੱਠ ਕੇ ਬੇਬੇ ਨੇ ਵੇਖਿਆ, ਪਾਸੇ ਜਿਹੇ ਇਕ ਅਲਾਣੀ ਮੰਜੀ ਉੱਤੇ ਮੀਤਾ ਘੂਕ ਸੁੱਤਾ ਹੋਇਆ ਸੀ।
ਉਸ ਦੀਆਂ ਲੱਤਾਂ ਮੰਜੀ ਦੀ ਦੌਣ ਵਿੱਚੋਂ ਥੱਲੇ ਲਮਕ ਰਹੀਆਂ ਸਨ।
-0-
3. ਸ਼ਰਾਧ
ਮਾਂ ਸਮੇਤ ਤਿੰਨਾਂ ਬੱਚਿਆਂ ਨੂੰ ਰਾਤ ਭੁੱਖਿਆਂ ਹੀ ਸੌਣਾ ਪਿਆ ਸੀ। ਅੱਜ ਬੱਚਿਆਂ ਦਾ ਬਾਪ ਦੇਰ ਰਾਤ ਤੱਕ ਕੰਮ ਤੋਂ ਵਾਪਸ ਨਹੀਂ ਸੀ ਪਰਤਿਆ। ਉਸ ਦੇ ਆਉਣ ਤੇ ਹੀ ਚੁੱਲ੍ਹਾ ਗਰਮ ਹੋਣ ਦੀ ਸੰਭਾਵਨਾ ਹੋ ਸਕਦੀ ਸੀ।
ਇਕ ਸੇਠ ਦੇ ਮਕਾਨ ਦੀ ਖੁੱਲ੍ਹੀ ਛੱਤ ਉੱਪਰ ਬਣੇ ਛੱਤਣੇ ਰੂਪੀ ਚੌਬਾਰੇ ਵਿਚ ਕਿਰਾਏ ਤੇ ਇਹ ਪਰਿਵਾਰ ਬਸਰ ਕਰ ਰਿਹਾ ਸੀ।
ਵੱਡਾ ਮੁੰਡਾ ਅੱਜ ਆਮ ਨਾਲੋਂ ਸਵਖਤੇ ਹੀ ਜਾਗ ਪਿਆ ਸੀ। ਬਹੁਤ ਹੀ ਸਵਾਦੀ ਤੇ ਵੰਨ-ਸੁਵੰਨੇ ਖਾਣਿਆਂ ਦੀ ਮਹਿਕ, ਜਿਵੇਂ ਸਾਹਾਂ ਰਾਹੀਂ ਉਸ ਦੇ ਸਮੁੱਚੇ ਜਿਸਮ ਵਿਚ ਸਮਾ ਗਈ ਸੀ।
ਮੁੰਡੇ ਨੇ ਉੱਠਣ ਸਾਰ ਹੀ ਬੜੀ ਸ਼ਿੱਦਤ ਨਾਲ ਮਾਂ ਨੂੰ ਸੁਆਲ ਕੀਤਾ, “ਮਾਂ! ਆਹ ਅੱਜ ਖੁਸ਼ਬੂ ਜਿਹੀ ਕਾਹਦੀ ਆ ਰਹੀ ਐ?”
“ਪੁੱਤ, ਥੱਲੇ ਅੱਜ ਸੇਠ ਆਪਣੀ ਮਾਂ ਦਾ ਸ਼ਰਾਧ ਕਰ ਰਿਹੈ।’
“ਸ਼ਰਾਧ ਕੀ ਹੁੰਦੈ ਮਾਂ?” ਮੁੰਡੇ ਦੀ ਉਤਸੁਕਤਾ ਹੋਰ ਵੱਧ ਗਈ ਸੀ।
ਮਾਂ ਨੇ ਜ਼ਰਾ ਵਿਸਥਾਰ ਨਾਲ ਸਮਝਾਉਂਦਿਆ ਦੱਸਿਆ, “ਹਰ ਸਾਲ ਪੰਡਤਾਂ-ਪ੍ਰੋਹਿਤਾਂ ਨੂੰ ਖੀਰ-ਪੂੜੀਆਂ, ਕੜਾਹ-ਪ੍ਰਸਾਦਿ ਤੇ ਤਰ੍ਹਾਂ-ਤਰ੍ਹਾਂ ਦੇ ਖਾਣੇ ਖੁਆਏ ਜਾਂਦੇ ਐ। ਹੋਰ ਵੀ ਦਾਨ-ਪੁੰਨ ਕੀਤਾ ਜਾਂਦਾ ਐ।”
“ਪੰਡਤਾਂ ਨੂੰ ਖਾਣੇ ਕਿਉਂ ਖੁਆਏ ਜਾਂਦੇ ਐ?”
“ਤਾਂ ਕਿ ਸਵਰਗ ਸਿਧਾਰ ਚੁੱਕੇ ਬਜ਼ੁਰਗਾਂ ਤੱਕ ਉਹ ਖਾਣੇ ਪਹੁੰਚ ਜਾਣ।” ਮਾਂ ਨੇ ਆਪਣੇ ਪੁੱਤ ਕੋਲ ਬਹਿੰਦਿਆਂ ਦੱਸਿਆ, “ਸੇਠ ਅੱਜ ਇਹ ਪਕਵਾਨ ਆਪਣੀ ਸਵਰਗ ਵਿਚ ਬੈਠੀ ਮਾਤਾ ਲਈ ਭੇਜ ਰਿਹੈ।”
ਹੈਰਾਨ ਹੁੰਦਿਆਂ ਪੁੱਤਰ ਨੇ ਪੁੱਛਿਆ, “ਮੰਮੀ, ਏਨੀ ਦੂਰ?” ਮੁੰਡੇ ਨੇ ਆਪਣੀ ਬਾਂਹ ਅਸਮਾਨ ਵੱਲ ਕਰਕੇ ਹੱਥ ਦੀ ਉਂਗਲ ਵੀ ਸਿੱਧੀ ਕਰ ਦਿੱਤੀ ਸੀ।
“ਹਾਂ ਪੁੱਤ, ਏਨੀ ਦੂਰ।”
ਮੁੰਡਾ ਥੋੜ੍ਹੀ ਦੇਰ ਲਈ ਗੁੰਮ-ਸੁੰਮ ਹੋ ਗਿਆ ਸੀ। ਫਿਰ ਉਸ ਨੇ ਅੱਖਾਂ ਫੈਲਾਅ ਕੇ , ਬੁੱਲਾਂ ਤੇ ਜੀਭ ਫੇਰਦਿਆਂ ਮੁਸਕਰਾ ਕੇ ਕਿਹਾ, “ਮਾਂ, ਉੱਧਰ ਜਾਂਦੇ ਜਾਂਦੇ ਕੁਝ ਕੜਾਹ-ਪੂੜੇ ਜੇ ਆਪਣੇ ਆਲੀ ਛੱਤ ’ਤੇ ਡਿੱਗ ਪੈਣ, ਫੇਰ ਤਾਂ ਮਜ਼ਾ ਈ ਆ ਜੇ।”
ਮਾਂ ਦੇ ਚਿਹਰੇ ਉੱਤੇ ਮੁਰਦੇਹਾਣੀ ਫੈਲ ਗਈ ਸੀ।
-0-
4. ਬੰਸੋ ਬੁੱਢੀ
ਹੁਣ ਤਕ ਤਾਂ ਬੇਸ਼ਕ ਬੈਂਕ ਵਿਚ ਕਾਫੀ ਭੀੜ ਹੋ ਗਈ ਸੀ, ਪਰ ਜਦੋਂ ਬੰਸੋ ਬੁੱਢੀ ਆਈ ਸੀ ਉਦੋਂ ਤਾਂ ਸੋਫਾ ਖਾਲੀ ਪਿਆ ਸੀ। ਸੋਫਾ ਖਾਲੀ ਪਿਆ ਹੋਣ ਦੇ ਬਾਵਜੂਦ ਵੀ ਉਹ ਬਰਫ ਵਰਗੇ ਠੰਡੇ ਫਰਸ਼ ਉੱਤੇ ਹੀ ਬੈਠ ਗਈ ਸੀ, ਇਹ ਸੋਚ ਕੇ ਕਿ ਕਿਤੇ ਬੈਂਕ ਵਾਲੇ ਹੋਰ ਵੀ ਨਾਰਾਜ਼ ਨਾ ਹੋ ਜਾਣ। ਪਿਛਲੇ ਦੋ ਹਫਤਿਆਂ ਵਿਚ ਇਹ ਉਸ ਦਾ ਤੀਜਾ ਗੇੜਾ ਸੀ। ਪਿਛਲੇ ਦੋ ਮਹੀਨੇ ਤਾਂ ਉਹ ਸੌ-ਸੌ ਦੇ ਦੋ-ਦੋ ਨਵੇਂ ਨਕੋਰ ਨੋਟ ਇਕ ਮੈਲੇ-ਕੁਚੈਲੇ ਤੇ ਪੁਰਾਣੇ ਜਿਹੇ ਰੁਮਾਲ ਵਿੱਚ ਘੁੱਟ ਕੇ ਬੰਨ੍ਹ, ਚੰਗੀ ਤਰ੍ਹਾਂ ਗੀਜੇ ਵਿਚ ਪਾ-ਸੰਭਾਲ ਕੇ ‘ਛਾਲਾਂ’ ਮਾਰਦੀ ਪਿੰਡ ਆ ਜਾਇਆ ਕਰਦੀ ਸੀ।
ਬੰਸੋ ਬੁੱਢੀ ਦਾ ਅੱਗਾ ਨਾ ਪਿੱਛਾ। ਦੋ ਸੌ ਰੁਪਿਆ ਤਾਂ ਖਾਧਿਆਂ-ਪੀਤਿਆਂ ਨਹੀਂ ਸੀ ਮੁਕਦਾ।
‘ਬੇਬੇ ਤੇਰੀ ਪੈਨਸ਼ਨ ਲੁਆਤੀ। ਬੋਟ ਹੁਣ ਸਾਨੂੰ ਪਾਈਂ’ ਮਾਨਾਂ ਦੀ ਪੱਤੀ ਵਾਲਾ ਛਿੰਦਾ ਵੋਟਾਂ ਵਾਲਾ ਨਿਸ਼ਾਨ ਵੀ ਦੱਸ ਗਿਆ ਸੀ। ਫੋਟੋ ਕਰਵਾ ਕੇ ਉਸੇ ਨੇ ਹੀ ਬੈਂਕ ਦੀ ਕਾਪੀ ਬਣਵਾ ਕੇ ਦਿੱਤੀ ਸੀ। ਪਹਿਲੀ ਵਾਰੀ ਬੰਸੋ ਦੇ ਨਾਲ ਬੈਂਕ ਵੀ ਉਹੋ ਹੀ ਆਇਆ ਸੀ। ਪੈਨਸ਼ਨ ਲੈਣ ਦੋ ਵਾਰੀ ਡਿਗਦੀ-ਢਹਿੰਦੀ, ਪੁੱਛਦੀ-ਪੁਛਾਂਦੀ ਉਹ ਆਪ ਹੀ ਆ ਗਈ ਸੀ। ਪੈਨਸ਼ਨ ਤਾਂ ਪਿੰਡ ਦੇ ਹੋਰ ਵੀ ਬੰਦੇ-ਬੁੜ੍ਹੀਆਂ ਨੂੰ ਲੱਗੀ ਸੀ, ਪਰ ਨਿਮਾਣੀ-ਨਿਤਾਣੀ ਬੰਸੋ ਨੂੰ ਨਾਲ ਲੈ ਕੇ ਨਹੀਂ ਸੀ ਆਉਂਦਾ ਕੋਈ।
ਪਹਿਲੇ ਦੋ ਮਹੀਨੇ ਆਰਾਮ ਨਾਲ ਮਿਲਦੇ ਰਹੇ ਸਨ ਪੈਸੇ। ਇਸ ਮਹੀਨੇ ਕੀ ਚੱਕਰ ਪੈ ਗਿਆ ਸੀ? ਬੰਸੋ ਬੁੱਢੀ ਦੀ ਸਮਝ ਵਿਚ ਨਹੀਂ ਸੀ ਆਉਂਦਾ। ਇਕ ਵਾਰੀ ਤਾਂ ਬੈਂਕ ਦੇ ਬਾਬੂ ਨੇ ਜ਼ਰਾ ਆਰਾਮ ਨਾਲ ਕਿਹਾ ਸੀ, “ਅਜੇ ਥੋਡੀ ਪੈਨਸ਼ਨ ਦੇ ਪੈਸੇ ਨਹੀਂ ਆਏ ਮਾਈ, ਫੇਰ ਕਿਤੇ ਆ ਕੇ ਕਰ ਲੀਂ ਪਤਾ।”, ਪਰ ਦੂਜੀ ਵਾਰੀ ਤਾਂ ਟੁੱਟ ਕੇ ਹੀ ਪੈ ਗਿਆ ਸੀ, “ਸਿਰ ਕਿਉਂ ਖਾਈ ਜਾਨੀਂ ਐਂ? ਸੋਮਵਾਰ ਆਈਂ ਪਤਾ ਕਰਨ।”
“ਪੁੱਤ, ਸੋਮਵਾਰ ਕਿੰਨੇ ਦਿਨਾਂ ਨੂੰ ਆਊ?”
“ਐਤਵਾਰ ਤੋਂ ਅਗਲੇ ਦਿਨ।” ਤੇ ਬਾਬੂ ਬੰਸੋ ਬੁੱਢੀ ਨੂੰ ਹੋਰ ਚੱਕਰ ਵਿਚ ਪਾ ਕੇ ਆਪਣੇ ਕੰਮ ਵਿਚ ਰੁਝ ਗਿਆ ਸੀ।
ਅੱਜ ਵੀ ਦੁਬਲੇ-ਪਤਲੇ ਕਮਜ਼ੋਰ ਚਿਹਰੇ, ਅੰਦਰ ਨੂੰ ਧਸੀਆਂ ਨਿਰਜੋਤ ਜਿਹੀਆਂ ਅੱਖਾਂ ਉੱਤੇ ਮੈਲੇ ਸ਼ੀਸ਼ਿਆਂ ਵਾਲੀ ਐਨਕ ਲਾਈ ਕੰਬਦੇ ਹੱਥਾਂ ਵਿਚ ਪੈਨਸ਼ਨ ਵਾਲੀ ਕਾਪੀ ਲੈ ਕੇ ਉਹ ਕਿੰਨੇ ਚਿਰ ਤੋਂ ਕਾਉਂਟਰ ਤੇ ਕੂਹਣੀਆਂ ਟਿਕਾਈ ਖੜੀ ਸੀ। ਪਰ ਉਸਦੀ ਕਿਸੇ ਨੇ ਬਾਤ ਨਹੀਂ ਸੀ ਪੁੱਛੀ। ਬੇਸ਼ਕ ਗਾਹਕਾਂ ਦੀ ਭੀੜ ਹੋ ਜਾਣ ਤੋਂ ਪਹਿਲਾਂ ਉਹ ਕਿੰਨੇ ਹੀ ਵਾਰੀ ਵਿੰਗਾ ਜਿਹਾ ਮੂੰਹ ਕਰਕੇ ਫਰਿਆਦ ਕਰ ਚੁੱਕੀ ਸੀ, “ਵੇ ਪੁੱਤ, ਦੇਖੀਂ ਮੇਰੀ ਪਿਲਸਨ ਆ ਗਈ?”
ਆਖਿਰ ਘੰਟਾ ਭਰ ਖੜੀ ਰਹਿਣ ਤੋਂ ਬਾਅਦ ਗੰਨਮੈਨ ਨੇ ਝਿੜਕ ਦਿੱਤਾ ਸੀ–“ਮਾਈ, ਹੈਥੇ ਬਹਿਜਾ ’ਰਾਮ ਨਾਲ। ਅਸੀਂ ਆਪੇ ਦੇਖ ਕੇ ਦੱਸ ਦਿਆਂਗੇ।”
ਦੋ-ਢਾਈ ਵਜੇ ਬੋਂਕ ਦਾ ਅਮਲਾ-ਫੈਲਾ ਜਦੋਂ ਰੋਟੀ ਖਾਣ ਲਈ ਉੱਠਿਆ ਤਾਂ ਠੰਡ ਅਤੇ ਭੁੱਖ ਨਾਲ ਅੱਧਮੋਈ ਜਿਹੀ ਹਾਲਤ ਵਿਚ ਅਜੇ ਵੀ ਪੈਨਸ਼ਨ ਵਾਲੀ ਕਾਪੀ ਹੱਥ ਵਿਚ ਫੜੀ ਬੈਠੀ ਬੰਸੋ ਨੂੰ ਦੇਖ ਕੇ, ਇਕ ਮੁਲਾਜ਼ਮ ਨੇ ਤਰਸ ਖਾ ਉਸਦੇ ਨੇੜੇ ਜਾ ਉੱਚੀ ਬੋਲ ਕੇ ਸਮਝਾਉਣਾ ਚਾਹਿਆ, “ਤੇਰੀ ਪੈਨਸ਼ਨ ਬੰਦ ਹੋ ਗਈ।”
ਬੁੱਢੀ ਸੋਟੀ ਦੇ ਸਹਾਰੇ ਕਾਫੀ ਸਾਰਾ ਵਕਤ ਲਾ ਕੇ ਉੱਠ ਖੜੀ ਹੋਈ। ਦੋ-ਤਿੰਨ ਵਾਰੀ ਮੁਲਾਜ਼ਮ ਦੇ ਮੂੰਹੋਂ ਉਹੀ ਸ਼ਬਦ ਸੁਣ ਕੇ ਉਹ ਡੱਡੋਲਿਕੀ ਹੋ ਕੇ ਮੱਧਮ ਆਵਾਜ਼ ਵਿਚ ਬੋਲੀ, “ਕਿਉਂ ਪੁੱਤ?”
“ਮਾਤਾ, ਸਰਕਾਰ ਬਦਲ ਗਈ ਐ।” ਮੁਲਾਜ਼ਮ ਨੇ ਕਿਹਾ ਤੇ ਰੋਟੀ ਖਾਣ ਚਲਾ ਗਿਆ।
-0-
5. ਮੂਕ ਸ਼ਬਦਾਂ ਦੀ ਵਾਪਸੀ
ਦਲਜੀਤ ਨੂੰ ਵਿਆਹ-ਸ਼ਾਦੀਆਂ ਦਾ ਰੌਲਾ-ਰੱਪਾ ਚੰਗਾ ਨਹੀਂ ਸੀ ਲਗਦਾ। ਪਰ ਅੱਜ ਉਸ ਦਾ ਜੀਅ ਲੱਗਾ ਹੋਇਆ ਸੀ। ਪਰੀਆਂ ਵਰਗੀ ਇਕ ਤੀਵੀਂ ਕੁਝ ਇਸ ਅਦਾ ਨਾਲ ‘ਛਣ-ਛਣ’ ਕਰਦੀ ਫਿਰਦੀ ਸੀ ਕਿ ਹਰ ਇਕ ਦੇ ਦਿਲ ਨੂੰ ਜ਼ਖ਼ਮੀ ਕਰ ਸਕਦੀ ਸੀ। ਪਰ ‘ਹਰ ਇਕ’ ਨਾਲ ਦਲਜੀਤ ਨੂੰ ਕੀ ਮਤਲਬ? ਉਹ ਤਾਂ ਖੁਦ ਉਸ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ, ਦਿਲ ਵਿਚ ਮਿਠਾਸ ਭਰ ਦੇਣ ਵਾਲਾ ਉਸ ਦਾ ਨਾਂ ਜਾਣਨਾ ਚਾਹੁੰਦਾ ਸੀ। ਪਰ ਨਹੀਂ, ਉਹ ਪਰੀ ਕੋਈ ਮੌਕਾ ਨਹੀਂ ਸੀ ਦੇ ਰਹੀ।
‘ਮੈਂ ਉਸ ਨੂੰ ਕਹਾਂਗਾ…’ ਇਹ ਵਾਕ ਕਿੰਨੀ ਵਾਰੀ ਦਲਜੀਤ ਦੇ ਹੋਠਾਂ ਉੱਤੇ ਆਇਆ ਤੇ ਇਕ ਅਨਹਦ ਜਿਹੀ ਝੁਨਕਾਰ ਦਾ ਸੰਚਾਰ ਕਰਦਾ ਚਲਾ ਗਿਆ। ‘ਬਿਜਲੀ ਦੀ ਲਿਸ਼ਕ’ ਇੱਧਰ-ਉੱਧਰ ਟਪੂੰ-ਟਪੂੰ ਕਰਦੀ ਫਿਰ ਰਹੀ ਸੀ। ਸਜੇ-ਸੰਵਰੇ ਵਾਲ, ਸੁਰਮਈ ਅੱਖਾਂ ਤੇ ਹੋਠਾਂ ਤੇ ਲਾਲੀ।
ਦਲਜੀਤ ਸੋਚ ਰਿਹਾ ਸੀ– ਕਿਸ ਖੁਸ਼ਕਿਸਮਤ ਦੇ ਘਰ ਦਾ ਸ਼ਿੰਗਾਰ ਬਣੀ ਹੋਵੇਗੀ ਇਹ? ਉਸ ਨੇ ਦਲਜੀਤ ਵੱਲ ਵੇਖਿਆ ਵੀ ਸੀ ਜਾਂ ਨਹੀਂ, ਪਰ ਇਕ ਮਿੱਠੇ-ਮਿੱਠੇ ਅਹਿਸਾਸ ਨੇ ਤਰਕਾਲਾਂ ਕਰ ਦਿੱਤੀਆਂ ਸਨ।
ਸੋਲ੍ਹਵੇਂ ਸਾਲ ਵਿਚ ਪੈਰ ਰੱਖ ਰਿਹਾ ਦਲਜੀਤ ਦਾ ਬੇਟਾ, ਜਿਹੜਾ ਸਵੇਰ ਦਾ ਪਤਾ ਨਹੀਂ ਕਿੱਥੇ ਰਿਹਾ ਸੀ, ਬਹੁਤ ਹੀ ਖੁਸ਼-ਖੁਸ਼ ਆਪਣੇ ਡੈਡੀ ਦੇ ਨੇੜੇ ਆਇਆ। ਪਹਿਲਾਂ ਉਹ ਇੱਧਰ-ਉੱਧਰ ਦੀਆਂ ਗੱਲਾਂ ਕਰਦਾ ਰਿਹਾ, ਫਿਰ ਬਹੁਤ ਹੀ ਸੁਭਾਵਕ ਲਹਿਜੇ ਵਿਚ ਕਹਿਣ ਲੱਗਾ, “ਡੈਡੀ ਜੀ, ਔਹ ਆਂਟੀ (ਉਸ ਦਾ ਇਸ਼ਾਰਾ ਉਸ ਪਰੀ ਵੱਲ ਸੀ) ਬਹੁਤ ਚੰਗੇ ਐ।”
ਦਲਜੀਤ ਤ੍ਰਭਕ ਗਿਆ ਸੀ। ਪਰ ਪ੍ਰੋੜ੍ਹ ਉਮਰ ਨੇ ਚਿਹਰੇ ਉੱਤੇ ਇਸ ਮਾਨਸਕ ਖਲਲ ਨੂੰ ਸਪਸ਼ਟ ਨਹੀਂ ਸੀ ਹੋਣ ਦਿੱਤਾ।
ਮੁੰਡਾ ਕਹਿੰਦਾ ਚਲਾ ਗਿਆ, “ਆਂਟੀ ਦਾ ਨਾਂ ਪੂਨਮ ਐ। ਗਿੱਧੇ ਵੇਲੇ ਉਹ ਮੇਰਾ ਹੱਥ ਫੜ ਕੇ ਨੱਚੇ ਵੀ ਸੀ।”
ਦਲਜੀਤ ਨੇ ਮੁੰਡੇ ਦੇ ਚਿਹਰੇ ਵੱਲ ਦੇਖਿਆ, ਜਿਸ ਉੱਤੇ ਲਾਲੀ ਫੈਲ ਗਈ ਸੀ। ਮੁੰਡੇ ਦਾ ਕੱਦ-ਕਾਠ ਉਸ ਨੂੰ ਆਪਣੇ ਤੋਂ ਤਕੜਾ ਤੇ ਉੱਚਾ ਜਾਪਿਆ, ਜਿਹੜਾ ਕਿ ਹੁਣੇ-ਹੁਣੇ ਹੀ ਹੋ ਗਿਆ ਹੋਵੇ।
ਉਸ ਨੇ ਆਪਣੀ ਗਰਦਨ ਦੂਜੇ ਪਾਸੇ ਘੁਮਾ ਲਈ ਤੇ ਆਪਣੇ ਅੰਦਰਲੇ ਸ਼ਬਦਾਂ ਨੂੰ ਅੰਦਰੋਂ-ਅੰਦਰ ਹੀ ਵਾਪਸ ਲੈ ਲਿਆ ।
-0-
No comments:
Post a Comment