
ਡਾ.ਸ਼ਿਆਮ ਸੁੰਦਰ ਦੀਪਤੀ ਪੰਜਾਬੀ ਮਿੰਨੀ ਕਹਾਣੀ ਦੇ ਸਿਰਮੌਰ ਲੇਖਕ ਹਨ। ਮਿੰਨੀ ਕਹਾਣੀ ਦੇ ਖੇਤਰ ਵਿਚ ਉਹਨਾਂ ਨੇ ਬਹੁਪੱਖੀ ਯੋਗਦਾਨ ਪਾਇਆ ਹੈ। ਉਹਨਾਂ ਦੇ ਸੰਖੇਪ ਜੀਵਨ ਪਰੀਚੈ ਨਾਲ ਪੇਸ਼ ਹਨ ਉਹਨਾਂ ਦੀਆਂ ਚਾਰ ਖੂਬਸੂਰਤ ਮਿੰਨੀ ਕਹਾਣੀਆਂ-ਅਗਰਵਾਲ।
-0-
ਜਨਮ : 30 ਅਪ੍ਰੈਲ 1954 (ਅਬੋਹਰ, ਜ਼ਿਲਾ: ਫਿਰੋਜ਼ਪੁਰ, ਪੰਜਾਬ)
ਸਿੱਖਿਆ : ਐਮ. ਬੀ. ਬੀ. ਐਸ., ਐਮ. ਡੀ.(ਕਮਿਉਨੀਟੀ ਮੈਡੀਸਨ), ਐਮ. ਏ.(ਪੰਜਾਬੀ ਅਤੇ ਸਮਾਜ
ਸ਼ਾਸਤਰ), ਐਮ. ਐਸ.ਸੀ.
ਮੌਲਿਕ ਪੁਸਤਕਾਂ : ‘ਬੇੜੀਆਂ’, ‘ਇਕੋ ਹੀ ਸਵਾਲ’(ਮਿੰਨੀ ਕਹਾਣੀ ਸੰਗ੍ਰਹਿ) ਤੇ ਵਿਭਿੰਨ ਵਿਧਾਵਾਂ ਨਾਲ
ਸੰਬੰਧਤ 33 ਹੋਰ ਪੁਸਤਕਾਂ।
ਸੰਪਾਦਿਤ ਪੁਸਤਕਾਂ : 27 ਮਿੰਨੀ ਕਹਾਣੀ ਸੰਗ੍ਰਹਿ ਅਤੇ 10 ਹੋਰ ਪੁਸਤਕਾਂ।
ਅਨੁਵਾਦਿਤ ਪੁਸਤਕਾਂ : ਅੰਗਰੇਜ਼ੀ ਅਤੇ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦਿਤ 5 ਪੁਸਤਕਾਂ।
ਸੰਪਾਦਕ :‘ਹੋਂਦ’ (ਪੰਜਾਬੀ ਤ੍ਰੈਮਾਸਿਕ) 1985-1988, ‘ਅਸਤਿਤਵ’ (ਹਿੰਦੀ ਤ੍ਰੈਮਾਸਿਕ),
‘ਮਿੰਨੀ’ (ਪੰਜਾਬੀ ਤ੍ਰੈਮਾਸਿਕ) 1988 ਤੋਂ ਨਿਰੰਤਰ, ‘ਚਿੰਤਕ’ 2000 ਤੋਂ ਨਿਰੰਤਰ।
ਵਿਸ਼ੇਸ਼ : ਦੇਸ਼ ਦੀਆਂ ਵਿਭਿੰਨ ਸਾਹਿਤਕ ਸੰਸਥਾਵਾਂ ਵੱਲੋਂ ਸਨਮਾਨਤ।
ਕਿੱਤਾ : ਸਰਕਾਰੀ ਮੈਡੀਕਲ ਕਾਲਜ, ਅਮ੍ਰਿਤਸਰ ਵਿਖੇ ਐਸੋਸੀਏਟ ਪ੍ਰੋਫੈਸਰ।
ਸੰਪਰਕ : 97, ਗੁਰੂ ਨਾਨਕ ਐਵਿਨਿਉ, ਮਜੀਠਾ ਰੋਡ, ਅਮ੍ਰਿਤਸਰ (ਪੰਜਾਬ)-143004
ਫੋਨ: 0183-2421006 ਮੋਬਾਈਲ: 9815808506
E-mail: drdeeptiss@yahoo.co.in
*******
1. ਅਰਜ਼ੀ
“ਕਰ ਆਓ ਪਤਾ ਆਪਣੇ ਕੰਮ ਦਾ, ਨਾਲੇ ਭਾਅ ਜੀ ਨੂੰ ਚੇਅਰਮੈਨੀ ਵੀ ਮਿਲ ਗਈ ਐ, ਵਧਾਈ ਦੇ ਆਓ ਬਹਾਨੇ ਸਿਰ।” ਪਤਨੀ ਨੇ ਰੋਜ਼ਾਨਾ ਵਾਂਗ ਆਪਣੀ ਗੱਲ ਦੁਹਰਾਈ।
ਪਹਿਲਾਂ ਤਾਂ ਉਹ ਕਹਿ ਛੱਡਦਾ,‘ ਦੇਖ! ਜੇਕਰ ਕੰਮ ਹੋਣਾ ਹੋਵੇਗਾ ਤਾਂ ਸਰਦੂਲ ਸਿੰਘ ਹੋਰੀਂ ਖੁਦ ਹੀ ਇਤਲਾਹ ਦੇ ਦੇਣਗੇ। ਪੰਜੀ-ਸੱਤੀਂ ਦਿਨੀਂ ਮੁਲਾਕਾਤ ਹੋ ਜਾਂਦੀ ਐ।’ ਅੱਜ ਇਹ ਨਵਾਂ ਸਬੱਬ ਸੀ, ਇਹ ਸੋਚ ਭਾਰਤੀ ਤੁਰ ਪਿਆ।
ਬਦਲੀਆਂ ਹੋਣੀਆਂ ਅਤੇ ਰੁਕਣੀਆਂ ਦੀ ਰਾਜਨੀਤੀ ਉਹ ਸਮਝਦਾ ਸੀ। ਕਿਵੇਂ ਮੰਤਰੀ ਨੇ ਮਹਿਕਮਾ ਸਾਂਭਦੇ ਹੀ ਸਭ ਤੋਂ ਪਹਿਲਾਂ ਬਦਲੀਆਂ ਹੀ ਕੀਤੀਆਂ ਸਨ। ਬਦਲੀ ਦੇ ਆਰਡਰ ਹੱਥ ਵਿਚ ਫੜਦੇ ਹੀ ਭਾਰਤੀ ਨੇ ਆਪਣੀ ਹਾਜ਼ਰੀ ਰਿਪੋਰਟ ਦਿੱਤੀ ਤੇ ਵਿਉਂਤ ਬਣਾਉਣ ਲੱਗਿਆ ਕਿ ਕੀ ਕਰੇ। ਉੱਥੇ ਰਹੇ। ਬੱਚਿਆਂ ਨੂੰ ਨਾਲ ਲੈ ਜਾਵੇ ਜਾਂ ਰੋਜ਼ ਆਵੇ-ਜਾਵੇ। ਬੱਚਿਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਆਖਰੀ ਫੈਸਲਾ ਇਹੀ ਹੋਇਆ ਕਿ ਹਾਲੇ ਸ਼ਿਫਟ ਨਹੀਂ ਕਰਦੇ ਤੇ ਕੱਪਲ-ਕੇਸ ਦੇ ਆਧਾਰ ਤੇ ਇਕ ਅਰਜ਼ੀ ਪਾ ਦਿੰਦੇ ਹਾਂ। ਹੋਰ ਤਾਂ ਭਾਰਤੀ ਦੇ ਕੁਝ ਹੱਥ-ਵੱਸ ਹੈ ਨਹੀਂ ਸੀ। ਫਿਰ ਪਤਨੀ ਦੇ ਕਹਿਣ ਉੱਤੇ ਇਕ ਅਰਜ਼ੀ ਪੜੋਸੀ ਤੇ ਹੁਣ ਬਣੇ ਚੇਅਰਮੈਨ ਨੂੰ ਦੇ ਆਇਆ ਸੀ।
ਸਰਦੂਲ ਸਿੰਘ ਘਰੇ ਮਿਲ ਪਿਆ ਤੇ ਭਾਰਤੀ ਨੂੰ ਗਰਮਜੋਸ਼ੀ ਨਾਲ ਮਿਲਿਆ। ਭਾਰਤੀ ਨੂੰ ਵੀ ਚੰਗਾ-ਚੰਗਾ ਲੱਗਿਆ। ਆਰਾਮ ਨਾਲ ਬੈਠ, ਚਾਹ ਮੰਗਵਾ ਕੇ ਸਰਦੂਲ ਸਿੰਘ ਕਹਿਣ ਲੱਗਾ, “ਛੋਟੇ ਵੀਰ! ਮੈਂ ਉਹ ਅਰਜ਼ੀ ਉਸ ਵੇਲੇ ਤਾਂ ਪੜ੍ਹੀ ਨਾ, ਉਹ ਅਰਜ਼ੀ ਤੂੰ ਆਪਣੇ ਵੱਲੋਂ ਕਿਉਂ ਲਿਖੀ…ਮਾਤਾ ਵੱਲੋਂ ਲਿਖਣੀ ਸੀ। ਇੰਜ ਕਰ ਨਵੀਂ ਅਰਜ਼ੀ ਲਿਖ, ਮਾਤਾ ਵੱਲੋਂ। ਲਿਖ, ਕਿ ਮੈਂ ਬੁੱਢੀ ਔਰਤ ਹਾਂ। ਅਕਸਰ ਬੀਮਾਰ ਰਹਿੰਦੀ ਹਾਂ। ਮੇਰੀ ਨੂੰਹ ਵੀ ਨੌਕਰੀ ਕਰਦੀ ਹੈ…ਬੱਚੇ ਛੋਟੇ ਨੇ…ਰਾਤ-ਬਰਾਤੇ ਦਵਾਈ-ਬੂਟੀ ਦੀ ਲੋੜ ਪੈਂਦੀ ਐ…ਮੇਰੇ ਪੁੱਤ ਦੇ ਨੇੜੇ ਰਹਿਣ ਨਾਲ ਮੈਂ ਤੇ ਮੇਰਾ ਪਰਿਵਾਰ ਵਗੈਰਾ, ਇਸ ਤਰ੍ਹਾਂ ਕੋਈ ਗੱਲ ਬਣਾ। ਬਾਕੀ ਤੂੰ ਸਿਆਣਾ ਐਂ। ਠੀਕ ਐ ਨਾ। ਮੈਂ ਪਰਸੋਂ ਫਿਰ ਜਾਣੈ, ਮੰਤਰੀ ਨੂੰ ਵੀ ਮਿਲਣੈ।”
ਭਾਰਤੀ ਨੇ ਸਿਰ ਹਿਲਾਇਆ, ਹੱਥ ਮਿਲਾਇਆ ਤੇ ਘਰ ਵੱਲ ਹੋ ਲਿਆ।
ਮਾਂ ਵੱਲੋਂ ਅਰਜ਼ੀ ਲਿਖਵਾਈ ਜਾਵੇ। ਮਾਂ ਨੂੰ ਮੇਰੀ ਲੋੜ ਹੈ। ਮਾਂ ਬੀਮਾਰ ਰਹਿੰਦੀ ਹੈ। ਕਮਾਲ ਐ! ਦੱਸੋਂ ਚੰਗੀ-ਭਲੀ ਤੁਰੀ ਫਿਰਦੀ ਮਾਂ ਨੂੰ ਇਵੇਂ ਹੀ ਬੀਮਾਰ ਕਰ ਦਿਆਂ। ਸਵੇਰੇ ਉੱਠ ਕੇ ਬੱਚਿਆਂ ਨੂੰ ਸਕੂਲ ਦਾ ਨਾਸ਼ਤਾ ਬਣਾ ਕੇ ਦਿੰਦੀ ਹੈ। ਸਾਨੂੰ ਦੋਹਾਂ ਨੂੰ ਤਾਂ ਡਿਯੂਟੀ ਤੇ ਜਾਣ ਦੀ ਹਫੜਾ-ਦਫੜੀ ਪਈ ਹੁੰਦੀ ਹੈ। ਦੁਪਹਿਰੇ ਆਇਆਂ ਨੂੰ ਰੋਟੀ ਬਣੀ ਮਿਲਦੀ ਹੈ। ਮੈਂ ਤਾਂ ਸਗੋਂ ਕਈ ਵਾਰ ਕਿਹਾ, ‘ਬੇਬੇ, ਬਰਤਨ ਮਾਂਜਣ ਨੂੰ ਕੋਈ ਮਾਈ ਰੱਖ ਲੈਂਦੇ ਹਾਂ,’ ਪਰ ਉਸਨੇ ਨਹੀਂ ਰੱਖਣ ਦਿੱਤੀ। ਕਹਿੰਦੀ, ‘ਮੈਂ ਸਾਰਾ ਦਿਨ ਵਿਹਲੀ ਕੀ ਕਰਦੀ ਆਂ? ਚਾਰ ਕੁ ਭਾਂਡੇ ਈ ਹੁੰਦੇ ਨੇ।’ ਕਹਿੰਦਾ, ਲਿਖਵਾ ਲੈ, ਪੁੱਤ ਦਾ ਘਰ ਵਿਚ ਰਹਿਣਾ ਜ਼ਰੂਰੀ ਹੈ। ਮੇਰੀ ਬੀਮਾਰੀ ਕਰਕੇ, ਮੈਨੂੰ ਇਸ ਦੀ ਲੋੜ ਹੈ। ਦੱਸ ਮਾਂ ਦੀ ਤਾਂ ਸਾਨੂੰ ਲੋੜ ਹੈ।…ਨਾ-ਨਾ, ਮਾਂ ਵੱਲੋ ਨਹੀਂ ਲਖਵਾ ਹੋਣੀ ਅਰਜ਼ੀ…।
-0-
2.ਸਬੰਧ
ਕਿਸ਼ੋਰ ਦੇ ਘਰੋਂ ਮੁੜਦਿਆਂ ਹਨੇਰਾ ਹੋ ਗਿਆ। ਕਦੇ ਕਦੇ ਮਿਲਣ ਹੁੰਦਾ ਹੈ ਤੇ ਫਿਰ ਅਜੋਕੇ ਮਾਹੌਲ ਤੇ ਗੱਲ ਚੱਲ ਪਈ ਤਾਂ ਟਾਈਮ ਟੱਪਦੇ ਪਤਾ ਹੀ ਨਾ ਚੱਲਿਆ।
ਸੀ. ਆਰ. ਪੀ. ਦੇ ਜੁਆਨਾਂ ਦੀ ਚੌਕੀ ਕੋਲ ਪਹੁੰਚਦਿਆਂ ਹੀ ਵਿਸਲਾਂ ਸੁਣਾਈ ਦਿੱਤੀਆਂ। ਸਕੂਟਰਾਂ, ਕਾਰਾਂ ਨੂੰ ਰੋਕ ਕੇ ਤਲਾਸ਼ੀ ਹੋ ਰਹੀ ਸੀ। ਮੈਂ ਵੀ ਰੁਕ ਗਿਆ।
“ਪਾਪਾ, ਰੁਕ ਕਿਉਂ ਗਏ?” ਬੇਟੀ ਨੇ ਪੁੱਛਿਆ।
ਮੈਂ ਕੋਈ ਜਵਾਬ ਦਿੱਤੇ ਬਿਨਾਂ ਹੀ ਸਕੂਟਰ ਦੇ ਕਾਗਜ਼ ਵਗੈਰਾ ਕੱਢਣ ਲੱਗ ਪਿਆ ਤੇ ਸਿਪਾਹੀ ਮੇਰੇ ਵੱਲ ਆ ਗਿਆ।
“ਪਾਪਾ, ਇਹ ਅੰਕਲ ਆਪਾਂ ਨੂੰ ਜਾਣਦੇ ਨੇ?” ਮੈਂ ਬੇਟੀ ਦੇ ਸਵਾਲ ਤੇ ਮੁਸਕਰਾਇਆ। “ਆਪਾਂ ਇਨ੍ਹਾਂ ਦੇ ਘਰ ਤਾਂ ਕਦੇ ਗਏ ਈ ਨਹੀਂ।” ਫਿਰ ਉਸ ਨੇ ਸਿਪਾਹੀ ਵੱਲ ਮੂੰਹ ਕਰਕੇ ਪੁੱਛਿਆ, “ਅੰਕਲ! ਤੁਹਾਡਾ ਘਰ ਕਿੱਥੇ ਹੈ?”
ਮੈਨੂੰ ਡਿੱਕੀ ਵਿਚੋਂ ਕਾਗਜ਼-ਪੱਤਰ ਨਾ ਲੱਭੇ। ਮੈਂ ਸੋਚਣ ਲੱਗਾ, ਕਿੱਥੇ ਗਏ? ਫਿਰ ਖਿਆਲ ਆਇਆ ਕਿ ਸਕੂਟਰ ਧੋਤਾ ਸੀ ਤਾਂ ਬਾਹਰ ਕੱਢੇ ਸੀ, ਫਿਰ ਸਕੂਟਰ ਵਿਚ ਰੱਖਣਾ ਭੁੱਲ ਗਿਆ। ਪਰ ਹੁਣ ਇਸ ਨੂੰ ਕੀ ਦੱਸਿਆ ਜਾਵੇ। ਇਸ ਨੇ ਥੋੜਾ ਮੰਨਣਾ। ਕੋਈ ਪਰੇਸ਼ਾਨੀ ਹੀ ਨਾ ਖੜੀ ਕਰ ਦੇਵੇ। ਪੁਲਿਸ ਵਾਲਿਆਂ ਦਾ ਕੀ ਭਰੋਸਾ।
“ਪਾਪਾ, ਚਲੋ ਵੀ ਹੁਣ। ਦੇਖੋ ਤਾਂ ਕਿੰਨਾ ਹਨੇਰਾ ਹੋ ਗਿਆ, ਮੰਮੀ ਨੂੰ ਡਰ ਵੀ ਲਗਦਾ ਹੋਣੈ।”
ਮੈਂ ਬੇਟੀ ਵੱਲ ਦੇਖਿਆ ਤਾਂ ਸਿਪਾਹੀ ਨੇ ਕਿਹਾ, “ਜਾਓ ਸਾਬ੍ਹ!”
ਫਿਰ ਬੇਟੀ ਨੇ ਕਿਹਾ, “ਪਾਪਾ, ਮੈਨੂੰ ਅੰਕਲ ਦੇ ਘਰ ਲੈ ਕੇ ਚਲੋਗੇ ਨਾ। ਅੰਕਲ ਕਹਿੰਦੇ ਨੇ ਉਹਨਾਂ ਦੇ ਘਰ ਵੀ ਇਕ ਗੁੜੀਆ ਹੈ, ਮੇਰੇ ਵਰਗੀ।”
“ਜ਼ਰੂਰ ਚੱਲਾਂਗੇ ਬੇਟੇ,” ਕਹਿ ਕੇ ਮੈਂ ਸਿਪਾਹੀ ਨਾਲ ਹੱਥ ਮਿਲਾਇਆ, ਬੇਟੀ ਨੇ “ਬਾਏ-ਬਾਏ’ ਕੀਤੀ ਤੇ ਅਸੀਂ ਸਕੂਟਰ ਸਟਾਰਟ ਕਰ ਕੇ ਅੱਗੇ ਵਧ ਗਏ।
-0-
3.ਅੰਨ੍ਹੀ-ਬੋਲੀ ਵੋਟ
ਵੋਟਾਂ ਦਾ ਦਿਨ ਸੀ। ਹਰ ਇਕ ਪਾਰਟੀ ਦੇ ਕਾਰਜਕਰਤਾ ਵੱਧ ਤੋਂ ਵੱਧ ਵੋਟਾਂ ਲੈ ਆਉਣ ਦੀ ਕੋਸ਼ਿਸ਼ ਵਿਚ ਸਨ।
“ਅੰਮਾਂ! ਤਿਆਰ ਹੋ ਜਾ, ਕਾਰ ਆਈ ਖੜੀ ਐ।” ਇਕ ਕਾਰਜਕਰਤਾ ਵੋਟਾਂ ਨੂੰ ਇਕੱਠਾ ਕਰਦਾ ਇਕ ਬੁੱਢੀ ਮਾਈ ਨੂੰ ਆਖਦਾ ਹੈ।
“ਕਾਰ ’ਤੇ ਲਿਜਾਏਂਗਾ!” ਅੰਮਾਂ ਦੇ ਚਿਹਰੇ ਉੱਤੇ ਹੈਰਾਨੀ ਤੇ ਅੱਖਾਂ ਵਿਚ ਖੁਸ਼ੀ ਸੀ।
“ਚੱਲ, ਚੱਲ. ਬੈਠ ਜਾ ਅੰਮਾਂ, ਦੇਰ ਨਾ ਲਾ।”
“ਸ਼ਾਬਾਸ਼ ਵੇ ਪੁੱਤਰਾ! ਜੀਂਦੇ ਜੀ ਸੁਰਗ ਦਾ ਝੂਟਾ ਦਿਵਾ ਤਾ।”
“ਅੰਮਾਂ! ਯਾਦ ਹੈ ਨਾ। ਮੋਹਰ ਘੋੜਸਵਾਰ ’ਤੇ ਲਾਈਂ।”
“ਕਾਰ ’ਤੇ ਈ ਲਾਉਂ ਪੁੱਤ! ਆਪਣੇ ਪੁੱਤ ਦੀ ਕਾਰ ’ਤੇ, ਜੀਂਦਾ ਰਹੇਂ।”
“ਕਾਰ ’ਤੇ ਨਹੀਂ ਅੰਮਾਂ, ਘੋੜਸਵਾਰ ’ਤੇ।”
“ਆਹੋ, ਆਹੋ! ਮੈਨੂੰ ਪਤਾ ਐ।” ਅੰਮਾਂ ਆਪਣੀ ਹੀ ਧੁੰਨ ਵਿਚ ਸੀ।
ਅੰਮਾਂ ਵੋਟ ਪਾ ਕੇ ਬਾਹਰ ਆਈ ਤੇ ਇੱਧਰ-ਉੱਧਰ ਦੇਖਣ ਲੱਗੀ।
“ਓਏ ਛੱਡ ਵੀ ਆਉਗੇ ਕਿ ਨ੍ਹੀਂ,” ਬੁੱਢੀ ਦੀ ਆਵਾਜ਼ ਨਗਾਰੇ ਵਿਚ ਤੂਤੀ ਵਾਂਗ ਸੀ, “ਕਾਰ ’ਤੇ ਬਿਠਾ ਤਾਂ ਲਿਆਏ, ਹੁਣ ਧੱਕਾ ਦੇ ਕੇ ਭੱਜਗੇ।” ਉਸ ਦੀ ਆਵਾਜ਼ ਵਿਚ ਪਛਤਾਵਾ ਸੀ। ਅੰਮਾਂ ਮੋਟੇ-ਮੋਟੇ ਸ਼ੀਸ਼ਿਆਂ ਵਿੱਚੋਂ ਕੁਝ ਲੱਭ ਰਹੀ ਹੋਵੇ ਜਿਵੇਂ।
“ਅੰਮਾਂ, ਕਿਸ ਨੂੰ ਲੱਭਦੀ ਐਂ?”
“ਉਹ ਲੈ ਕੇ ਆਇਆ ਸੀ, ਛੱਡ ਕੇ ਨ੍ਹੀਂ ਆਊਗਾ?”
“ਕੌਣ ਲਿਆਇਆ ਸੀ? ਹੱਥ ਵਾਲਾ, ਤਕੜੀ ਵਾਲਾ, ਘੋੜੇ ਵਾਲਾ, ਹਾਥੀ ਵਾਲਾ?”
“ਕਾਰ ਵਾਲਾ ਸੀ, ਪੁੱਤਰਾ।”
“ਬੇਬੇ! ਇਹ ਪੁੱਛਦਾ ਐ ਕਿ ਕਾਰ ਕਿਸਦੀ ਸੀ? ਕਾਰ ’ਤੇ ਝੰਡਾ ਕਿਹੜਾ ਲੱਗਾ ਹੋਇਆ ਸੀ?” ਨਾਲ ਖੜੇ ਨੇ ਗੱਲ ਨੂੰ ਦੂਜੇ ਢੰਗ ਨਾਲ ਪੁੱਛਿਆ।
“ਮੈਨੂੰ ਅਨ੍ਹੀ ਨੂੰ ਕੀ ਪਤਾ।” ਬੇਬੇ ਬੋਲੀ।
-0-
4. ਹੱਦ
ਇਕ ਅਦਾਲਤ ਵਿਚ ਮੁਕੱਦਮਾ ਪੇਸ਼ ਹੋਇਆ, “ ਸਾਹਿਬ ! ਇਹ ਪਾਕਿਸਤਾਨੀ ਹੈ, ਸਾਡੇ ਦੇਸ਼ ਦੀ ਹੱਦ ਪਾਰ ਕਰਦਾ ਫੜਿਆ ਗਿਆ ਹੈ ।”
“ ਤੂੰ ਇਸ ਬਾਰੇ ਕੁਝ ਕਹਿਣਾ ਚਾਹੁੰਦਾ ਹੈਂ ?” ਮਜਿਸਟਰੇਟ ਨੇ ਪੁੱਛਿਆ ।
“ ਮੈਂ ਕੀ ਕਹਿਣਾ ਹੈ ਸਰਕਾਰ ! ਮੈਂ ਖੇਤਾਂ ਨੂੰ ਪਾਣੀ ਲਾ ਕੇ ਬੈਠਾ ਸੀ । ‘ਹੀਰ’ ਦੇ ਸੁਰੀਲੇ ਬੋਲ ਮੇਰੇ ਕੰਨਾਂ ’ਚ ਪਏ । ਮੈਂ ਉਨ੍ਹਾਂ ਬੋਲਾਂ ਨੂੰ ਸੁਣਦਾ ਤੁਰਿਆ ਆਇਆ, ਮੈਨੂੰ ਤਾਂ ਕਿਤੇ ਕੋਈ ਹੱਦ ਨਜ਼ਰ ਨਹੀਂ ਆਈ ।”
-0-
5. ਵੱਡਾ ਦਿਨ
“ਹੈਲੋ! ਹੈਲੋ !…ਕੌਣ ? ਕਮਾਲ ਹੀ ਹੋਗੀ ਅੱਜ ਤਾਂ। ਅੱਜ ਤਾਂ ਬਈ ਵੱਡਾ ਦਿਨ ਚੜਿਐ !…ਤੈਨੂੰ ਕਿਵੇਂ ਯਾਦ ਆਗੀ…ਨਾਲੇ ਇੱਕੋ ਸ਼ਹਿਰ ਵਿਚ ਰਹਿਨੇ ਆਂ…ਹਾਂ, ਹਾਂ ਇਸ ਤਰ੍ਹਾਂ ਹੀ ਹੁੰਦਾ ਹੈ… ਬੱਚਿਆਂ ਨੂੰ ਸੈੱਟ ਕਰਨਾ ਕਿਹੜਾ ਸੌਖਾ ਹੈ ਅੱਜਕਲ… ਰਾਜੀਵ ਠੀਕ ਹੈ…ਅੱਛਾ, ਉਹ ਵੀ ਅਮਰੀਕਾ ਚਲਾ ਗਿਐ…ਆਹੋ, ਆਹੋ ! ਦੇਵ ਦਾ ਫੋਨ ਆਉਂਦਾ ਰਹਿੰਦੈ, ਕੱਲ ਹੀ ਗੱਲ ਕੀਤੀ ਹੈ ।…ਸੋਨਾ, ਡਿੱਗ ਪਈ ਹੈ, ਕਿਚਨ ’ਚ ਗਈ ਸੀ…ਨੌਕਰ ਹੈਗਾ ਭਾਵੇਂ, ਪਰ ਕਿੱਥੇ ਰਹਿ ਹੁੰਦਾ ਹੈ…ਅੱਛਾ, ਤੂੰ ਤਾਂ ਦੱਸਿਆ ਵੀ ਨਹੀਂ…ਤੇਰੀ ਤਾਂ ਆਵਾਜ ਹੀ ਮੁੱਦਤ ਬਾਅਦ ਮਿਲੀ ਹੈ ਸੁਨਣ ਨੂੰ…ਆਹੋ, ਇੱਥੇ ਵੀ ਐਵੇਂ ਹੀ ਚੱਲ ਰਿਹੈ, ਕਦੇ ਇਹ ਉੱਥੇ ਤੇ ਕਦੇ ਮੈਂ ਉੱਥੇ ।…ਹਾਂ, ਹਾਂ, ਬੱਚੇ ਤਾਂ ਗਏ ਹੀ, ਅਸੀਂ ਕਹਿੰਦੇ ਸੀ ਬੱਚਿਆਂ ਬਗੈਰ ਬੁੱਢੇ ਇਕੱਲੇ ਰਹਿ ਗਏ ਹੁਣ, ਪਰ ਹਾਲਾਤ ਅਜਿਹੇ ਬਣੇ ਨੇ ਕਿ ਦੋਵਾਂ ਨੂੰ ਵੀ ਇਕੱਠਾ ਰਹਿਣਾ ਨਸੀਬ ਨਹੀਂ ਹੁੰਦਾ, ਇਸ ਦੇ ਪੈਰ ਵਿਚ ਮੋਚ ਨਾ ਆਉਂਦੀ ਤਾਂ ਇਹ ਉੱਥੇ ਹੁੰਦੀ…ਆਹੋ। ਠੀਕ ਕਹਿਨੀ ਐਂ, ਮੋਚ ਆਉਣਾ ਹੀ ਹੁਣ ਲੱਕਖ ਹੋਣ ਦੀ ਨਿਸ਼ਾਨੀ ਹੈ।…ਨਹੀਂ, ਇਹ ਤਾਂ ਮੈਂ ਭੁੱਲ ਹੀ ਗਿਆ, ਤੂੰ ਯਾਦ ਕਿਵੇਂ ਕੀਤਾ ?… ਚੱਲ ਇਸ ਪੱਖੋਂ ਲੱਕੀ ਜਰੂਰ ਹਾਂ ਕਿ ਹੈ ਕੋਈ ਯਾਦ ਕਰਨ ਵਾਲਾ ।…ਹਾਂ-ਹਾਂ, ਤੇਰੀ ਗੱਲ ਸਹੀ ਹੈ…ਠੀਕ ਹੈ, ਬਿਲਕੁਲ ਸੱਚ ਹੈ…ਕਿਸੇ ਨੂੰ ਸਹਾਰਾ ਦੇਣ ਬਾਰੇ ਅੱਜਕਲ ਕੋਈ ਨਹੀਂ ਸੋਚਦਾ…ਉਹ ਤਾਂ ਆਪਣਾ ਹੀ ਸਹਾਰਾ ਲੱਭ ਰਿਹਾ ਹੁੰਦਾ ਹੈ ।…ਬਿਲਕੁਲ ਠੀਕ ਸੋਚਿਆ…ਆਹੋ ! ਹੁਣ ਸ਼ਹਿਰ ਵਿਚ ਰਹਿ ਵੀ ਕਿੰਨੇ ਕੁ ਗਏ ਹਨ ਆਪਣੇ ਜਮਾਤੀ…। ਲੈ ਇਹ ਤੂੰ ਕੀ ਕਹਿ ’ਤਾ, ਖਾਣਾ ਖਾਣ ਆਉਣ ਲਈ ਪੁੱਛਣ ਦੀ ਲੋੜ ਹੁੰਦੀ ਹੈ ।…ਦੇਖ ! ਮੈਂ ਤਾਂ ਖੁਸ਼ ਹੋਵਾਂਗਾ ਹੀ, ਸੋਨਾ ਨੂੰ ਵੀ ਚੰਗਾ-ਚੰਗਾ ਲੱਗੇਗਾ।…ਖੇਚਲ ! ਲੈ ਦੇਖ !…ਅੱਛਾ ! ਅੱਛਾ ! ਵੱਡੇ ਖਾਣੇ ਦੀ ਖੇਚਲ ।…ਉਹ ਤਾਂ ਤੇਰੇ ਨਾਲ ਬੈਠ ਕੇ ਖਾਣ ਨਾਲ ਹੀ ਹੋ ਜਾਵੇਗਾ ।…ਬਿਲਕੁਲ ! ਕਈ ਕਈ ਦਿਨ ਬਸ ਇਕ ਦੂਸਰੇ ਦਾ ਮੂੰਹ ਦੇਖ ਕੇ ਹੀ ਲੰਘ ਜਾਂਦੇ ਨੇ ।…ਲੈ ! ਇਹ ਤਾਂ ਹੋਰ ਖੁਸ਼ਖਬਰੀ ਵਾਲੀ ਗੱਲ ਹੈ । ਤੂੰ ਅਗਲੇ ਸਾਲ ਪਚੱਤਰ ਸਾਲਾਂ ਦਾ ਵੀ ਹੋ ਜਾਣੈ । ਠੀਕ ਹੀ ਹੈ, ਮੈਂ ਵੀ ਤਾਂ ਪਿਛਲੇ ਸਾਲ ਪਚੱਤਰ ਦਾ ਹੋਇਆ ਹਾਂ । ਇਕੱਲਾ ਸੀ ਇੱਥੇ । ਸੋਨਾ ਵੀ ਦੇਵ ਕੋਲ ਸੀ। ਫੋਨ ਆ ਗਿਆ ਸੀ ਮਾਂ-ਪੁੱਤ ਦਾ, ਚੱਲ ਤੇਰਾ ਜਨਮ ਦਿਨ ਮਿਲਕੇ ਮਨਾਵਾਂਗੇ…ਤੂੰ ਹਿੰਮਤ ਦਿਖਾਈ ਹੈ, ਸਭ ਕੁਝ ਹੋ ਜਾਣਾ ਹੈ ।…ਲੈ ਫਿਰ ਉਹੀ ਗੱਲ ! ਉਨ੍ਹੇ ਕਿਹੜਾ ਆਪ ਰੋਟੀ ਬਨਾਉਣੀ ਹੈ, ਉਹ ਤਾਂ ਖੁਦ ਗਰਮ ਪੱਟੀ ਬੰਨ੍ਹ ਕੇ ਪਈ ਹੈ…ਹੁਣ ਐਵੇਂ ਹੀ ਜੀਉਣਾ ਪੈਣਾ ਹੈ…ਠੀਕ ਹੈ, ਫਿਰ ਆ ਜਾ । ਤੇਰੇ ਨਾਲ ਘੰਟਾ ਦੋ ਘੰਟੇ ਬੈਠ ਕੇ , ਦੋ-ਚਾਰ ਗੱਲਾਂ ਕਰਾਂਗੇ ਨਾ, ਉਨ੍ਹਾਂ ਪਲਾਂ ਨੂੰ ਹੀ ਯਾਦ ਕਰਕੇ ਅਗਲੇ ਕਈ ਦਿਨ ਲੰਘ ਜਾਣਗੇ ।…”
-0-